Canada 'ਚ ਪੰਜਾਬੀ ਰੇਡੀਓ ਸਟੇਸ਼ਨ 'ਤੇ ਅੰਨ੍ਹੇਵਾਹ ਚਲਾਈਆਂ ਗੋਲੀਆਂ
ਲਾਰੈਂਸ ਗੈਂਗ ਨਾਲ ਜੁੜੇ 'ਹੁੱਡ 420' ਦਾ ਨਾਮ ਆਇਆ ਸਾਹਮਣੇ; 5 ਮਿਲੀਅਨ ਡਾਲਰ ਫਿਰੌਤੀ ਦੀ ਮੰਗ
ਸਰੀ (ਕੈਨੇਡਾ), 30 ਸਤੰਬਰ, 2026: ਕੈਨੇਡਾ ਦੇ ਸਰੀ ਸ਼ਹਿਰ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ ਇੱਕ ਅਪਰਾਧਿਕ ਸਮੂਹ ਨੇ ਪੰਜਾਬੀ ਰੇਡੀਓ ਸਟੇਸ਼ਨ 'ਰੇਡੀਓ ਸਵਿਫਟ 1200 AM' 'ਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ। ਘਟਨਾ ਦੇ ਸਮੇਂ ਸਟੇਸ਼ਨ 'ਤੇ ਇੱਕ ਲਾਈਵ ਪ੍ਰੋਗਰਾਮ ਚੱਲ ਰਿਹਾ ਸੀ, ਜਿਸ ਦੌਰਾਨ ਗੋਲੀਆਂ ਲੱਗਣ ਨਾਲ ਸਟੇਸ਼ਨ ਦੀਆਂ ਖਿੜਕੀਆਂ ਦੇ ਸ਼ੀਸ਼ੇ ਤੁੱਟ ਗਏ ਅਤੇ ਕੰਧਾਂ ਨੂੰ ਨੁਕਸਾਨ ਪਹੁੰਚਿਆ, ਹਾਲਾਂਕਿ ਇਸ ਹਮਲੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਸਰੀ ਪੁਲਿਸ ਦੀ ਜਾਂਚ ਵਿੱਚ 'ਹੁੱਡ 420' ਨਾਮਕ ਗੈਂਗ ਦਾ ਖੁਲਾਸਾ ਹੋਇਆ ਹੈ, ਜੋ ਲਾਰੈਂਸ ਅਤੇ ਗੋਲਡੀ ਢਿੱਲੋਂ ਦੇ ਨੈੱਟਵਰਕ ਨਾਲ ਜੁੜਿਆ ਹੋਇਆ ਹੈ। ਪੁਲਿਸ ਮੁਤਾਬਕ ਗੈਂਗ ਨਾਲ ਜੁੜੇ ਪੰਜਾਬੀ ਨੌਜਵਾਨ ਰਵਿੰਦਰ ਸਿੰਘ (25) ਦੇ ਫੋਨ ਤੋਂ ਇੱਕ ਧਮਕੀ ਭਰਿਆ ਨੋਟ ਬਰਾਮਦ ਹੋਇਆ ਹੈ, ਜਿਸ ਵਿੱਚ ਰੇਡੀਓ ਸਟੇਸ਼ਨ ਦੇ ਮਾਲਕ ਤੋਂ 5 ਮਿਲੀਅਨ ਡਾਲਰ (ਲਗਭਗ 41 ਕਰੋੜ ਰੁਪਏ) ਦੀ ਫਿਰੌਤੀ ਮੰਗੀ ਗਈ ਸੀ ਅਤੇ ਮੰਗ ਪੂਰੀ ਨਾ ਹੋਣ 'ਤੇ 29 ਸਤੰਬਰ ਨੂੰ ਇਹ ਗੋਲੀਬਾਰੀ ਕੀਤੀ ਗਈ।
ਦੋਸ਼ੀ ਰਵਿੰਦਰ ਸਿੰਘ ਵਿਰੁੱਧ ਓਨਟਾਰੀਓ ਅਤੇ ਅਲਬਰਟਾ ਵਿੱਚ ਵੀ ਜਬਰਨ ਵਸੂਲੀ ਅਤੇ ਗੋਲੀਬਾਰੀ ਦੇ 100 ਤੋਂ ਵੱਧ ਮਾਮਲੇ ਦਰਜ ਹਨ। ਸੰਗਠਿਤ ਅਪਰਾਧ ਵਿੱਚ ਸ਼ਾਮਲ ਹੋਣ ਕਾਰਨ ਇਮੀਗ੍ਰੇਸ਼ਨ ਅਤੇ ਸ਼ਰਨਾਰਥੀ ਬੋਰਡ (IRB) ਨੇ ਉਸ ਵਿਰੁੱਧ ਦੇਸ਼ ਨਿਕਾਲੇ (Deportation) ਦਾ ਹੁਕਮ ਜਾਰੀ ਕੀਤਾ ਹੈ ਅਤੇ ਉਹ ਫਿਲਹਾਲ ਇਮੀਗ੍ਰੇਸ਼ਨ ਹਿਰਾਸਤ ਵਿੱਚ ਹੈ। ਇਸ ਮਾਮਲੇ ਵਿੱਚ ਉਸ ਦੇ ਸਾਥੀ ਜਗਦੀਪ ਸਿੰਘ (24) ਅਤੇ ਇਕਬਾਲ ਸਿੰਘ ਦੀ ਭਾਲ ਜਾਰੀ ਹੈ। ਕੈਨੇਡੀਅਨ ਪੁਲਿਸ ਨੇ ਵਿਸ਼ੇਸ਼ ਜਾਂਚ ਟੀਮ (SIT) ਦਾ ਗਠਨ ਕਰਕੇ ਮਾਮਲੇ ਦੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
- Download Babushahi App
-
-