32 ਕਰੋੜ 55 ਲੱਖ ਰੁਪਏ ਦੀ ਲਾਗਤ ਨਾਲ ਸੜਕਾਂ ਦੀ ਵਿਕਾਸ ਪੱਖੋਂ ਕਾਇਆ ਕਲਪ ਕੀਤੀ ਜਾਵੇਗੀ-ਰਮਨ ਬਹਿਲ
ਹਲਕੇ ਗੁਰਦਾਸਪੁਰ ਦਾ ਵਿਕਾਸ ਅਤੇ ਲੋਕ ਸੇਵਾ ਮੇਰਾ ਮਿਸ਼ਨ-ਰਮਨ ਇੰਚਾਰਜ
ਰੋਹਿਤ ਗੁਪਤਾ
ਗੁਰਦਾਸਪੁਰ, 21 ਨਵੰਬਰ 2025 : ਰਮਨ ਬਹਿਲ,ਹਲਕਾ ਇੰਚਾਰਜ ਗੁਰਦਾਸਪੁਰ ਵਲੋਂ ਅੱਜ ਗੁਰਦਾਸਪੁਰ ਵਾਸੀਆਂ ਨੂੰ ਸ਼ਾਨਦਾਰ ਤੋਹਫ਼ਾ ਦਿੱਤਾ ਗਿਆ ਹੈ। ਉਨ੍ਹਾਂ ਵਲੋਂ ਗੁਰਦਾਸਪੁਰ ਹਲਕੇ ਅੰਦਰ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਨੂੰ ਹੋਰ ਤੇਜ਼ ਕਰਦਿਆਂ 32 ਕਰੋੜ 55 ਲੱਖ 81 ਹਜਾਰ ਰੁਪਏ ਦੀ ਲਾਗਤ ਨਾਲ ਗੁਰਦਾਸਪੁਰ ਸ਼ਹਿਰ ਦੀਆਂ ਸੜਕਾਂ ਦੀ ਵਿਕਾਸ ਪੱਖੋਂ ਕਾਇਆ ਕਲਪ ਕਰਵਾਈ ਜਾਵੇਗੀ।
ਅੱਜ ਉਨ੍ਹਾਂ ਆਪਣੇ ਦਫਤਰ ਵਿਖੇ ਆਪਣੀ ਟੀਮ ਦੀ ਮੌਜਦਗੀ ਵਿੱਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਦੱਸਿਆ ਕਿ ਗੁਰਦਾਸਪੁਰ ਸ਼ਹਿਰ ਵਿਚਲੀਆਂ ਪੀ.ਡਬਲਿਊ.ਡੀ ਅਧੀਨ ਆਉਂਦੀਆਂ 15.65 ਕਿਲੋਮੀਟਰ ਸੜਕਾਂ ਦਾ ਵਿਕਾਸ 23 ਕਰੋੜ 89 ਲੱਖ 73 ਹਜ਼ਾਰ ਰੁਪਏ ਦੀ ਲਾਗਤ ਨਾਲ ਕਰਵਾਇਆ ਜਾਵੇਗਾ। ਜਿਸ ਸਬੰਧੀ ਐਫ.ਡੀ ਵਿਭਾਗ ਤੋਂ ਮਨਜ਼ੂਰੀ ਮਿਲ ਗਈ ਹੈ ਅਤੇ ਜਲਦ ਟੈਂਡਰ ਲੱਗ ਜਾਵੇਗਾ। ਉਨ੍ਹਾਂ ਦੱਸਿਆ ਸੜਕਾਂ ਨੂੰ ਚੌੜਿਆਂ, ਮਜਬੂਤ ਕਰਨ ਤੋਂ ਇਲਾਵਾ ਸਾਇਡਾਂ ਤੇ ਇੰਟਰਲੋਕ ਟਾਇਲਾਂ ਲਗਾਈਆਂ ਜਾਣਗੀਆਂ।
ਉਨ੍ਹਾਂ ਅੱਗੇ ਦੱਸਿਆ ਇਸ ਤੋਂ ਇਲਾਵਾ ਨਗਰ ਕੌਂਸਲ ਗੁਰਦਾਸਪੁਰ ਅਧੀਨ ਆਉਂਦੀਆਂ ਕਰੀਬ 7 ਕਿਲੋਮੀਟਰ ਸੜਕਾਂ ਦਾ ਨਿਰਮਾਣ ਵੀ ਕਰੀਬ 7 ਕਰੋੜ 88 ਲੱਖ ਰੁਪਏ ਦੀ ਲਾਗਤ ਨਾਲ ਕਰਵਾਇਆ ਜਾਵੇਗਾ।
ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਨੇ ਸੜਕਾਂ ਦੀ ਮੁਰੰਮਤ ਵਿੱਚ ਪਾਰਦਰਸ਼ਤਾ ਤੇ ਜੁਆਬਦੇਹੀ ਨੂੰ ਲਿਆਉਣ ਲਈ ਟੈਂਡਰਾਂ ਵਿੱਚ ਇੱਕ ਨਵੀਂ ਮੱਦ ਜੋੜੀ ਹੈ ਜਿਸ ਤਹਿਤ ਜੋ ਠੇਕੇਦਾਰ ਸੜਕ ਬਣਾਵੇਗੀ ਉਹ ਪੰਜ ਸਾਲਾਂ ਲਈ ਸੜਕ ਦੀ ਮੇਨਟੀਨੈਂਸ ਲਈ ਵੀ ਜ਼ਿੰਮੇਵਾਰ ਹੋਵੇਗਾ। ਉਨ੍ਹਾਂ ਕਿਹਾ ਕਿ ਜੇਕਰ ਇਸ ਸਮੇਂ ਦੌਰਾਨ ਸੜਕ ਟੁੱਟਦੀ ਹੈ ਤਾਂ ਸੜਕ ਦੀ ਮੁਰੰਮਤ ਠੇਕੇਦਾਰ ਆਪਣੇ ਵੱਲੋਂ ਕਰੇਗਾ।
