Crime Special ਗਧੇ ਦੇ ਸਿਰ ਤੋਂ ਸਿੰਗਾਂ ਵਾਂਗ ਗਾਇਬ ਥਾਣੇਦਾਰ ਦੀ ਭਾਲ ’ਚ ਮਾਰੀ ਮਾਰੀ ਫਿਰ ਰਹੀ ਵਿਜੀਲੈਂਸ
ਅਸ਼ੋਕ ਵਰਮਾ
ਬਠਿੰਡਾ, 4 ਮਈ 2026 : ਵਪਾਰੀ ਨੂੰ ਨਸ਼ੇ ਦੇ ਝੂਠੇ ਕੇਸ ’ਚ ਫਸਾਉਣ ਦੀ ਕਥਿਤ ਧਮਕੀ ਦੇਕੇ 5 ਲੱਖ ਰੁਪਏ ਦੀ ਰਿਸ਼ਵਤ ਮੰਗਣ ਦੇ ਦੋਸ਼ਾਂ ਤਹਿਤ ਨਾਮਜਦ ਸੀਆਈਏ ਸਟਾਫ਼-1 ਬਠਿੰਡਾ ਵਿੱਚ ਤਾਇਨਾਤ ਏਐੱਸਆਈ ਮਨਜਿੰਦਰ ਸਿੰਘ ਨੂੰ ਦਬੋਚਣ ਲਈ ਵਿਜੀਲੈਂਸ ਨੇ ਕਾਰਵਾਈ ਤੇਜ ਕਰ ਦਿੱਤੀ ਹੈ। ਆਪਣੇ ਖਿਲਾਫ ਕੇਸ ਦਰਜ ਹੋਣ ਦੀ ਭਿਣਕ ਪੈਂਦਿਆਂ ਮਨਜਿੰਦਰ ਸਿੰਘ ਗਧੇ ਦੇ ਸਿਰ ਤੋਂ ਸਿੰਗਾਂ ਵਾਂਗ ਗਾਇਬ ਹੋ ਗਿਆ ਸੀ। ਵਿਜੀਲੈਸ ਦੇ ਅਧਿਕਾਰੀ ਵੀ ਦੰਗ ਰਹਿ ਗਏ ਹਨ ਕਿ ਏ ਐਸ ਆਈ ਮਨਜਿੰਦਰ ਸਿੰਘ ਨੂੰ ਧਰਤੀ ਨਿਗਲ ਗਈ ਹੈ ਜਾਂ ਫਿਰ ਅਸਮਾਨ ਖਾ ਗਿਆ ਹੈ ਜੋ ਉਨ੍ਹਾਂ ਦੇ ਹੱਥ ਨਹੀਂ ਚੜ੍ਹ ਰਿਹਾ ਹੈ। ਮਨਜਿੰਦਰ ਸਿੰਘ ਨੇ ਸਿਰਕੀ ਬਾਜ਼ਾਰ ਨੇੜੇ ਅਗਰਵਾਲ ਸਟਰੀਟ ਵਿੱਚ ਦੁਕਾਨ ਚਲਾਉਣ ਵਾਲੇ ਇੱਕ ਕਾਰੋਬਾਰੀ ਦੁਸ਼ਾਂਤ ਬਾਂਸਲ ਨੂੰ 5 ਲੱਖ ਨਾਂ ਦੇਣ ਦੀ ਸੂਰਤ ’ਚ ਉਸ ਖਿਲਾਫ ਨਸ਼ੇ ਦਾ ਝੂਠਾ ਮੁਕੱਦਮਾ ਦਰਜ ਕਰਨ ਦੀਆਂ ਕਥਿਤ ਧਮਕੀਆਂ ਦਿੱਤੀਆਂ ਸਨ।
ਮੁਦਈ ਦੁਸ਼ਾਂਤ ਬਾਂਸਲ ਨੇ ਗੱਲਬਾਤ ਦੀ ਰਿਕਾਰਡਿੰਗ ਅਤੇ ਸਬੂਤ ਪੰਜਾਬ ਸਰਕਾਰ ਦੀ ਐਂਟੀ ਕੁਰਪਸ਼ਨ ਹੈਲਪਾਲਾਈਨ ’ਤੇ ਭੇਜ ਦਿੱਤੇ ਜਿਸ ਦੀ ਪੜਤਾਲ ਕਰਨ ਤੋਂ ਬਾਅਦ ਵਿਜੀਲੈਂਸ ਨੇ ਸੀਆਈਏ ਵਨ ਦੇ ਏ ਐਸ ਆਈ ਮਨਜਿੰਦਰ ਸਿੰਘ ਖਿਲਾਫ ਮਨਜਿੰਦਰ ਸਿੰਘ ਖਿਲਾਫ ਭ੍ਰਿਸ਼ਟਾਚਾਰ ਵਿਰੋਧੀ ਐਕਟ ਤਹਿਤ ਮੁਕੱਦਮਾ ਦਰਜ ਕਰ ਲਿਆ ਸੀ। ਮਾਮਲੇ ਦੀ ਜਾਂਚ ਇੰਸਪੈਕਟਰ ਨਗਿੰਦਰ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਪੀੜਤ ਵਪਾਰੀਆਂ ਨੇ ਏ ਐਸ ਆਈ ਮਨਜਿੰਦਰ ਸਿੰਘ ਤੋਂ ਇਲਾਵਾ ਬਾਕੀ ਮੁਲਾਜਮਾਂ ਦੀ ਕਾਲ ਰਿਕਾਰਡਿੰਗ ਵਿਜੀਲੈਂਸ ਨੂੰ ਸੌਂਪੀ ਸੀ ਜਿਸ ਦੀ ਪੁਲਿਸ ਵੱਖਰੇ ਤੌਰ ’ਤੇ ਜਾਂਚ ਕਰ ਰਹੀ ਹੈ। ਸੂਤਰ ਦੱਸਦੇ ਹਨ ਕਿ ਇੰਨ੍ਹਾਂ ਤੱਥਾਂ ਦੀ ਜਾਂਚ ਦੌਰਾਨ ਕਈ ਮਹੱਤਵਪੂਰਨ ਖੁਲਾਸੇ ਹੋ ਸਕਦੇ ਹਨ। ਵਿਜੀਲੈਂਸ ਸੂਤਰਾਂ ਮੁਤਾਬਕ ਜਾਂਚ ਦੌਰਾਨ ਜੋ ਤੱਥ ਸਾਹਮਣੇ ਆ ਰਹੇ ਹਨ ਉਹ ਕਾਫੀ ਹੈਰਾਨ ਕਰਨ ਵਾਲੇ ਹਨ। ਮਾਮਲੇ ਦੀ ਸਭ ਤੋਂ ਅਹਿਮ ਕੜੀ ਯੂਪੀ ਨੰਬਰ ਦੀ ਕਾਰ ਅਤੇ ਮੋਬਾਇਲ ਨੰਬਰ ਹਨ।
ਮੋਬਾਇਲ ਅਤੇ ਕਾਰ ਦਾ ਜਿਕਰ ਸ਼ਿਕਾਇਤ ’ਚ ਜਿਕਰ ਵੀ ਹੈ ਅਤੇ ਇੰਨ੍ਹਾਂ ਦੇ ਤਾਰ ਸੀਆਈਏ-1 ’ਚ ਤਾਇਨਾਤ ਹੋਰਨਾਂ ਪੁਲਿਸ ਮੁਲਾਜਮਾਂ ਨਾਲ ਜੁੜਣ ਦਾ ਸ਼ੱਕ ਹੈ। ਵਿਜੀਲੈਂਸ ਨੇ ਟਰਾਂਸਪੋਰਟ ਵਿਭਾਗ ਤੋਂ ਯੂਪੀ ਨੰਬਰੀ ਬਰੀਜ਼ਾ ਗੱਡੀ ਦੀ ਰਜਿਸ਼ਟਰੇਸ਼ਨ ਦਾ ਰਿਕਾਰਡ ਮੰਗਿਆ ਹੈ। ਵਿਜੀਲੈਂਸ ਦੀਆਂ ਟੀਮਾਂ ਉੱਤਰ ਪ੍ਰਦੇਸ਼ ਨੰਬਰ ਦੀ ਬਰੀਜ਼ਾ ਕਾਰ ਦੀ ਤਲਾਸ਼ ’ਚ ਜੁਟੀਆਂ ਹੋਈਆਂ ਹਨ ਜਿਸ ਦੀ ਵਰਤੋਂ ਵਪਾਰੀ ਨੂੰ ਕਥਿਤ ਤੌਰ ’ਤੇ ਡਰਾਉਣ ਧਮਕਾਉਣ ਲਈ ਕੀਤੀ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਜੇਕਰ ਮੋਬਾਇਲ ਨੰਬਰ ਪੁਲਿਸ ਮਹਿਕਮ ਦੇ ਹੋਰਨਾ ਪੁਲਿਸ ਮੁਲਾਜਮਾਂ ਦੇ ਨਿਕਲੇ ਤਾਂ ਸੀਆਈਏ- 1 ਦੇ ਕਈ ਹੋਰ ਪੁਲਿਸ ਅਧਿਕਾਰੀ ਅਤੇ ਮੁਲਾਜਮ ਵੀ ਵਿਜੀਲੈਂਸ ਦੀ ਜਾਂਚ ਦੇ ਘੇਰੇ ’ਚ ਲਿਆਂਦੇ ਜਾ ਸਕਦੇ ਹਨ। ਇਸ ਦੇ ਨਾਲ ਹੀ ਇੱਕ ਸ਼ੱਕੀ ਮੋਬਾਇਲ ਨੰਬਰ ਦੀ ਵੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਜਿਸ ਬਾਰੇ ਸ਼ੱਕ ਹੈ ਕਿ ਇਸ ਰਾਹੀਂ ਕਥਿਤ ਰਿਸ਼ਵਤ ਮੰਗੀ ਗਈ ਸੀ।
