ਝੋਟਾ ਕਤਲ ਕਾਂਡ: ਐਕਸ਼ਨ ਕਮੇਟੀ ਵੱਲੋਂ CM ਅਤੇ DGP ਦੇ ਅਸਤੀਫ਼ੇ ਤੱਕ ਪੋਸਟਮਾਰਟਮ ਤੋਂ ਇਨਕਾਰ
ਅਸ਼ੋਕ ਵਰਮਾ
ਮਾਨਸਾ, 23 ਅਕਤੂਬਰ 2026 :ਪਰਵਿੰਦਰ ਸਿੰਘ ਝੋਟਾ ਇਨਸਾਫ ਕਮੇਟੀ ਅਤੇ ਪੰਜਾਬ ਸਰਕਾਰ ਵੱਲੋਂ ਬਣਾਈ ਤਿੰਨ ਔਰਤ ਅਧਿਕਾਰੀਆਂ ਦੀ ਕਮੇਟੀ ਦਰਮਿਆਨ ਹੋਈ ਤੀਸਰੀ ਮੀਟਿੰਗ ਵਿਚ ਵੀ ਗੱਲ ਕਿਸੇ ਤਣ ਪੱਤਣ ਨਹੀਂ ਲੱਗ ਸਕੀ ਹੈ। ਸ਼ੁੱਕਰਵਾਰ ਨੂੰ ਐਸਆਈਟੀ ਮੈਂਬਰ ਅਪਨੀਤ ਰਿਆਤ, ਕੰਵਲਜੀਤ ਕੌਰ ਬਰਾੜ, ਡੀ.ਸੀ ਨਵਜੋਤ ਕੌਰ ਅਤੇ ਡੀ.ਆਈ.ਜੀ ਹਰਜੀਤ ਸਿੰਘ ਦੀ ਇਨਸਾਫ ਕਮੇਟੀ ਦੀ ਲੰਬੀ ਮੀਟਿੰਗ ਹੋਈ ਜੋ ਕਿਸੇ ਤਣ ਪੱਤਣ ਨਹੀਂ ਲੱਗੀ। ਇਸ ਮੌਕੇ ਟੀਮ ਨੇ ਅਗਲੀ ਮੀਟਿੰਗ ਵਿਚ ਹੱਲ ਨਿਕਲਣ ਦਾ ਭਰੋਸਾ ਦਿਵਾਇਆ ਹੈ। ਗੱਲਬਾਤ ਦਾ ਕੋਈ ਸਿੱਟਾ ਨਾ ਨਿਕਲਣ ਖਿਲਾਫ ਪਰਵਿੰਦਰ ਝੋਟਾ ਇਨਸਾਫ ਕਮੇਟੀ ਨੇ ਸੰਘਰਸ਼ ਜਾਰੀ ਰੱਖਣ ਅਤੇ 25 ਅਕਤੂਬਰ ਦਿਨ ਐਤਵਾਰ ਨੂੰ ਸੂਬੇ ਭਰ ਵਿਚ ਝਾੜੂ ਫੂਕ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਨਸਾਫ ਕਮੇਟੀ ਦੀਆਂ 12 ਮੰਗਾਂ ਸਵੀਕਾਰ ਕਰਕੇ ਉਨ੍ਹਾਂ ਨੂੰ ਪੂਰਾ ਕਰਨ ਦਾ ਭਰੋਸਾ ਦਿੱਤਾ ਗਿਆ ਪਰ ਮੁੱਖ ਮੰਤਰੀ ਅਤੇ ਡੀ.ਜੀ.ਪੀ ਦੇ ਅਸਤੀਫੇ ਸਬੰਧੀ ਕੋਈ ਸਹਿਮਤੀ ਨਹੀਂ ਬਣ ਸਕੀ।
ਇਨਸਾਫ ਕਮੇਟੀ ਨੇ ਕਿਹਾ ਕਿ ਯੁੱਧ ਨਸ਼ਿਆਂ ਵਿਰੁੱਧ ਚਲਾਉਣ ਵਾਲੀ ਪੰਜਾਬ ਸ ਼ਰਕਾਰ ਨੇ ਵਿਧਾਨ ਸਭਾ ਵਿਚ ਪਰਵਿੰਦਰ ਝੋਟਾ ਨੂੰ ਸ਼ਰਧਾਂਜਲੀ ਦੇ ਕੇ ਬੁੱਤਾ ਸਾਰ ਦਿੱਤਾ। ਜਦੋਂ ਕਿ ਇਸ ਕਤਲ ਅਤੇ ਨਸ਼ੇ ’ਤੇ ਗੱਲਬਾਤ ਅਤੇ ਬਹਿਸ ਹੋਣੀ ਚਾਹੀਦੀ ਸੀ। ਝੋਟਾ ਦੀ ਪਤਨੀ ਮਨਪ੍ਰੀਤ ਕੌਰ, ਮਣਿਕ ਗੋਇਲ, ਗੁਰਜੰਟ ਸਿੰਘ ਅਤੇ ਹੋਰਨਾਂ ਨੇ ਕਿਹਾ ਕਿ ਉਨ੍ਹਾਂ ਨਾਲ ਸਰਕਾਰ ਦੀ ਉਹ ਕਮੇਟੀ ਆ ਕੇ ਗੱਲ ਕਰੇ, ਜਿਸ ਕੋਲ ਸਾਰੀਆਂ ਮੰਗਾਂ ਸਵੀਕਾਰ ਕਰਨ ਦਾ ਅਧਿਕਾਰ ਅਤੇ ਸ਼ਕਤੀ ਹੋਵੇ। ਇਨਸਾਫ ਕਮੇਟੀ ਨੇ ਆਪਣੀਆਂ 12 ਮੰਗਾਂ ਤੋਂ ਇਲਾਵਾ ਵਾਰ ਵਾਰ ਮੁੱਖ ਮੰਤਰੀ ਅਤੇ ਡੀ.ਜੀ.ਪੀ ਦੇ ਅਸਤੀਫੇ ਦੇ ਨਾਲ ਨਾਲ ਖਿਆਲਾ ਵਿਖੇ ਬਣਨ ਵਾਲੇ ਟਰੌਮਾ ਸੈਂਟਰ ਦਾ ਨਾਮ ਪਰਵਿੰਦਰ ਝੋਟਾ ਦੇ ਨਾਮ ਰੱਖਣ ਦੀ ਮੰਗ ਕੀਤੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਦੋਂ ਇਹ ਸੈਂਟਰ ਬਣ ਜਾਵੇਗਾ ਤਾਂ ਪਰਵਿੰਦਰ ਝੋਟੇ ਦਾ ਨਾਂ ਦਿੱਤਾ ਜਾਵੇਗਾ ਪਰ ਇਨਸਾਫ ਕਮੇਟੀ ਇਸ ਨਾਲ ਸਹਿਮਤ ਨਹੀਂ ਹੋਈ।ਅਪਨੀਤ ਰਿਆਤ ਨੇ ਕਿਹਾ ਕਿ ਸਰਕਾਰ ਨੇ ਇਨਸਾਫ ਕਮੇਟੀ ਦੀਆਂ ਬਹੁਤੀਆਂ ਮੰਗਾਂ ਮੰਨ ਲਈਆਂ ਹਨ। ਸਰਕਾਰ ਨੇ ਨਸ਼ਿਆਂ ਤੇ ਕਾਰਵਾਈ ਕਰਦਿਆਂ ਬਿਨਾਂ ਡਾਕਟਰ ਦੀ ਪਰਚੀ ਤੋਂ ਪ੍ਰੀਗਾਬਾਲਿਨ ਦੀ ਵਿਕਰੀ ’ਤੇ ਰੋਕ ਲਗਾ ਦਿੱਤੀ। ਉਨ੍ਹਾਂ ਕਿਹਾ ਕਿ ਪਰਿਵਾਰ ਨੂੰ ਸੁਰੱਖਿਆ ਦੇਣ ਦੇ ਨਾਲ ਨਾਲ ਨਵੀਆਂ ਮੰਗਾਂ ’ਤੇ ਵਿਚਾਰ ਕੀਤਾ ਜਾ ਰਿਹਾ ਹੈ।
- Download Babushahi App
-
-