ਸਵੱਛ ਭਾਰਤ ਦੇ ਤੀਜੇ ਪੜਾਅ ਦੇ ਸਰਵੇ ਤਹਿਤ ਸੀਚੇਵਾਲ ਮਾਡਲ ਦਾ ਨਿਰੀਖਣ
ਦੇਸ਼ ਭਰ ਵਿੱਚ ਸਫ਼ਾਈ ਨੂੰ ਲੈ ਕੇ ਹੋ ਰਿਹਾ ਹੈ ਸਰਵੇ, ਦੋ ਮੈਂਬਰੀ ਸਰਵੇ ਟੀਮ ਨੇ ਸੀਚੇਵਾਲ, ਤਲਵੰਡੀ ਮਾਧੋ ਅਤੇ ਡੱਲਾ ਸਾਹਿਬ ਦਾ ਕੀਤਾ ਦੌਰਾ*
ਬਲਵਿੰਦਰ ਸਿੰਘ ਧਾਲੀਵਾਲ
*ਸੁਲਤਾਨਪੁਰ ਲੋਧੀ, 23 ਅਕਤੂਬਰ:* ਸਵੱਛ ਭਾਰਤ ਮਿਸ਼ਨ ਦੇ ਤੀਜੇ ਪੜਾਅ ਦੀ ਸ਼ੁਰੂਆਤ ਤੋਂ ਪਹਿਲਾਂ ਦੇਸ਼ ਭਰ ਵਿੱਚ ਸਫ਼ਾਈ ਪ੍ਰਬੰਧਾਂ ਅਤੇ ਗੰਦੇ ਪਾਣੀ ਦੀ ਸੁਚੱਜੀ ਨਿਕਾਸੀ ਸਬੰਧੀ ਕੀਤੇ ਜਾ ਰਹੇ ਸਰਵੇਖਣ ਤਹਿਤ ‘ਸੀਚੇਵਾਲ ਮਾਡਲ’ ਦਾ ਨਿਰੀਖਣ ਕੀਤਾ ਗਿਆ। ਦੋ ਮੈਂਬਰੀ ਸਰਵੇਖਣ ਟੀਮ ਨੇ ਰਾਜ ਸਭਾ ਮੈਂਬਰ ਅਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਮੁਲਾਕਾਤ ਕੀਤੀ। ਟੀਮ ਵੱਲੋਂ ਪਿੰਡ ਸੀਚੇਵਾਲ, ਤਲਵੰਡੀ ਮਾਧੋ ਅਤੇ ਡੱਲਾ ਸਾਹਿਬ ਵਿਖੇ ਸਥਾਪਿਤ ਕੀਤੇ ਗਏ ਸੀਚੇਵਾਲ ਮਾਡਲਾਂ ਦਾ ਬਾਰੀਕੀ ਨਾਲ ਅਧਿਐਨ ਕੀਤਾ ਗਿਆ।
ਸਰਵੇਖਣ ਟੀਮ ਦੇ ਮੈਂਬਰਾਂ ਨੇ ਦੱਸਿਆ ਕਿ ਪੰਜਾਬ ਵਿੱਚ ਗੰਦੇ ਪਾਣੀ ਨੂੰ ਸੋਧਣ ਲਈ ਲੋੜੀਂਦੇ ਪ੍ਰਬੰਧਾਂ ਅਤੇ ਇਸ ’ਤੇ ਆਉਣ ਵਾਲੇ ਖਰਚੇ ਦਾ ਵਿਸਥਾਰਪੂਰਵਕ ਅਧਿਐਨ ਕੀਤਾ ਜਾ ਰਿਹਾ ਹੈ। ਟੀਮ ਦੇ ਮੈਂਬਰ ਨਿਤੀਸ਼ ਖੰਨਾ ਨੇ ਦੱਸਿਆ ਕਿ ਸਵੱਛ ਭਾਰਤ ਮਿਸ਼ਨ ਦਾ ਤੀਜਾ ਪੜਾਅ ਸ਼ੁਰੂ ਹੋਣ ਜਾ ਰਿਹਾ ਹੈ, ਜਿਸ ਦੀ ਤਿਆਰੀ ਲਈ ਵੱਖ-ਵੱਖ ਸੂਬਿਆਂ ਦੀਆਂ ਸਮੱਸਿਆਵਾਂ ਅਤੇ ਲੋੜਾਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ। ਇਸ ਸਰਵੇਖਣ ਦਾ ਉਦੇਸ਼ ਸਫ਼ਾਈ ਅਤੇ ਗੰਦੇ ਪਾਣੀ ਦੇ ਪ੍ਰਬੰਧਨ ਨਾਲ ਜੁੜੇ ਹਰ ਪਹਿਲੂ ਨੂੰ ਸਮਝਣਾ ਹੈ, ਤਾਂ ਜੋ ਸਥਾਨਕ ਲੋੜਾਂ ਅਨੁਸਾਰ ਢੁਕਵੇਂ ਪ੍ਰਬੰਧ ਕੀਤੇ ਜਾ ਸਕਣ।
ਉਨ੍ਹਾਂ ਕਿਹਾ ਕਿ ਗੰਦੇ ਪਾਣੀ ਦਾ ਨਿਪਟਾਰਾ ਅੱਜ ਦੇ ਸਮੇਂ ਵਿੱਚ ਇੱਕ ਵੱਡੀ ਚੁਣੌਤੀ ਹੈ। ਇਸ ਪਾਣੀ ਦੀ ਮੁੜ ਵਰਤੋਂ ਨੂੰ ਯਕੀਨੀ ਬਣਾਉਣ ਲਈ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਸਾਲ 1999 ਵਿੱਚ ਆਪਣੇ ਪਿੰਡ ਸੀਚੇਵਾਲ ਤੋਂ ਇੱਕ ਨਿਵੇਕਲੀ ਪਹਿਲ ਕੀਤੀ ਗਈ ਸੀ। ਇਸ ਤਜਰਬੇ ਵਿੱਚ ਹੋਰ ਸੁਧਾਰ ਕਰਦਿਆਂ ਸਾਲ 2019 ਵਿੱਚ ਪਿੰਡ ਤਲਵੰਡੀ ਮਾਧੋ ਵਿਖੇ ‘ਸੀਚੇਵਾਲ ਮਾਡਲ-2’ ਸਥਾਪਿਤ ਕੀਤਾ ਗਿਆ। ਇਸ ਤੋਂ ਬਾਅਦ ਹੋਰ ਸੁਧਾਰਾਂ ਨਾਲ ਡੱਲਾ ਸਾਹਿਬ ਵਿਖੇ ‘ਸੀਚੇਵਾਲ ਮਾਡਲ-3’ ਵਿਕਸਿਤ ਕੀਤਾ ਗਿਆ।
ਸਰਵੇਖਣ ਟੀਮ ਨੇ ਦੱਸਿਆ ਕਿ ਸੀਚੇਵਾਲ ਮਾਡਲ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਸ ਦਾ ਘੱਟ ਲਾਗਤ ਵਾਲਾ ਹੋਣਾ ਅਤੇ ਕੁਦਰਤੀ ਤਰੀਕਿਆਂ ਰਾਹੀਂ ਗੰਦੇ ਪਾਣੀ ਨੂੰ ਸਾਫ਼ ਕਰਨਾ ਹੈ। ਇਹ ਮਾਡਲ ਨਾ ਸਿਰਫ਼ ਪਾਣੀ ਦੀ ਸੁਚੱਜੀ ਨਿਕਾਸੀ ਵਿੱਚ ਸਹਾਈ ਹੁੰਦਾ ਹੈ, ਸਗੋਂ ਇਸ ਦੀ ਮੁੜ ਵਰਤੋਂ ਦੀਆਂ ਸੰਭਾਵਨਾਵਾਂ ਨੂੰ ਵੀ ਵਧਾਉਂਦਾ ਹੈ।
