Political Special-ਸਿਆਸੀ ਵਫਾਦਾਰੀਆਂ : ਨਿੱਤ ਰੰਗ ਬਦਲਦੇ ਮੇਰੇ ਜੇਠ ਦੀਆਂ ਦਸਤਾਰਾਂ ਦੇ
ਅਸ਼ੋਕ ਵਰਮਾ
ਬਠਿੰਡਾ , 02 ਨਵੰਬਰ 2026 : ਆਮ ਆਦਮੀ ਪਾਰਟੀ ਦੇ ਦੋ ਵਿਧਾਇਕਾਂ ਚੇਤਨ ਸਿੰਘ ਜੌੜਾ ਮਾਜਰਾ ਅਤੇ ਹਰਮੀਤ ਸਿੰਘ ਪਠਾਨ ਮਾਜਰਾ ਵੱਲੋਂ ਭਾਜਪਾ ’ਚ ਸ਼ਮੂਲੀਅਤ ਕਰਨ ਕਾਰਨ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦਲਬਦਲੀਆਂ ਦਾ ਰੁਝਾਨ ਸ਼ੁਰੂ ਹੋ ਗਿਆ ਹੈ ਜਿਸ ਦੇ ਆਉਂਦੇ ਦਿਨੀ ਹੋਰ ਜੋਰ ਫੜਨ ਦੀ ਸੰਭਾਵਨਾ ਹੈ। ਰੌਚਕ ਤੱਥ ਹੈ ਕਿ ਦੋਵਾਂ ਵਿਧਾਇਕਾਂ ਨੇ ਇਕੱਲੀ ਪਾਰਟੀ ਹੀ ਨਹੀਂ ਬਦਲੀ ਬਲਕਿ ਖੁਦ ਨੂੰ ਭਾਜਪਾ ਦੇ ਆਈਕਾਨ ਭਗਵੇ ਰੰਗ ’ਚ ਰੰਗ ਲਿਆ ਹੈ। ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਅਤੇ ਵਿਧਾਇਕ ਹਰਮੀਤ ਸਿੰਘ ਪਠਾਣ ਮਾਜਰਾ ਨੇ ਅੱਜ ਭਾਜਪਾ ’ਚ ਸ਼ਾਮਲ ਹੋਣ ਮੌਕੇ ਭਗਵੇਂ ਰੰਗ ਦੀਆਂ ਪੱਗਾਂ ਬੰਨੀਆਂ ਹੋਈਆਂ ਸਨ। ਹਾਲਾਂਕਿ ਪਠਾਣ ਮਾਜਰਾ ਦੀ ਪੱਗ ਦਾ ਰੰਗ ਗੂੜਾ ਭਗਵਾ ਸੀ ਅਤੇ ਜੌੜਾ ਮਾਜਰਾ ਦੇ ਹਲਕੇ ਭਗਵੇ ਰੰਗ ਦੀ ਪੱਗ ਬੰਨ੍ਹੀ ਹੋਈ ਸੀ ਜਦੋਂਕਿ ਇਸ ਤੋਂ ਪਹਿਲਾਂ ਉਨ੍ਹਾਂ ਦੀਆਂ ਪੱਗਾਂ ਦਾ ਰੰਗ ਬਸੰਤੀ ਜਾਂ ਕੋਈ ਦੂਸਰਾ ਹੁੰਦਾ ਸੀ।
ਐਤਵਾਰ ਨੂੰ ਜਦੋਂ ਦੋਵਾਂ ਵਿਧਾਇਕਾਂ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਤਾਂ ਜੌੜਾ ਮਾਜਰਾ ਨੇ ਸਫੈਦ ਅਤੇ ਪਠਾਣ ਮਾਜਰਾ ਨੇ ਗੂੜ੍ਹੇ ਹਰੇ ਰੰਗ ਦੀ ਪੱਗ ਬੰਨ੍ਹੀ ਹੋਈ ਸੀ। ਇਹ ਤਬਦੀਲੀ ਪੰਜਾਬ ਦੀ ਨਾਮਵਰ ਗਾਇਕ ਜੋੜੀ ‘ਰਾਜ ਬਰਾੜ ਅਤੇ ਅਨੀਤਾ ਸਮਾਣਾ ’ਦੇ ਚਰਚਿਤ ਗੀਤ ‘ਨਿੱਤ ਰੰਗ ਬਦਲਦੇ ਮੇਰੇ ਜੇਠ ਦੀਆਂ ਦਸਤਾਰਾਂ ਦੇ’ ਨੂੰ ਰੂਪਮਾਨ ਕਰਦੀ ਨਜ਼ਰ ਆਉਂਦੀ ਹੈ। ਦੇਖਿਆ ਜਾਏ ਤਾਂ ਪੰਜਾਬ ਦੀ ਸਿਆਸਤ ’ਚ ਪਗੜੀ ਸਿਰ ਢਕਣ ਜਾਂ ਪਹਿਰਾਵੇ ਦਾ ਹਿੱਸਾ ਨਹੀਂ ਸਗੋਂ ਇਹ ਪਾਰਟੀ ਦੀ ਵਿਚਾਰਧਾਰਾ ,ਪਛਾਣ , ਜੱਥੇਬੰਦਕ ਧੜੇ ਅਤੇ ਆਗੂਆਂ ਦੇ ਸਿਆਸੀ ਪ੍ਰਭਾਵ ਦਾ ਪ੍ਰਤੀਕ ਵੀ ਰਹੀ ਹੈ। ਇੱਥੇ ਇਹ ਧਿਆਨਯੋਗ ਹੈ ਕਿ ਰੰਗਾਂ ਦੀ ਇਹ ਸਿਆਸੀ ਪਛਾਣ ਕੋਈ ਲਾਜਮੀ ਪਾਰਟੀ ਨਿਯਮ ਨਹੀਂ ਸਗੋਂ ਰਿਵਾਇਤ ਜਿਹੀ ਬਣ ਗਈ ਸੀ। ਅਜਾਦੀ ਉਪਰੰਤ 1950 ਤੋਂ 1990 ਦੇ ਦਹਾਕੇ ਤੱਕ ਸਿਆਸੀ ਪਾਰਟੀਆਂ ਦੇ ਆਗੂਆਂ ਵਿੱਚ ਪੱਗਾਂ ਦੇ ਰੰਗ ਦੀ ਆਪਣੀ ਪਛਾਣ ਦੇਖਣ ਨੂੰ ਮਿਲਦੀ ਸੀ।
ਇਸੇ ਲੜੀ ਮੁਤਾਬਕ ਕਾਂਗਰਸ ਦੇ ਆਗੂਆਂ ਦੀ ਪੱਗ ਦਾ ਰੰਗ ਚਿੱਟਾ ਹੁੰਦਾ ਸੀ ਜੋ ਕਾਂਗਰਸੀਆਂ ਦੀ ਪਛਾਣ ਆਈਕਾਨ ਮੰਨਿਆ ਜਾਂਦਾ ਸੀ। ਇਹ ਅਲਹਿਦਾ ਹੈ ਕਿ ਇਹ ਵੇਲ ਹੁਣ ਮੁਰਝਾ ਗਈ ਹੈ। ਮਰਹੂਮ ਪ੍ਰਤਾਪ ਸਿੰਘ ਕੈਰੋਂ ਆਪਣੇ ਜੀਵਨ ਦੇ ਅੰਤ ਤੱਕ ਚਿੱਟੇ ਰੰਗ ਦੀ ਪੱਗ ਬੰਨ੍ਹਦੇ ਰਹੇ ਹਨ ਜਦੋਂਕਿ ਗਿਆਨੀ ਜੈਲ ਸਿੰਘ ਵੱਲੋਂ ਰਾਸ਼ਟਰਪਤੀ ਬਣਨ ਤੋਂ ਬਾਅਦ ਵੀ ਹਮੇਸ਼ਾ ਚਿੱਟੀ ਪੱਗ ਬੰਨ੍ਹੀ ਜਾਂਦੀ ਰਹੀ ਹੈ। ਮਰਹੂਮ ਮੁੱਖ ਮੰਤਰੀ ਦਰਬਾਰਾ ਸਿੰਘ ਨੂੰ ਵੀ ਅਕਸਰ ਚਿੱਟੀ ਪਗੜੀ ਪਹਿਨੇ ਹੀ ਦੇਖਿਆ ਜਾਂਦਾ ਰਿਹਾ ਹੈ। ਬਠਿੰਡਾ ਦੇ ਇੱਕ ਸਾਬਕਾ ਕੱਟੜ ਕਾਂਗਰਸੀ ਕੌਂਸਲਰ ਨੂੰ ਹੁਣ ਵੀ ਸਫੇਦ ਰੰਗ ਦੀ ਪਗੜੀ ਪਹਿਨੇ ਹੋਏ ਦੇਖਿਆ ਜਾ ਸਕਦਾ ਹੈ । ਦਿਲਚਸਪ ਗੱਲ ਇਹ ਵੀ ਹੈ ਕਿ 1990 ਵਿਆਂ ਮਗਰੋਂ ਕੈਪਟਨ ਅਮਰਿੰਦਰ ਸਿੰਘ ਸਮੇਤ ਕਈ ਕਾਂਗਰਸੀ ਆਗੂਆਂ ਨੇ ਚਿੱਟੀ ਦੀ ਥਾਂ ਗੁਲਾਬੀ , ਹਲਕੀ ਨੀਲੀ ਅਤੇ ਹੋਰ ਰੰਗਾਂ ਦੀਆਂ ਪੱਗਾਂ ਬੰਨ੍ਹਣੀਆਂ ਸ਼ੁਰੂ ਕਰ ਦਿੱਤੀਆਂ ਸਨ।
ਪਰਾਣੀ ਸਿਆਸੀ ਪਛਾਣ ਦੇ ਹਿਸਾਬ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦੀ ਪੱਗ ਦਾ ਰੰਗ ਗੂੜ੍ਹਾ ਨੀਲਾ ਅਤੇ ਕੁੜਤਾ ਪਜਾਮਾ ਚਿੱਟਾ ਹੋਇਆ ਕਰਦਾ ਸੀ। ਅਕਾਲੀ ਦਲ ਦੇ ਜਿਆਦਾਤਰ ਆਗੂ ਅੱਜ ਵੀ ਇਹ ਪਹਿਰਾਵਾ ਪਹਿਨਦੇ ਹਨ। ਮਰਹੂਮ ਪ੍ਰਕਾਸ਼ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦਾ ਮੰਨੇ ਜਾਂਦੇ ਇਸ ਪਹਿਰਾਵੇ ਦੀ ਪ੍ਰਮੁੱਖ ਉਦਾਹਰਨ ਹਨ ਅਤੇ ਉਨ੍ਹਾਂ ਦੇ ਲੜਕੇ ਸੁਖਬੀਰ ਸਿੰਘ ਬਾਦਲ ਦਾ ਵੀ ਇਹੋ ਪਹਿਰਾਵਾ ਹੈ। ਭਾਜਪਾ ਆਗੂ ਅਤੇ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਭਤੀਜੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਜਦੋਂ ਸ਼੍ਰੋਮਣੀ ਅਕਾਲੀ ਦਲ ’ਚ ਸਨ ਤਾਂ ਉਦੋਂ ਪਾਰਟੀ ਵਾਲੇ ਨੀਲੇ ਰੰਗ ਦੀ ਪੱਗ ਬੰਨਿ੍ਹਆ ਕਰਦੇ ਸਨ। ਪੀਪਲਜ਼ ਪਾਰਟੀ ਆਫ ਪੰਜਾਬ ਬਨਾਉਣ ਤੋਂ ਬਾਅਦ ਮਨਪ੍ਰੀਤ ਬਾਦਲ ਦੀ ਪੱਗ ਦਾ ਰੰਗ ਬਦਲ ਗਿਆ ਸੀ। ਕਾਂਗਰਸ ’ਚ ਸ਼ਾਮਲ ਹੋਣ ਉਪਰੰਤ ਮਨਪ੍ਰੀਤ ਨੇ ਚਿੱਟੇ ਰੰਗ ਤੋਂ ਇਲਾਵਾ ਹਲਕੇ ਗੁਲਾਬੀ ਆਦਿ ਰੰਗਾਂ ਦੀ ਪੱਗ ਬੰਨਣੀ ਸ਼ੁਰੂ ਕਰ ਦਿੱਤੀ ਸੀ।
