475 ਏਕੜ ਸਕੀਮ ਦਾ ਸਿਟੀ ਸੈਂਟਰ ਬਣਿਆ ਲੋਕਾਂ ਲਈ ਸਿਰਦਰਦੀ, ਅੱਗ, ਕੂੜੇ ਅਤੇ ਧੱਸਦੀਆਂ ਸੜਕਾਂ ਤੋਂ ਵਸਨੀਕ ਪ੍ਰੇਸ਼ਾਨ
---ਅਰਵਿੰਦ ਸ਼ਰਮਾ ਨੇ ਕੈਬਨਿਟ ਮੰਤਰੀ, ਮੁੱਖ ਮੰਤਰੀ ਤੇ ਰਾਜਪਾਲ ਸਮੇਤ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਭੇਜ ਕੇ ਕੀਤੀ ਤੁਰੰਤ ਕਾਰਵਾਈ ਦੀ ਮੰਗ
ਸੁਖਮਿੰਦਰ ਭੰਗੂ
ਲੁਧਿਆਣਾ, 13 ਨਵੰਬਰ 2026
ਪੱਖੋਵਾਲ ਰੋਡ ਸਥਿਤ ਸ਼ਹੀਦ ਭਗਤ ਸਿੰਘ ਨਗਰ ਦੀ 475 ਏਕੜ ਸਕੀਮ ਵਿੱਚ ਨਾਗਰਿਕ ਸਮੱਸਿਆਵਾਂ ਲਗਾਤਾਰ ਵਧਣ ਕਾਰਨ ਇਲਾਕਾ ਵਾਸੀ ਪ੍ਰੇਸ਼ਾਨ ਹਨ। ਸਮਾਜਿਕ ਕਾਰਕੁਨ ਅਰਵਿੰਦ ਸ਼ਰਮਾ ਨੇ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ, ਰਾਜਪਾਲ, ਮੁੱਖ ਮੰਤਰੀ ਅਤੇ ਸਥਾਨਕ ਸਰਕਾਰਾਂ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਭੇਜ ਕੇ ਤੁਰੰਤ ਦਖ਼ਲ ਦੀ ਮੰਗ ਕੀਤੀ ਹੈ।
ਸ਼ਿਕਾਇਤ ਅਨੁਸਾਰ 12 ਨਵੰਬਰ ਨੂੰ ਸਿਟੀ ਸੈਂਟਰ ਨੇੜੇ ਐੱਫ਼ ਬਲਾਕ ਅਤੇ ਪ੍ਰੇਮ ਵਿਹਾਰ ਫਲੈਟਾਂ ਦੇ ਸਾਹਮਣੇ ਸੜਕ ਦਾ ਇੱਕ ਹੋਰ ਹਿੱਸਾ ਧੱਸ ਗਿਆ, ਜਿਸ ਕਾਰਨ ਲੋਕਾਂ ਨੂੰ ਖੁਦ ਬੈਰੀਕੇਡ ਲਗਾਉਣੇ ਪਏ। ਇਸ ਤੋਂ ਇਲਾਵਾ ਈ ਬਲਾਕ ਵਿੱਚ ਕੁਝ ਦਿਨ ਪਹਿਲਾਂ ਹੋਈ ਰੀਕਾਰਪੇਟਿੰਗ ਦੀ ਗੁਣਵੱਤਾ ’ਤੇ ਵੀ ਸਵਾਲ ਉੱਠੇ ਹਨ। ਗੇਟ ਨੰਬਰ 6 ਨੇੜੇ ਨਵੀਂ ਸੜਕ ਦੀ ਬਜਰੀ ਉਖੜ ਕੇ ਬਾਹਰ ਆਉਣ ਲੱਗ ਪਈ ਹੈ।