ਤਲਵੰਡੀ ਮਾਧੋ ਵਿਖੇ ਮਾਡਲ ਦਾ ਅਧਿਐਨ ਕਰਨ ਦੌਰਾਨ ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਦੀ ਸਫ਼ਲਤਾ ਦਾ ਮੁੱਖ ਕਾਰਨ ਲੋਕਾਂ ਦੀ ਸਿੱਧੀ ਸ਼ਮੂਲੀਅਤ ਹੈ। ਲੋਕ ਇਸ ਪ੍ਰਬੰਧ ਨੂੰ ਆਪਣੀ ਜ਼ਿੰਦਗੀ ਦਾ ਅਹਿਮ ਹਿੱਸਾ ਸਮਝਦੇ ਹਨ ਅਤੇ ਜਾਣਦੇ ਹਨ ਕਿ ਇਸ ਨਾਲ ਪਿੰਡ ਦਾ ਵਾਤਾਵਰਣ ਸਾਫ਼-ਸੁਥਰਾ ਬਣਾਉਣ ਦੇ ਨਾਲ-ਨਾਲ ਜੀਵਨ ਪੱਧਰ ਨੂੰ ਵੀ ਬਿਹਤਰ ਬਣਾਉਣ ਵਿੱਚ ਮਦਦ ਮਿਲਦੀ ਹੈ।
ਇਸ ਮੌਕੇ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਜਿਨ੍ਹਾਂ ਪਿੰਡਾਂ ਵਿੱਚ ਸੀਚੇਵਾਲ ਮਾਡਲ ਸਥਾਪਿਤ ਕੀਤੇ ਗਏ ਹਨ, ਉੱਥੇ ਸਫ਼ਾਈ ਅਤੇ ਵਾਤਾਵਰਣ ਸੰਭਾਲ ਦੇ ਚੰਗੇ ਨਤੀਜੇ ਸਾਹਮਣੇ ਆਏ ਹਨ। ਕਈ ਪਿੰਡਾਂ ਦੀ ਦਿੱਖ ਵਿੱਚ ਵੱਡਾ ਬਦਲਾਅ ਆਇਆ ਹੈ ਅਤੇ ਉਹ ਸੈਰ-ਸਪਾਟੇ ਦੇ ਆਕਰਸ਼ਕ ਸਥਾਨਾਂ ਵਜੋਂ ਉੱਭਰੇ ਹਨ। ਉਨ੍ਹਾਂ ਇਸ ਸਬੰਧੀ ਤਲਵੰਡੀ ਮਾਧੋ, ਡੱਲਾ ਸਾਹਿਬ, ਚੱਕਰ ਅਤੇ ਗੋਇੰਦਵਾਲ ਸਾਹਿਬ ਦੀਆਂ ਉਦਾਹਰਣਾਂ ਦਿੱਤੀਆਂ। ਸੰਤ ਸੀਚੇਵਾਲ ਵੱਲੋਂ ਪਿੰਡ ਸੀਚੇਵਾਲ, ਤਲਵੰਡੀ ਮਾਧੋ, ਡੱਲਾ ਸਾਹਿਬ ਦੇ ਟਰੀਟਮੈਂਟ ਪਲਾਟਾਂ ਦਾ ਟੀ.ਡੀ.ਐਸ ਚੈਕ ਕਰਵਾਇਆ ਗਿਆ। ਜਿਸਨੂੰ ਦੇਖਕੇ ਅਧਿਕਾਰੀ ਹੈਰਾਨ ਰਹਿ ਗਏ।
ਸੰਤ ਸੀਚੇਵਾਲ ਨੇ ਦੱਸਿਆ ਕਿ ਪੰਜਾਬ ਦੇ 200 ਤੋਂ ਵੱਧ ਪਿੰਡਾਂ ਵਿੱਚ ਸੀਚੇਵਾਲ ਮਾਡਲ ਰਾਹੀਂ ਗੰਦੇ ਪਾਣੀ ਦੀ ