ਸੰਤ ਤਪੋਬਣ ਢੱਕੀ ਸਾਹਿਬ ਵਾਲਿਆਂ ਵੱਲੋਂ ਅਮਰੀਕਾ-ਇਜਰਾਇਲ-ਈਰਾਨ ਦੀ ਜੰਗਬੰਦੀ ਲਈ ਕੀਤੀ ਗਈ ਅਰਦਾਸ
ਮਹਾਂਪੁਰਖਾਂ ਨੇ ਵਿਸ਼ਵ ਭਰ ਦੇ ਰਾਸ਼ਟਰ ਮੁਖੀਆਂ ਨੂੰ ਜੰਗ ਰੁਕਵਾਉਣ ਲਈ ਕੀਤੀ ਅਪੀਲ।
ਖੰਨਾ (ਰਵਿੰਦਰ ਸਿੰਘ ਢਿੱਲੋਂ)
ਗਿਆਨ ਦੇ ਭਰਮ 'ਚ ਅਗਿਆਨਤਾ ਦੇ ਕਾਰਜ ਕਰਨੇ, ਆਪਣੇ ਆਪ ਨੂੰ ਪ੍ਰਮੁੱਖਤਾ ਪਰ ਦੂਜੇ ਨੂੰ ਨੀਵਾਂ ਦਿਖਾਉਣ ਜਾਂ ਧੋਂਸ ਠੋਸਣੀ ਕਹਿਣ ਤੋਂ ਭਾਵ ਹੇਠਲੇ ਪੱਧਰ ਤੋਂ ਵੀ ਸਿਖ਼ਰਲੇ ਪੱਖ ਤੱਕ ਇਕ-ਦੂਜੇ ਨੂੰ ਨੀਵਾਂ ਦਿਖਾਉਣ ਆਦਿ ਤੋਂ ਲੈ ਕੇ ਦੇਸ਼ਾਂ ਦੀਆਂ ਲੜਾਈਆਂ ਦਾ ਭਿਆਨਕ ਰੂਪ, ਅੱਜ ਦੇ ਦੌਰ 'ਚ ਸਾਡੇ ਸਾਹਮਣੇ ਆ ਰਿਹਾ ਹੈ। ਜਦ ਕਿ ਜਿਸਨੂੰ ਅਸੀਂ ਘੱਟ ਗਿਆਨ ਦੇ ਯੁੱਗ ਦੀ ਗੱਲ ਕਰਦੇ ਹਾਂ, ਉਸ ਵੇਲੇ ਤਾਂ ਮਨੁੱਖ ਅਮਨ-ਸ਼ਾਂਤੀ ਨਾਲ ਵਿਚਰਦਾ ਸੀ। ਜਦ ਕਿ ਅੱਜ ਇਕ ਤਰ੍ਹਾਂ ਨਾਲ ਮਨੁੱਖ ਖਤਰਨਾਕ ਬਾਰੂਦ ਦੇ ਢੇਰ ਤੇ ਬੈਠਾ ਨਜ਼ਰ ਆ ਰਿਹਾ ਹੈ ।
ਧਰਮ ਪ੍ਰਚਾਰ, ਵਿਸ਼ਵ ਸ਼ਾਂਤੀ ਤੇ ਭਾਈਚਾਰੇ ਦੀ ਮਜ਼ਬੂਤੀ ਹਿੱਤ ਨਿਰੰਤਰ ਕਾਰਜਸ਼ੀਲ ਰਹਿਣ ਵਾਲੀ ਅਜ਼ੀਮ ਸ਼ਖ਼ਸੀਅਤ ਸੰਤ ਬਾਬਾ ਦਰਸ਼ਨ ਸਿੰਘ ਖਾਲਸਾ ਤਪੋਬਣ ਢੱਕੀ ਸਾਹਿਬ ਮਕਸੂਦੜਾ ਵਾਲਿਆਂ ਵਲੋਂ ਭਾਈ ਗੁਰਦੀਪ ਸਿੰਘ ਢੱਕੀ ਸਾਹਿਬ ਵਲੋਂ ਪ੍ਰੈਸ ਰਾਂਹੀ ਭੇਜੇ ਸੁਨੇਹੇ ਵਿੱਚ ਮੱਧ ਏਸ਼ੀਆ 'ਚ ਚੱਲਦੇ ਅਮਰੀਕਾ,ਇਜਰਾਈਲ-ਈਰਾਨ ਯੁੱਧ ਦਾ ਜਿਕਰ ਕਰਦਿਆਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮਹਾਂਪੁਰਸ਼ਾਂ ਵੱਲੋਂ ਜਿੱਥੇ ਗੁਰਦੁਅਆਰਾ ਗੁਰੂ ਨਾਨਕ ਪ੍ਰਕਾਸ਼ ਦਮਦਮੀ ਟਕਸਾਲ ਬੈਲਿੰਗਹੈਮ ਵਾਸ਼ਿੰਗਟਨ ਤੇ ਹੋਰ ਗੂਰੂ ਘਰਾਂ ਵਿਖੇ ਕੀਰਤਨ ਦੀਵਾਨ ਸਜਾਉਣ ਉਪਰੰਤ ਸੰਗਤੀ ਰੂਪ 'ਚ ਅਮਰੀਕਾ, ਇਸਰਾਇਲ ਅਤੇ ਈਰਾਨ ਦਰਮਿਆਨ ਲੱਗੀ ਜੰਗ ਦੀ ਜੰਗਬੰਦੀ ਲਈ ਅਰਦਾਸ ਕੀਤੀ ਗਈ ੳੱਥੇ ਉਹ ਆਪਣੇ ਨਿੱਤਨੇਮ ਉਪਰੰਤ ਵੀ ਸ਼ੁਭਾ ਸ਼ਾਮ ਜੰਗਬੰਦੀ ਦੀ ਅਰਦਾਸ ਕਰਦੇ ਹਨ। ਉਨ੍ਹਾਂ ਮਹਾਂਪੁਰਸ਼ਾਂ ਦੇ ਸੁਨੇਹੇ ਨੂੰ ਸਾਂਝਾ ਕਰਦਿਆਂ ਕਿਹਾ ਜੰਗ ਕਿਸੇ ਸਮੱਸਿਆ ਦਾ ਹੱਲ ਨਹੀਂ ਜੰਗ ਤਾਂ ਵਿਨਾਸ਼ ਦਾ ਦੂਜਾ ਨਾਮ ਹੈ। ਉਨ੍ਹਾਂ ਇਤਿਹਾਸਕ ਹਵਾਲਿਆਂ ਨਾਲ ਕਿਹਾ ਕਿ ਜਦੋਂ ਕਿ ਸਾਡੇ ਕੋਲ ਇਤਿਹਾਸਕ ਹਵਾਲੇ ਨੇ, ਜਿਨ੍ਹਾਂ ਤੋਂ ਸਪੱਸ਼ਟ ਹੁੰਦਾ ਹੈ ਕਿ ਹਰ ਯੁੱਧ ਨੇ ਮਨੁੱਖਤਾ ਸਮੇਤ ਜੀਵ-ਜੰਤੂਆਂ ਆਦਿ ਦੇ ਨਾਲ ਨਾਲ ਵਾਤਾਵਰਨ ਦਾ ਵੀ ਵਿਨਾਸ ਕੀਤਾ ਹੈ ਤਾਂ ਫੇਰ ਜੰਗ ਹੀ ਕਿਉਂ ? ਮਹਾਂਪੁਰਸ਼ਾਂ ਨੇ ਮੱਧ ਏਸ਼ੀਆ ਦੇ ਅਜੋਕੇ ਹਾਲਾਤਾਂ ਦਾ ਜਿਕਰ ਕਰਦਿਆਂ ਕਿਹਾ ਕਿ ਮਸੂਮ ਬੇਕਸੂਰ ਤੇ ਅਮਨ ਪਸੰਦ ਲੋਕਾਂ ਨੂੰ ਅਣਆਈ ਮੌਤ ਦੇ ਮੂੰਹ 'ਚ ਧੱਕਿਆ ਜਾ ਰਿਹਾ ਹੈ। ਉਨ੍ਹਾਂ ਮੀਡੀਆ ਖਬਰਾਂ ਦੇ ਹਵਾਲੇ ਨਾਲ ਦੱਸਿਆ ਕਿ ਕੋਈ ਰੁਜ਼ਗਾਰ ਲਈ ਉਸ ਖੇਤਰ 'ਚ ਗਿਆ, ਕੋਈ ਸਕੂਲ ਪੜਨ ਗਿਆ ਵਿਦਿਆਰਥੀ, ਕੋਈ ਹਸਪਤਾਲ 'ਚ ਮਰੀਜ਼ਾਂ ਦਾ ਇਲਾਜ਼ ਕਰਾਉਣ ਲਈ ਗਿਆ, ਕੋਈ ਪ੍ਰਬੰਧਕੀ ਸੇਵਾਵਾਂ ਨਿਭਾ ਰਿਹਾ ਆਦਿਕ ਜਦੋਂ ਅਣਆਈ ਮੌਤ ਦੇ ਮੂੰਹ ਵਿੱਚ ਚਲੇ ਜਾਂਦੇ ਹਨ ਤਾਂ ਅਤਿ ਮੰਦਭਾਗਾ ਹੈ । ਬੇਜੁਬਾਨ ਪਸ਼ੂ ਪੰਛੀਆਂ ਦਾ ਨਾਸ਼ ਹੋ ਰਿਹਾ ਹੈ। ਸਾਫ਼ ਵਾਤਾਵਰਨ ਬਰੂਦ ਦੇ ਜਹਿਰੀਲੇ ਧੂਏਂ ਨਾਲ ਪਲੀਤ ਹੋ ਰਿਹਾ ਹੈ। ਚਾਰ ਚੁਫੇਰੇ ਡਰ ਦਾ ਮਹੌਲ ਸਿਰਜਿਆ ਹੋਇਆ ਹੈ। ਅਜਿਹੇ ਵਿੱਚ ਯੂ.ਐਨ.ਓ. ਵਰਗੀ ਸੰਸਥਾ ਵੀ ਚੁੱਪ ਹੈ। ਮਹਾਂਪੁਰਸ਼ਾਂ ਨੇ ਵਿਸ਼ਵ ਭਰ ਦੇ ਰਾਸ਼ਟਰ ਮੁਖੀਆਂ ਨੂੰ ਅਪੀਲ ਕੀਤੀ ਕਿ ਉਹ ਆਪੋ ਆਪਣੇ ਰਸੂਖ ਨਾਲ ਅਮਰੀਕਾ, ਇਸਰਾਇਲ-ਈਰਾਨ ਯੁੱਧ ਨੂੰ ਰੁਕਵਾਉਣ।
ਜਿਕਰਯੋਗ ਹੈ ਕਿ ਸੰਤ ਬਾਬਾ ਦਰਸ਼ਨ ਸਿੰਘ ਖਾਲਸਾ ਤਪੋਬਣ ਢੱਕੀ ਸਾਹਿਬ ਵਾਲਿਆਂ ਦੇ ਵਿਸ਼ਵ ਭਾਈਚਾਰੇ ਦੀ ਸਾਂਝ ਕਇਮ ਕਰਦੇ ਬੋਲ ਸ਼ੁਰੂ ਤੋਂ ਹੀ ਵੈਰ-ਭਾਵ ਤੇ ਦੂਈ ਦਵੈਤ 'ਚ ਫਸੇ ਮਨੁੱਖਾਂ ਨੂੰ ਉਨ੍ਹਾਂ ਦੇ ਅਗਿਆਨਤਾ ਭਰੇ ਭਰਮ ਜਾਲ ਚੋਂ ਮੁਕਤ ਕਰਕੇ ਬੰਦਖਲਾਸੀ ਕਰਦੇ ਮਹਿਸੂਸ ਹੁੰਦੇ ਹਨ। ਮਹਾਂਪੁਰਸ਼ਾਂ ਦਾ ਮੂਲ ਸਰੋਕਾਰ ਵਿਸ਼ਵ ਭਾਈਚਾਰੇ ਪ੍ਰਤੀ ਪਿਆਰ ਭਾਵ ਤੇ ਵਿਸ਼ਵ ਦੀ ਸ਼ਾਂਤੀ ਦਾ ਹੈ ।
Click to Follow Babushahi Facebook page →