ਭਾਜਪਾ ’ਚ ਸ਼ਮੂਲੀਅਤ ਮਗਰੋਂ ਮਨਪ੍ਰੀਤ ਬਾਦਲ ਦੇ ਕਦੇ ਵੀ ਭਗਵੇ ਰੰਗ ਦੀ ਪੱਗ ਬੰਨ੍ਹੀ ਨਹੀਂ ਦੇਖੀ ਗਈ ਹੈ। ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ ਸਾਥੀ ਸਵਰਗਵਾਸੀ ਗੁਰਚਰਨ ਸਿੰਘ ਟੌਹੜਾ ਵੱਲੋਂ ਹਮੇਸ਼ਾ ਕਾਲੀ ਜਿਹੀ ਭਾਅ ਮਾਰਨ ਵਾਲੇ ਨੀਲੇ ਰੰਗ ਦੀ ਪੱਗ ਬੰਨੀ ਜਾਂਦੀ ਸੀ ਜਿਸ ਨੂੰ ‘ਟੌਹੜਾ ਬਲਿਊ ’ ਵੀ ਕਿਹਾ ਜਾਂਦਾ ਸੀ। ਜਦੋਂ ਕੋਈ ਇਸ ਰੰਗ ਦੀ ਪੱਗ ਬੰਨ੍ਹੇ ਹੋਏ ਦਿਖਾਈ ਦਿੰਦਾ ਤਾਂ ਉਸ ਨੂੰ ਇਹ ਦੱਸਣ ਦੀ ਜਰੂਰਤ ਨਹੀਂ ਪੈਂਦੀ ਸੀ ਕਿ ਉਸ ਦਾ ਸਬੰਧ ਟੌਹੜਾ ਧੜੇ ਨਾਲ ਹੈ। ਇੱਕ ਸੇਵਾਮੁਕਤ ਆਈਏਐਸ ਅਧਿਕਾਰੀ ਦਾ ਕਹਿਣਾ ਸੀ ਕਿ ਜਦੋਂ ਕੋਈ ਵਿਅਕਤੀ ਪਟਿਆਲਾ ਦੇ ਕਿਸੇ ਦਫਤਰ ’ਚ ‘ਟੌਹੜਾ ਬਲਿਊ’ ਪੱਗ ਬੰਨ੍ਹਕੇ ਜਾਂਦਾ ਤਾਂ ਉਸ ਨੂੰ ਟੌਹੜਾ ਜਿੰਨਾਂ ਹੀ ਮਾਣ ਸਤਿਕਾਰ ਦਿੱਤਾ ਜਾਂਦਾ ਸੀ। ਉਨ੍ਹਾਂ ਦੱਸਿਆ ਕਿ ਜਦੋਂ ਟੌਹੜਾ ਨੇ ਆਪਣੀ ਵੱਖਰੀ ਪਾਰਟੀ ਬਣਾ ਲਈ ਤਾਂ ਟੌਹੜਾ ਬਲਿਊ ਰੰਗੀ ਪੱਗ ਬੰਨ੍ਹਣ ਵਾਲਿਆਂ ਦੀ ਵੁੱਕਤ ਵੀ ਘਟ ਗਈ ਸੀ।
ਹੋਰ ਸਿਆਸੀ ਰੰਗ ਵੀ ਮੌਜੂਦ
ਬਸੰਤੀ ਰੰਗ 2017 ਅਤੇ 2022 ਦੀਆਂ ਚੋਣਾਂ ’ਚ ਪਛਾਣ ਬਣਿਆ ਸੀ ਜਿਸ ਨੂੰ ਇਨਕਲਾਬ ,ਦੇਸ਼ ਭਗਤੀ ਅਤੇ ਸ਼ਹੀਦ ਭਗਤ ਸਿਘ ਦੀ ਵਿਰਾਸਤ ਨਾਲ ਜੋੜਿਆ ਜਾਂਦਾ ਹੈ। ਜਿੱਤ ਪਿੱਛੋਂ ਜਦੋਂ ਆਮ ਆਦਮੀ ਪਾਰਟੀ ਦੇ ਜਿਆਦਾਤਰ ਆਗੂਆਂ ਨੇ ਬਸੰਤੀ ਪੱਗਾਂ ਬੰਨ੍ਹਣੀਆਂ ਸ਼ੁਰੂ ਕਰ ਦਿੱਤੀਆਂ ਸਨ। ਵਾਰਿਸ ਪੰਜਾਬ ਦੇ ਅਤੇ ਹੋਰ ਅਕਾਲੀ ਦਲਾਂ ਦੇ ਕਾਫੀ ਨੇਤਾ ਕੇਸਰੀ ਰੰਗ ਦੀ ਪੱਗ ਬੰਨ੍ਹਦੇ ਹਨ। ਅਕਾਲੀ ਆਗੂ ਸਿਮਰਨਜੀਤ ਸਿੰਘ ਮਾਨ ਵੱਲੋਂ ਗੂੜ੍ਹੀ ਨੀਲੀ ਪੱਗ ਬੰਨ੍ਹੀ ਜਾਂਦੀ ਹੈ। ਕਮਿਊਨਿਸਟ ਆਗੂ ਗੂੜ੍ਹੇ ਲਾਲ ਰੰਗ ਦੀ ਪੱਗ ਬੰਨ੍ਹਦੇ ਸਨ।
- Download Babushahi App
-
-