13 ਸਤੰਬਰ ਨੂੰ ਲਾਲ ਚੰਦ ਕਟਾਰੂ ਚੱਕ ਦੇ ਘਰ ਅੱਗੇ ਪ੍ਰਦਰਸ਼ਨ ਵਿੱਚ ਸ਼ਾਮਲ ਹੋਣਗੀਆਂ ਆਸ਼ਾ ਅਤੇ ਮਿਡ ਡੇ ਮੀਲ ਵਰਕਰਾਂ
ਪੰਜਾਬ ਸਰਕਾਰ ਵੱਲੋਂ ਵਾਅਦਾ ਖਿਲਾਫੀ ਕਰਨ ਦਾ ਲਾਇਆ ਦੋਸ਼
ਰੋਹਿਤ ਗੁਪਤਾ

ਗੁਰਦਾਸਪੁਰ 8 ਸਤੰਬਰ ਨੂੰ ਮੋਹਾਲੀ ਵਿਖੇ ਆਪਣੇ ਹੱਕਾਂ ਲਈ ਮਾਣ ਭੱਤਾ ਵਰਕਰਜ ਮੋਰਚਾ ਪੰਜਾਬ ਵੱਲੋਂ ਲਾ ਮਿਸਾਲ ਰੋਸ਼ ਪ੍ਰਦਰਸਨ ਕਰਨ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ 9 ਸਤੰਬਰ ਨੂੰ ਇੱਕ ਵਜੇ ਸਬ ਕਮੇਟੀ ਕੈਬਨਿਟ ਮੰਤਰੀ ਪੰਜਾਬ ਨਾਲ ਮੀਟਿੰਗ ਕਰਨ ਦਾ ਲਿਖਤੀ ਸੱਦਾ ਦਿੱਤਾ ਸੀ। ਪਰ ਅਗਲੇ ਦਿਨ ਸਵੇਰੇ ਹੀ ਆਪਣੇ ਵਾਅਦੇ ਤੋਂ ਮੁਕਰਨ ਉਪਰੰਤ ਇਸ ਦੀ ਤਰੀਕ 15 ਸਤੰਬਰ ਕਰ ਦਿੱਤੀ। ਆਪਣੇ ਰੋਸ਼ ਨੂੰ ਪ੍ਰਗਟ ਕਰਨ ਲਈ ਇਸ ਕਰਕੇ ਉਹ ਸਾਂਝੀ ਮੁਲਾਜਮ ਤਾਲਮੇਲ ਕਮੇਟੀ ਵੱਲੋਂ 13 ਸਤੰਬਰ ਨੂੰ ਕੈਬਨਿਟ ਮੰਤਰੀ ਸ੍ਰੀ ਲਾਲ ਚੰਦ ਕਟਾਰੂ ਚੱਕ ਦੇ ਘਰ ਅੱਗੇ ਕੀਤੇ ਜਾਣ ਵਾਲੇ ਰੋਸ਼ ਪ੍ਰਦਰਸਨ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣਗੀਆਂ। ਵਰਕਰਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਸ਼ਾ ਵਰਕਰਜ ਅਤੇ ਫੈਸੀਲੀਟੇਟਰਜ ਯੂਨੀਅਨ, ਮਿਡ ਡੇ ਮੀਲ ਕੁੱਕ ਬੀਬੀਆਂ, ਸਫ਼ਾਈ ਸੇਵਕਾਂ ਇਸ ਮੋਰਚੇ ਵਿਚ ਸ਼ਾਮਿਲ ਹਨ। ਡੈਮੋਕਰੇਟਿਕ ਮੁਲਾਜ਼ਮ ਫੈਡਰੇਸ਼ਨ ਗੁਰਦਾਸਪੁਰ ਦੇ ਆਗੂ ਬਲਵਿੰਦਰ ਕੌਰ ਰਾਵਲਪਿੰਡੀ, ਗੁਰਵਿੰਦਰ ਕੌਰ ਬਹਿਰਾਮਪੁਰ, ਬਲਵਿੰਦਰ ਕੌਰ ਅਲੀ ਸ਼ੇਰ ਅਤੇ ਗੁਰਪ੍ਰੀਤ ਕੌਰ ਕੋਹਾਲੀ ਨੇ ਪੰਜਾਬ ਸਰਕਾਰ ਦੀ ਵਾਅਦਾ ਖਿਲਾਫੀ ਦਾ ਦੋਸ਼ ਲਾਉਂਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸੱਤਾ ਵਿਚ ਆਉਣ ਸਮੇਂ ਵਾਅਦਾ ਕੀਤਾ ਸੀ ਕਿ ਉਹਨਾਂ ਨੂੰ ਦੁਗਣੀ ਤਨਖਾਹ ਦਿੱਤੀ ਜਾਵੇਗੀ। ਇਹ ਵਰਨਣਯੋਗ ਹੈ ਕਿ ਇੱਕ ਆਸ਼ਾ ਵਰਕਰਜ ਨੂੰ ਮਹਿਜ਼ 2500 ਰੁਪਏ ਅਤੇ ਮਿਡ ਡੇ ਮੀਲ ਵਰਕਰਾਂ ਸਫ਼ਾਈ ਸੇਵਕਾਂ ਨੂੰ 3000 ਰੁਪਏ ਮਹੀਨਾ ਤਨਖਾਹ ਦਿੱਤੀ ਜਾਂਦੀ ਹੈ। ਪੰਜਾਬ ਸਰਕਾਰ ਵੱਲੋਂ ਪਿਛਲੇ ਚਾਰ ਸਾਲਾਂ ਤੋਂ ਇੱਕ ਰੁਪਏ ਵਾਧਾ ਨਹੀਂ ਕੀਤਾ। ਵਰਕਰਾਂ ਦੀ ਕੋਈ ਪੈਨਸ਼ਨ ਸਕੀਮ ਨਹੀਂ ਹੈ। ਕੋਈ ਸੁਰਖਿਆ ਬੀਮਾ ਨਹੀਂ ਹੈ। 24 ਘੰਟੇ ਡਿਊਟੀ ਲਈ ਤਿਆਰ ਵਰ ਤਿਆਰ ਆਸ਼ਾ ਵਰਕਰਾਂ ਦੇ ਪੱਲੇ ਕੱਖ ਨਹੀਂ ਪੈਂਦਾ ਹੈ। ਸਕੂਲ ਵਿੱਚ ਰੋਟੀਆਂ ਪਕਾਉਣ ਤੋਂ ਇਲਾਵਾ ਵਾਧੂ ਕੰਮ ਕਰ ਰਹੀਆਂ ਕੁੱਕ ਬੀਬੀਆਂ ਨੂੰ ਮਹਿਜ਼ ਸੌ ਰੁਪਏ ਦੀ ਹਾੜੀ ਦਿੱਤੀ ਜਾਂਦੀ ਹੈ। ਇਸ ਲਈ 13 ਸਤੰਬਰ ਨੂੰ ਲਾਲ ਚੰਦ ਕਟਾਰੂ ਚੱਕ ਦੇ ਘਰ ਅੱਗੇ ਪ੍ਰਦਰਸ਼ਨ ਵਿੱਚ ਸ਼ਾਮਲ ਹੋਣਾ ਜ਼ਰੂਰੀ ਬਣ ਗਿਆ ਹੈ।
- Download Babushahi App
-
-