PAU ਨੇ ਸਫ਼ਲਤਾ ਦੀ ਇਕ ਹੋਰ ਮੰਜ਼ਿਲ ਸਰ ਕੀਤੀ; ਯੂਨੀਵਰਸਿਟੀ ਨੂੰ ਮਿਲਿਆ 2026 ਦਾ ਅਕਾਦਮਿਕ ਲੀਡਰਸ਼ਿਪ ਪੁਰਸਕਾਰ
ਲੁਧਿਆਣਾ, 13 ਜੁਲਾਈ 2026- ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਨੇ ਇੱਕ ਵਾਰ ਭਾਰਤ ਦੀਆਂ ਪ੍ਰਮੁੱਖ ਖੇਤੀਬਾੜੀ ਸੰਸਥਾਵਾਂ ਵਿੱਚ ਆਪਣੀ ਉੱਚਤਾ ਸਾਬਿਤ ਕਰ ਦਿੱਤੀ ਹੈ। ਯੂਨੀਵਰਸਿਟੀ ਨੂੰ ਨਵੀਂ ਦਿੱਲੀ ਵਿੱਚ ਆਯੋਜਿਤ 17ਵੇਂ ਖੇਤੀਬਾੜੀ ਲੀਡਰਸ਼ਿਪ ਸੰਮੇਲਨ ਵਿੱਚ ਅਕਾਦਮਿਕ ਲੀਡਰਸ਼ਿਪ ਪੁਰਸਕਾਰ 2026 ਨਾਲ ਨਿਵਾਜ਼ਿਆ ਗਿਆ ਹੈ। ਇਹ ਪੁਰਸਕਾਰ ਖੇਤੀ-ਸਿੱਖਿਆ, ਖੋਜ ਅਤੇ ਪਸਾਰ ਦੇ ਖੇਤਰ ਵਿੱਚ ਯੂਨੀਵਰਸਿਟੀ ਨੂੰ ਮਾਨਤਾ ਮਿਲਣ ਵਾਂਗ ਵੇਖਿਆ ਜਾਵੇਗਾ।
ਕੇਂਦਰੀ ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ 8 ਜੁਲਾਈ, 2026 ਨੂੰ ਦੇਸ਼ ਭਰ ਦੇ ਨੀਤੀ ਨਿਰਮਾਤਾਵਾਂ, ਵਿਗਿਆਨੀਆਂ ਅਤੇ ਪ੍ਰਸ਼ਾਸਕਾਂ ਦੇ ਇਕੱਠ ਵਿੱਚ ਪੀ ਏ ਯੂ ਦੇ ਵਾਈਸ-ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੂੰ ਇਹ ਪੁਰਸਕਾਰ ਭੇਟ ਕੀਤਾ। 2008 ਵਿੱਚ ਸਥਾਪਿਤ, ਖੇਤੀਬਾੜੀ ਲੀਡਰਸ਼ਿਪ ਪੁਰਸਕਾਰ ਹਾਲ ਹੀ ਵਿਚ ਭਾਰਤੀ ਖੇਤੀਬਾੜੀ ਨੂੰ ਨਵੀਆਂ ਲੀਹਾਂ ਤੇ ਤੋਰਨ ਅਤੇ ਪੇਂਡੂ ਜੀਵਨ-ਜੀਵਨ ਵਿਚ ਸੁਧਾਰ ਲਿਆਉਣ ਵਾਲੇ ਵਿਅਕਤੀਆਂ ਅਤੇ ਸੰਸਥਾਵਾਂ ਲਈ ਸਭ ਤੋਂ ਸਤਿਕਾਰਤ ਰਾਸ਼ਟਰੀ ਪੁਰਸਕਾਰ ਵਜੋਂ ਸਾਮ੍ਹਣੇ ਆਇਆ ਹੈ।
ਇਸ ਪੁਰਸਕਾਰ ਨੂੰ ਵਿਗਿਆਨ, ਨਵੀਨਤਾ ਅਤੇ ਸਮਾਜਿਕ ਵਿਕਾਸ ਲਈ ਪੀ ਏ ਯੂ ਦਾ ਦ੍ਰਿਸ਼ਟੀਕੋਣ ਦੱਸਦਿਆਂ ਡਾ. ਗੋਸਲ ਨੇ ਕਿਹਾ ਕਿ ਇਹ ਸਨਮਾਨ ਯੂਨੀਵਰਸਿਟੀ ਦੇ ਵਿਕਸਤ ਹੋ ਰਹੇ ਅਕਾਦਮਿਕ ਅਤੇ ਪਸਾਰ ਮਾਡਲ ਨੂੰ ਮਿਲੀ ਮਾਨਤਾ ਹੈ, ਜੋ ਖੇਤੀਬਾੜੀ ਅਤੇ ਸਮਾਜ ਦੀਆਂ ਬਦਲਦੀਆਂ ਜ਼ਰੂਰਤਾਂ ਵਿਚਕਾਰ ਤਾਲਮੇਲ ਬਣਾਉਣ ਲਈ ਯਤਨਸ਼ੀਲ ਹੈ। ਉਨ੍ਹਾਂ ਨੇ ਪੀ ਏ ਯੂ ਵਲੋਂ ਹਰੀ ਕ੍ਰਾਂਤੀ ਲਈ ਨਿਭਾਈ ਭੂਮਿਕਾ ਤੋਂ ਲੈ ਕੇ ਹੁਣ ਵਾਤਾਵਰਨ ਪੱਖੀ ਖੇਤੀ ਲਈ ਕੀਤੇ ਜਾ ਰਹੇ ਯਤਨਾਂ ਅਤੇ ਡਿਜੀਟਲ ਖੇਤੀਬਾੜੀ, ਹੁਨਰ ਵਿਕਾਸ ਅਤੇ ਖੇਤੀਬਾੜੀ ਕਾਰੋਬਾਰ ਵੱਲ ਵੱਡੀ ਤਬਦੀਲੀ ਬਾਰੇ ਵਿਸਥਾਰ ਨਾਲ ਗੱਲ ਕੀਤੀ। ਉਨ੍ਹਾਂ ਨੇ ਕਿਹਾ ਕਿ ਪੀ ਏ ਯੂ ਨੇ ਵਿਗਿਆਨਕ ਸੂਝ ਨਾਲ ਖੇਤੀ ਖੇਤਰ ਦੀਆਂ ਹਾਲੀਆ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਕਿਸਾਨੀ ਸਮਾਜ ਦੀ ਅਗਵਾਈ ਬੀੜਾ ਚੁੱਕਿਆ ਹੈ। ਇਸ ਪ੍ਰਾਪਤੀ ਦਾ ਸਿਹਰਾ ਫੈਕਲਟੀ, ਵਿਦਿਆਰਥੀਆਂ, ਸਟਾਫ ਅਤੇ ਕਿਸਾਨ ਭਾਈਚਾਰੇ ਦੇ ਸਮੂਹਿਕ ਯਤਨਾਂ ਸਿਰ ਬੰਨ੍ਹਦਿਆਂ ਡਾ ਗੋਸਲ ਨੇ ਪੀ ਏ ਯੂ ਦੀ ਦਹਾਕਿਆਂ ਤੋਂ ਕੀਤੀ ਸੇਵਾ ਨੂੰ ਬੇਮਿਸਾਲ ਆਖਿਆ।
ਇਹ ਸਨਮਾਨ ਯੂਨੀਵਰਸਿਟੀ ਲਈ ਮਾਨਤਾਵਾਂ ਦੀ ਇੱਕ ਸ਼ਾਨਦਾਰ ਲੜੀ ਦਾ ਨਵਾਂ ਪੜਾਅ ਹੈ। ਪੀ ਏ ਯੂ ਕੋਲ 4 ਵਿੱਚੋਂ 3.59 ਸਕੋਰ ਦੇ ਨਾਲ ਏ+ ਮਾਨਤਾ ਹੈ। ਸੰਸਥਾ 2023 ਤੋਂ 2025 ਤੱਕ ਲਗਾਤਾਰ ਤਿੰਨ ਸਾਲਾਂ ਲਈ ਰਾਜ ਖੇਤੀਬਾੜੀ ਯੂਨੀਵਰਸਿਟੀਆਂ ਵਿੱਚ ਐਨਆਈਆਰਐਫ ਰੈਂਕਿੰਗ ਵਿੱਚ ਸਿਖਰ 'ਤੇ ਰਹੀ, ਅਤੇ ਆਈਆਈਆਰਐਫ 2026 ਵਿੱਚ 75 ਰਾਜ ਖੇਤੀਬਾੜੀ ਅਤੇ ਬਾਗਬਾਨੀ ਯੂਨੀਵਰਸਿਟੀਆਂ ਵਿੱਚੋਂ ਪਹਿਲੇ ਸਥਾਨ 'ਤੇ ਆਉਣ ਦਾ ਮਾਣ ਹਾਸਿਲ ਹੋਇਆ। ਪੀ ਏ ਯੂ ਨੇ ਐਜੂਰੈਂਕ 2026 ਵਿੱਚ ਖੇਤੀਬਾੜੀ ਵਿਗਿਆਨ ਵਿੱਚ 93ਵਾਂ ਵਿਸ਼ਵ ਪੱਧਰੀ ਦਰਜਾ ਵੀ ਪ੍ਰਾਪਤ ਕੀਤਾ। ਧਿਆਨ ਦੇਣ ਯੋਗ ਹੈ ਕਿ ਪੀ ਏ ਯੂ ਇਹ ਸਥਾਨ ਹਾਸਲ ਕਰਨ ਵਾਲੀ ਭਾਰਤ ਦੀ ਇਕਲੌਤੀ ਰਾਜ ਖੇਤੀਬਾੜੀ ਯੂਨੀਵਰਸਿਟੀ ਹੈ। ਆਪਣੇ 63 ਸਾਲਾ ਸਫ਼ਰ ਦੌਰਾਨ ਪੀ ਏ ਯੂ ਦੀ ਤਾਰੀਖ਼ ਖੇਤੀ ਗਿਆਨ ਨਿਰਮਾਣ, ਪਸਾਰ ਅਤੇ ਖੇਤੀ ਦੇ ਭਾਈਚਾਰਿਆਂ ਨੂੰ ਮਜ਼ਬੂਤ ਕਰਨ ਦੀ ਹੈ।
- Download Babushahi App
-
-