ਰਮਨ ਬਹਿਲ ਨੇ ਕਿਹਾ ਕਿ ਇਹ ਸੰਪਰਕ ਸੜਕਾਂ ਬਣਨ ਨਾਲ ਹਲਕਾ ਵਾਸੀਆਂ ਦੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਮੰਗ ਪੂਰੀ ਹੋਵੇਗੀ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਵੱਲੋਂ ਲੋਕਾਂ ਦੀ ਇਸ ਜਾਇਜ਼ ਮੰਗ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਸੀ ਜਿਸ ਕਾਰਨ ਜਿੱਥੇ ਆਮ ਰਾਹਗੀਰਾਂ ਨੂੰ ਪਰੇਸ਼ਾਨੀ ਹੋਈ ਓਥੇ ਕਿਸਾਨਾਂ ਨੂੰ ਆਪਣੀਆਂ ਫ਼ਸਲਾਂ ਮੰਡੀਆਂ ਤੱਕ ਲਿਜਾਣ ਵਿੱਚ ਵੀ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਮੰਤਵ ਸੂਬੇ ਦਾ ਸਰਬਪੱਖੀ ਵਿਕਾਸ ਅਤੇ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣਾ ਹੈ।
ਉਨ੍ਹਾਂ ਕਿਹਾ ਕਿ ਉਹ ਹਮੇਸ਼ਾਂ ਹੀ ਆਪਣੇ ਹਲਕੇ ਦੇ ਵਿਕਾਸ ਲਈ ਯਤਨਸ਼ੀਲ ਰਹੇ ਹਨ ਅਤੇ ਗੁਰਦਾਸਪੁਰ ਨੂੰ ਨੰਬਰ ਇੱਕ ਹਲਕਾ ਬਣਾਉਣਾ ਉਨ੍ਹਾਂ ਦਾ ਸੁਪਨਾ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਨੂੰ ਹੋਰ ਸਾਫ ਸੁਥਰਾ ਰੱਖਣ ਅਤੇ ਸੀਵਰੇਜ ਦੀ ਸਮੱਸਿਆ ਦੇ ਹੱਲ ਲਈ ਲਗਾਤਾਰ ਯਤਨਸ਼ੀਲ ਹਨ ਅਤੇ ਐਸ.ਟੀ.ਪੀ ਵੀ ਪੰਜਾਬ ਸਰਕਾਰ ਦੀ ਦੇਣ ਹੈ ਅਤੇ ਉਹ ਸ਼ਹਿਰ ਵਾਸੀਆਂ ਦੀਆਂ ਮੁਸ਼ਕਿਲਾਂ ਹੱਲ ਕਰਨ ਲਈ ਵਚਨਬੱਧ ਹਨ।
ਗੁਰਦਾਸਪੁਰ ਹਲਕੇ ਦੀਆਂ ਲਿੰਕ ਸੜਕਾਂ ਦੀ ਮੁਰੰਮਤ ਲਈ ਚੇਅਰਮੈਨ ਰਮਨ ਬਹਿਲ ਨੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ ਹੈ।
ਇਸ ਮੌਕੇ ਮਾਰਕੀਟ ਦੇ ਚੈਅਰਮੈਨ ਭਾਰਤ ਭੂਸ਼ਣ ਸ਼ਰਮਾ, ਇੰਪਰੂਵਮੈਂਟ ਟਰੱਸਟ ਦੇ ਮੈਬਰ ਰਘੁਬੀਰ ਸਿੰਘ ਖਾਲਸਾ , ਹਿਤੇਸ਼ ਮਹਾਜਨ, ਜਗਜੀਤ ਸਿੰਘ ਪਿੰਟਾ ਸਕੱਤਰ ਆਪ ਗੁਰਦਾਸਪੁਰ,ਆਮ ਆਦਮੀ ਪਾਰਟੀ ਦੇ ਟਰੇਡ ਵਿੰਗ ਦੇ ਕੋਆਰਡੀਨੋਂਟਰ ਰਾਜਿੰਦਰ ਨੰਦਾ, ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੈਅਰਮੈਨ ਨੀਰਜ ਸਲਹੋਤਰਾ, ਵਪਾਰ ਮੰਡਲ ਦੇ ਚੈਅਰਮੈਨ ਅਸ਼ੋਕ ਮਹਾਜਨ, ਪ੍ਰਧਾਨ ਰਵੀ ਮਹਾਜਨ ਆਦਿ ਮੌਜੂਦ ਸਨ।