ਅਰਵਿੰਦ ਸ਼ਰਮਾ ਨੇ ਦੱਸਿਆ ਕਿ ਦੀਵਾਲੀ ਦੀ ਰਾਤ ਸਿਟੀ ਸੈਂਟਰ ਵਿੱਚ ਭਿਆਨਕ ਅੱਗ ਲੱਗਣ ਕਾਰਨ ਫਾਇਰ ਬ੍ਰਿਗੇਡ ਨੂੰ ਬੁਲਾਉਣਾ ਪਿਆ ਸੀ। ਉਨ੍ਹਾਂ ਦੋਸ਼ ਲਾਇਆ ਕਿ ਸਾਈਟ ਅੰਦਰ ਕੂੜਾ ਸੁੱਟਿਆ ਅਤੇ ਸਾੜਿਆ ਜਾ ਰਿਹਾ ਹੈ। 13 ਨਵੰਬਰ ਦੀ ਸਵੇਰ ਕਰੀਬ 8:30 ਵਜੇ ਵੀ ਉੱਥੋਂ ਧੂੰਆਂ ਉੱਠਦਾ ਦੇਖਿਆ ਗਿਆ। ਇਸ ਕਾਰਨ ਇਲਾਕੇ ਵਿੱਚ ਬਦਬੂ ਅਤੇ ਹਵਾ ਪ੍ਰਦੂਸ਼ਣ ਦੀ ਸਮੱਸਿਆ ਵਧ ਰਹੀ ਹੈ।
ਸ਼ਿਕਾਇਤ ਵਿੱਚ ਰਿਹਾਇਸ਼ੀ ਪਲਾਟਾਂ ’ਤੇ ਨਾਜਾਇਜ਼ ਵਪਾਰਕ ਇਮਾਰਤਾਂ ਅਤੇ ਹੋਟਲਾਂ ਦੇ ਨਿਰਮਾਣ ਦਾ ਮੁੱਦਾ ਵੀ ਉਠਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਨੋਟਿਸ ਜਾਰੀ ਕਰਨ ਦੇ ਬਾਵਜੂਦ ਜ਼ਮੀਨੀ ਪੱਧਰ ’ਤੇ ਪ੍ਰਭਾਵਸ਼ਾਲੀ ਕਾਰਵਾਈ ਨਹੀਂ ਹੋ ਰਹੀ।
ਅਰਵਿੰਦ ਸ਼ਰਮਾ ਨੇ ਮੰਗ ਕੀਤੀ ਹੈ ਕਿ ਧੱਸੀਆਂ ਸੜਕਾਂ ਦੀ ਪੱਕੀ ਮੁਰੰਮਤ, ਰੀਕਾਰਪੇਟਿੰਗ ਦੀ ਵਿਜੀਲੈਂਸ ਜਾਂਚ, ਸਿਟੀ ਸੈਂਟਰ ਵਿੱਚ ਕੂੜਾ ਸੁੱਟਣ ਤੇ ਸਾੜਨ ’ਤੇ ਰੋਕ, ਅੱਗ ਦੀ ਘਟਨਾ ਦੀ ਜਾਂਚ ਅਤੇ ਨਾਜਾਇਜ਼ ਵਪਾਰਕ ਗਤੀਵਿਧੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਅਧਿਕਾਰੀਆਂ ਦੀ ਜ਼ਿੰਮੇਵਾਰੀ ਤੈਅ ਕਰਕੇ ਸਮਾਂਬੱਧ ਕਾਰਵਾਈ ਰਿਪੋਰਟ ਦੇਣ ਦੀ ਵੀ ਮੰਗ ਕੀਤੀ ਹੈ।
ਅਰਵਿੰਦ ਸ਼ਰਮਾ ਵੱਲੋਂ ਸ਼ਿਕਾਇਤ ਦੀਆਂ ਕਾਪੀਆਂ ਡਿਪਟੀ ਕਮਿਸ਼ਨਰ, ਨਗਰ ਨਿਗਮ ਕਮਿਸ਼ਨਰ ਅਤੇ ਲੁਧਿਆਣਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਨੂੰ ਵੀ ਭੇਜੀਆਂ ਗਈਆਂ ਹਨ।
- Download Babushahi App
-
-