ਯਾਦ ਰਹੇ ਕਿ ਮੁਦਈ ਦੁਸ਼ਾਂਤ ਬਾਂਸਲ ਅਨੁਸਾਰ ਏਐੱਸਆਈ ਮਨਜਿੰਦਰ ਸਿੰਘ ਤਿੰਨ ਹੋਰ ਪੁਲੀਸ ਵਾਲਿਆਂ ਸਮੇਤ 22 ਅਪਰੈਲ ਨੂੰ ਉਸ ਦੇ ਹਿੱਸੇਦਾਰ ਰੁਪੇਸ਼ ਗੁਪਤਾ ਦੇ ਘਰ ਆਇਆ ਅਤੇ ਕਾਸਮੈਟਿਕ ਦਾ ਨਕਲੀ ਸਮਾਨ ਵੋਚਣ ਦੇ ਦੋਸ਼ ਲਾਏ ਸਨ। ਉਨ੍ਹਾਂ ਦੱਸਿਆ ਕਿ ਮਨਜਿੰਦਰ ਸਿੰਘ ਨੇ ਕਾਰਵਾਈ ਨਾ ਕਰਨ ਬਦਲੇ 5 ਲੱਖ ਰੁਪਏ ਮੰਗੇ , ਪਰ ਸੌਦਾ 2.25 ਲੱਖ ਰੁਪਏ ਵਿੱਚ ਤੈਅ ਹੋਇਆ ਸੀ। ਇਸ ਦੌਰਾਨ ਮਨਜਿੰਦਰ ਸਿੰਘ ਨੇ ਕਦੀ ਫੋਨ ਅਤੇ ਕਦੇ ਵਟਸਐਪ ਰਾਹੀਂ ਪੈਸੇ ਦੇਣ ਦੀ ਮੰਗ ਕੀਤੀ ਤਾਂ ਦੁਸ਼ਾਂਤ ਨੇ ਸਬੂਤ ਵਜੋਂ ਕਾਲਾਂ ਦੀ ਰਿਕਾਰਡਿੰਗ ਕਰ ਲਈ। ਸਬੂਤ ਹੱਥ ਲੱਗਣ ਮਗਰੋਂ ਉਸ ਨੇ ਪੰਜਾਬ ਸਰਕਾਰ ਦੀ ਐਂਟੀ ਕੁਰਪਸ਼ਨ ਹੈਲਪ ਲਾਈਨ ’ਤੇ ਸ਼ਕਾਇਤ ਦਰਜ ਕਰਵਾ ਦਿੱਤੀ। ਤੱਥਾਂ ਦੀ ਜਾਂਚ ਕਰਨ ’ਤੇ ਵਿਜੀਲੈਂਸ ਨੇ ਏਐਸਆਈ ਮਨਜਿੰਦਰ ਸਿੰਘ ਖਿਲਾਫ ਮੁਕੱਦਮਾ ਦਰਜ ਕਰ ਲਿਆ ਜਦੋਂਕਿ ਬਾਕੀ ਪੁਲੀਸ ਮੁਲਾਜ਼ਮਾਂ ਦੀ ਪਛਾਣ ਨਾ ਕਰ ਪਾਉਣ ਕਾਰਨ ਉਨ੍ਹਾਂ ਖਿਲਾਫ ਕਾਰਵਾਈ ਨਹੀਂ ਕੀਤੀ ਹੈ।
ਛਾਪੇਮਾਰੀ ਲਗਾਤਾਰ ਜਾਰੀ
ਵਿਜੀਲੈਂਸ ਬਿਊਰੋ ਬਠਿੰਡਾ ਨੇ ਫਰਾਰ ਏ ਐਸ ਆਈ ਮਨਜਿੰਦਰ ਸਿੰਘ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਸ਼ੁਰੂ ਕੀਤੀ ਹੋਈ ਹੈ ਪਰ ਹਾਲੇ ਤੱਕ ਮੁਲਜਮ ਪੁਲਿਸ ਦੀ ਪਹੁੰਚ ਤੋਂ ਦੂਰ ਹੈ। ਵਿਜੀਲੈਂਸ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਮਨਜਿੰਦਰ ਸਿੰਘ ਨੂੰ ਕਾਬੂ ਕਰਨ ਲਈ ਟੀਮਾਂ ਬਣਾਈਆਂ ਗਈਆਂ ਹਨ ਅਤੇ ਜਲਦੀ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ। ਅਧਿਕਾਰੀਆਂ ਦਾ ਕਹਿਣਾ ਹੈ ਕਿ ਬਰੀਜਾ ਗੱਡੀ ਦਾ ਰਿਕਾਰਡ ਮੰਗਿਆ ਗਿਆ ਹੈ ਜਿਸ ਦੇ ਆਉਣ ’ਤੇ ਪੜਤਾਲ ’ਚ ਤੇਜੀ ਆਉਣ ਦੀ ਸੰਭਾਵਨਾ ਹੈ।
Click to Follow Babushahi Facebook page →