ਉਗਰਾਹਾਂ ਯੂਨੀਅਨ ’ਚ ਵੱਡੀ ਬਗਾਵਤ ਦੇ ਆਸਾਰ! 30 ਪਿੰਡ ਇਕਾਈਆਂ ਦੇ ਅਸਤੀਫ਼ਿਆਂ ਦੀ ਤਿਆਰੀ
ਮਾਇਸ਼ਰਖਾਨਾ ’ਚ ਹੋ ਰਹੀ ਅਹਿਮ ਮੀਟਿੰਗ, ਜ਼ਿਲ੍ਹਾ ਪੱਧਰੀ ਜਥੇਬੰਦੀ 'ਚ ਵੱਡੀ ਫੁੱਟ ਦੇ ਸੰਕੇਤ
ਅਸ਼ੋਕ ਵਰਮਾ
ਬਠਿੰਡਾ, 23 ਨਵੰਬਰ 2026: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਿੱਚ ਅੰਦਰੂਨੀ ਮਤਭੇਦ ਹੁਣ ਵੱਡੇ ਸੰਕਟ ਦਾ ਰੂਪ ਧਾਰਦੇ ਦਿਖਾਈ ਦੇ ਰਹੇ ਹਨ। ਜਥੇਬੰਦੀ ਦੀ ਬਠਿੰਡਾ ਜ਼ਿਲ੍ਹਾ ਇਕਾਈ ਵਿੱਚ ਵੱਡੀ ਪੱਧਰ ’ਤੇ ਫੁੱਟ ਪੈਣ ਦੇ ਸੰਕੇਤ ਮਿਲ ਰਹੇ ਹਨ। ਇਸ ਸਬੰਧੀ ਅੱਜ ਮਾਇਸ਼ਰਖਾਨਾ ਵਿਖੇ ਜ਼ਿਲ੍ਹੇ ਦੀ ਸਮੁੱਚੀ ਜਥੇਬੰਦੀ ਦੀ ਅਹਿਮ ਮੀਟਿੰਗ ਕੀਤੀ ਜਾ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ, ਇਸ ਮੀਟਿੰਗ ਦੌਰਾਨ ਜਥੇਬੰਦੀ ਦੇ ਕਈ ਪ੍ਰਮੁੱਖ ਆਗੂਆਂ ਸਮੇਤ ਲਗਭਗ 30 ਪਿੰਡਾਂ ਦੀਆਂ ਇਕਾਈਆਂ ਵੱਲੋਂ ਆਪਣੇ ਅਸਤੀਫ਼ੇ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਨ੍ਹਾਂ ਵਿੱਚ ਮੋਠੂ ਸਿੰਘ ਕੋਟੜਾ, ਹਰਜਿੰਦਰ ਸਿੰਘ ਬੱਗੀ, ਪਰਮਜੀਤ ਸਿੰਘ ਪਿੱਥੋ, ਰਾਜਵਿੰਦਰ ਸਿੰਘ ਰਾਮਨਗਰ, ਗੁਰਪਾਲ ਸਿੰਘ ਦਿਉਣ, ਪਰਮਜੀਤ ਕੌਰ ਪਿੱਥੋ, ਬਲਜੀਤ ਸਿੰਘ ਪੂਹਲਾ ਅਤੇ ਨਿੱਕਾ ਸਿੰਘ ਜੇਠੂਕੇ ਸਮੇਤ ਹੋਰ ਆਗੂਆਂ ਦੇ ਨਾਮ ਸ਼ਾਮਲ ਹਨ।
ਇਸ ਘਟਨਾਕ੍ਰਮ ਦੀ ਪੁਸ਼ਟੀ ਉਗਰਾਹਾਂ ਯੂਨੀਅਨ ਦੇ ਆਗੂ ਹਰਜਿੰਦਰ ਸਿੰਘ ਬੱਗੀ ਨੇ ਕੀਤੀ ਹੈ। ਜੇਕਰ ਵੱਡੀ ਗਿਣਤੀ ਵਿੱਚ ਪਿੰਡ ਇਕਾਈਆਂ ਅਤੇ ਆਗੂ ਅਸਤੀਫ਼ੇ ਦਿੰਦੇ ਹਨ ਤਾਂ ਇਸ ਦਾ ਜਥੇਬੰਦੀ ਦੀ ਬਠਿੰਡਾ ਇਕਾਈ ’ਤੇ ਵੱਡਾ ਅਸਰ ਪੈ ਸਕਦਾ ਹੈ। ਹੁਣ ਸਭ ਦੀਆਂ ਨਜ਼ਰਾਂ ਮਾਇਸ਼ਰਖਾਨਾ ਵਿਖੇ ਹੋਣ ਵਾਲੀ ਮੀਟਿੰਗ ਦੇ ਫੈਸਲਿਆਂ ’ਤੇ ਟਿਕੀਆਂ ਹੋਈਆਂ ਹਨ।
- Download Babushahi App
-
-