ਵਿਆਹ ਦੇ ਰਿਸੈਪਸ਼ਨ ਦੌਰਾਨ ਲੱਗੀ ਅੱਗ: 22 ਦੀ ਮੌਤ
ਜਸ਼ਨ ਦੀਆਂ ਖੁਸ਼ੀਆਂ ਸੋਗ 'ਚ ਬਦਲੀਆਂ
ਬਾਬੂਸ਼ਾਹੀ ਬਿਊਰੋ
ਕਿਨਸ਼ਾਸਾ, 6 ਸਤੰਬਰ 2026
ਅਫ਼ਰੀਕੀ ਦੇਸ਼ ਕਾਂਗੋ ਦੀ ਰਾਜਧਾਨੀ ਕਿਨਸ਼ਾਸਾ ਦੇ ਲਿੰਗਵਾਲਾ ਇਲਾਕੇ ਵਿੱਚ ਇੱਕ ਵਿਆਹ ਦੇ ਰਿਸੈਪਸ਼ਨ ਦੌਰਾਨ ਭਿਆਨਕ ਅੱਗ ਲੱਗਣ ਕਾਰਨ 22 ਲੋਕਾਂ ਦੀ ਦਰਦਨਾਕ ਮੌਤ ਹੋ ਗਈ। ਵਿਆਹ ਦੇ ਹਾਲ ਵਿੱਚ ਡੀਜੇ ਦੀ ਧੁਨ 'ਤੇ ਜਸ਼ਨ ਮਨਾਇਆ ਜਾ ਰਿਹਾ ਸੀ, ਜਦੋਂ ਅਚਾਨਕ ਭੜਕੀ ਅੱਗ ਨੇ ਪੂਰੀ ਇਮਾਰਤ ਨੂੰ ਲਪੇਟ ਵਿੱਚ ਲੈ ਲਿਆ।
ਵਿਆਹ ਹਾਲ ਤੰਗ ਗਲੀ ਵਿੱਚ ਸਥਿਤ ਹੋਣ ਕਰਕੇ ਅੱਗ ਲੱਗਦਿਆਂ ਹੀ ਭਗਦੜ ਮਚ ਗਈ। ਬਾਹਰ ਨਿਕਲਣ ਦੇ ਆਸਾਨ ਰਸਤੇ ਨਾ ਹੋਣ ਕਾਰਨ ਕਈ ਲੋਕ ਇੱਕ-ਦੂਜੇ ਦੇ ਹੇਠਾਂ ਕੁਚਲੇ ਗਏ ਅਤੇ ਕਈਆਂ ਦਾ ਧੂੰਏਂ ਨਾਲ ਦਮ ਘੁੱਟ ਗਿਆ। ਇਸ ਹਾਦਸੇ ਵਿੱਚ ਕਈ ਔਰਤਾਂ ਅਤੇ ਬੱਚਿਆਂ ਦੀਆਂ ਲਾਸ਼ਾਂ ਗਲੀ ਵਿੱਚੋਂ ਬਰਾਮਦ ਹੋਈਆਂ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਕਾਂਗੋ ਦੇ ਉਪ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਜੈਕਮਿਨ ਸ਼ਬਾਨੀ ਮੌਕੇ 'ਤੇ ਪਹੁੰਚੇ। ਉਨ੍ਹਾਂ ਇਸ ਘਟਨਾ ਨੂੰ ਵੱਡਾ ਦੁਖਾਂਤ ਦੱਸਦਿਆਂ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਦੇ ਹੁਕਮ ਦਿੱਤੇ ਹਨ ਅਤੇ ਆਖਿਆ ਹੈ ਕਿ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਘਟਨਾ ਨੇ ਸ਼ਹਿਰ ਦੀਆਂ ਐਮਰਜੈਂਸੀ ਅਤੇ ਫਾਇਰ ਬ੍ਰਿਗੇਡ ਸੇਵਾਵਾਂ 'ਤੇ ਵੀ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।
- Download Babushahi App
-
-