Parliament Session 2026: ਸੰਸਦ ਦਾ ਸਪੈਸ਼ਲ ਸੈਸ਼ਨ 30 ਨਵੰਬਰ ਤੋਂ...!
Babushashi Network/ ANI
ਨਵੀਂ ਦਿੱਲੀ, 26 ਨਵੰਬਰ 2026: ਕੇਂਦਰ ਸਰਕਾਰ ਨੇ ਜ਼ਰੂਰੀ ਸਰਕਾਰੀ ਕੰਮਕਾਜ ਨੂੰ ਨੇਪਰੇ ਚਾੜ੍ਹਨ ਲਈ ਸੰਸਦ ਦੇ ਦੋਵਾਂ ਸਦਨਾਂ ਦੀਆਂ ਬੈਠਕਾਂ ਮੁੜ ਸੱਦਣ ਦੀ ਤਿਆਰੀ ਕਰ ਲਈ ਹੈ। ANI ਦੀ ਰਿਪੋਰਟ ਅਨੁਸਾਰ, ਕੇਂਦਰੀ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰੇਨ ਰਿਜਿਜੂ ਨੇ ਵੀਰਵਾਰ ਨੂੰ ਜਾਣਕਾਰੀ ਦਿੱਤੀ ਕਿ ਸਰਕਾਰ ਨੇ ਲੋਕ ਸਭਾ ਦੇ ਸਪੀਕਰ ਅਤੇ ਰਾਜ ਸਭਾ ਦੇ ਚੇਅਰਮੈਨ ਨੂੰ ਬੇਨਤੀ ਕੀਤੀ ਹੈ ਕਿ ਲੋਕ ਸਭਾ ਦੀ ਕਾਰਵਾਈ 30 ਨਵੰਬਰ ਅਤੇ ਰਾਜ ਸਭਾ ਦੀ ਕਾਰਵਾਈ 2 ਦਸੰਬਰ ਨੂੰ ਮੁੜ ਸ਼ੁਰੂ ਕੀਤੀ ਜਾਵੇ।
ਕੇਂਦਰੀ ਮੰਤਰੀ ਕਿਰੇਨ ਰਿਜਿਜੂ ਨੇ ਸੋਸ਼ਲ ਮੀਡੀਆ ਮੰਚ 'ਐਕਸ' (X) 'ਤੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸਰਕਾਰ ਵੱਲੋਂ ਹੇਠਲੇ ਸਦਨ (ਲੋਕ ਸਭਾ) ਨੂੰ ਸੋਮਵਾਰ, 30 ਨਵੰਬਰ 2026 ਨੂੰ ਅਤੇ ਉਪਰਲੇ ਸਦਨ (ਰਾਜ ਸਭਾ) ਨੂੰ ਬੁੱਧਵਾਰ, 2 ਦਸੰਬਰ 2026 ਨੂੰ ਮੁੜ ਬੁਲਾਉਣ ਦੀ ਅਪੀਲ ਕੀਤੀ ਗਈ ਹੈ। ਉਨ੍ਹਾਂ ਅੱਗੇ ਸਪੱਸ਼ਟ ਕੀਤਾ ਕਿ ਸਰਕਾਰੀ ਕੰਮਕਾਜ ਦੀਆਂ ਲੋੜਾਂ ਦੇ ਆਧਾਰ 'ਤੇ ਦੋਵਾਂ ਸਦਨਾਂ ਦੀਆਂ ਇਹ ਬੈਠਕਾਂ ਵੀਰਵਾਰ, 3 ਦਸੰਬਰ 2026 ਨੂੰ ਸਮਾਪਤ ਹੋਣ ਦੀ ਉਮੀਦ ਹੈ।
ਮੰਤਰੀ ਦੇ ਇਸ ਐਲਾਨ ਤੋਂ ਬਾਅਦ ਸਿਆਸੀ ਗਲਿਆਰਿਆਂ ਵਿੱਚ ਹਲਚਲ ਤੇਜ਼ ਹੋ ਗਈ ਹੈ। ਕਿਉਂਕਿ ਸਰਕਾਰ ਵੱਲੋਂ ਅਜੇ ਤੱਕ ਇਹ ਸਪੱਸ਼ਟ ਨਹੀਂ ਕੀਤਾ ਗਿਆ ਕਿ ਇਨ੍ਹਾਂ ਬੈਠਕਾਂ ਦੌਰਾਨ ਕਿਹੜੇ ਬਿੱਲ ਪੇਸ਼ ਕੀਤੇ ਜਾਣਗੇ, ਇਸ ਲਈ ਹੱਦਬੰਦੀ (Delimitation) ਅਤੇ ਮਹਿਲਾ ਰਾਖਵਾਂਕਰਨ ਵਰਗੇ ਅਹਿਮ ਮੁੱਦਿਆਂ 'ਤੇ ਚਰਚਾ ਹੋਣ ਦੀਆਂ ਕਿਆਸਅਰਾਈਆਂ ਤੇਜ਼ ਹੋ ਗਈਆਂ ਹਨ।
ਦੂਜੇ ਪਾਸੇ, ਵਿਰੋਧੀ ਧਿਰ ਨੇ ਵੀ ਆਪਣੀ ਤਿਆਰੀ ਖਿੱਚ ਲਈ ਹੈ। ਕਾਂਗਰਸ ਪਾਰਟੀ ਵੱਲੋਂ 30 ਨਵੰਬਰ ਤੋਂ ਸ਼ੁਰੂ ਹੋਣ ਵਾਲੀਆਂ ਸੰਸਦੀ ਬੈਠਕਾਂ ਲਈ ਆਪਣੀ ਰਣਨੀਤੀ ਤਿਆਰ ਕਰਨ ਵਾਸਤੇ ਭਲਕੇ ਸ਼ਾਮ 4:30 ਵਜੇ ਦਿੱਲੀ ਵਿਖੇ ਕਾਂਗਰਸ ਸੰਸਦੀ ਰਣਨੀਤੀ ਸਮੂਹ ਦੀ ਅਹਿਮ ਬੈਠਕ ਸੱਦੀ ਗਈ ਹੈ।
ਏ.ਐਨ.ਆਈ. ਦੀ ਰਿਪੋਰਟ ਮੁਤਾਬਕ, ਇੰਨੇ ਘੱਟ ਸਮੇਂ ਦੇ ਨੋਟਿਸ 'ਤੇ ਸੰਸਦ ਦੀਆਂ ਬੈਠਕਾਂ ਮੁੜ ਸੱਦਣ ਦਾ ਇਹ ਫ਼ੈਸਲਾ ਭਾਰਤੀ ਸੰਵਿਧਾਨਕ ਇਤਿਹਾਸ ਦੇ ਇੱਕ ਵਿਲੱਖਣ ਘਟਨਾਕ੍ਰਮ ਦੇ ਪਿਛੋਕੜ ਵਿੱਚ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਸੰਸਦ ਦਾ ਪਿਛਲਾ ਮੌਨਸੂਨ ਇਜਲਾਸ 13 ਅਗਸਤ 2026 ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਸੀ। ਪਰ ਇਸ ਤੋਂ ਬਾਅਦ ਰਾਸ਼ਟਰਪਤੀ ਵੱਲੋਂ ਸੰਵਿਧਾਨ ਦੀ ਧਾਰਾ 85(2)(ਏ) ਤਹਿਤ ਸਦਨ ਦੀ ਸਮਾਪਤੀ (Prorogation) ਦਾ ਰਸਮੀ ਐਲਾਨ ਨਹੀਂ ਕੀਤਾ ਗਿਆ ਸੀ।
ਨਵੰਬਰ ਦੇ ਅਖੀਰ ਤੱਕ ਇਹ ਵਕਫ਼ਾ 100 ਦਿਨਾਂ ਤੋਂ ਪਾਰ ਹੋ ਗਿਆ ਸੀ, ਜੋ ਕਿ ਭਾਰਤ ਦੇ ਸੰਵਿਧਾਨਕ ਇਤਿਹਾਸ ਵਿੱਚ ਬਿਨਾਂ ਰਸਮੀ ਸਮਾਪਤੀ ਦੇ ਦੋ ਬੈਠਕਾਂ ਵਿਚਕਾਰ ਸਭ ਤੋਂ ਲੰਬਾ ਪਾੜਾ ਬਣ ਗਿਆ ਹੈ। ਇਸ ਤੋਂ ਪਹਿਲਾਂ ਸਾਲ 2008 ਵਿੱਚ ਅਜਿਹਾ 87 ਦਿਨਾਂ ਦਾ ਰਿਕਾਰਡ ਦਰਜ ਕੀਤਾ ਗਿਆ ਸੀ। ਕਿਉਂਕਿ ਮੌਨਸੂਨ ਇਜਲਾਸ ਦੀ ਰਸਮੀ ਤੌਰ 'ਤੇ ਸਮਾਪਤੀ ਨਹੀਂ ਹੋਈ ਸੀ, ਇਸ ਲਈ ਸਰਕਾਰ ਨੂੰ ਨਵਾਂ ਇਜਲਾਸ ਸੱਦਣ ਵਾਸਤੇ ਰਾਸ਼ਟਰਪਤੀ ਦੀ ਮਨਜ਼ੂਰੀ ਅਤੇ 14 ਦਿਨਾਂ ਦੇ ਅਗਾਊਂ ਨੋਟਿਸ ਦੀ ਲੋੜ ਨਹੀਂ ਪਈ।
ਲੋਕ ਸਭਾ ਦੇ ਨਿਯਮ 15 ਵਰਗੇ ਕਾਰਜ-ਪ੍ਰਣਾਲੀ ਦੇ ਨਿਯਮਾਂ ਤਹਿਤ ਸਪੀਕਰ ਅਤੇ ਚੇਅਰਮੈਨ ਸਿੱਧੇ ਤੌਰ 'ਤੇ ਘੱਟ ਨੋਟਿਸ ਉੱਤੇ ਮੌਜੂਦਾ ਇਜਲਾਸ ਦੀ ਕਾਰਵਾਈ ਮੁੜ ਸ਼ੁਰੂ ਕਰ ਸਕਦੇ ਹਨ। ਇਸੇ ਤਕਨੀਕੀ ਪ੍ਰਕਿਰਿਆ ਸਦਕਾ ਸਰਕਾਰ ਵੱਲੋਂ ਸੰਸਦ ਨੂੰ ਮੁੜ ਸੱਦਿਆ ਜਾ ਰਿਹਾ ਹੈ।
- Download Babushahi App
-
-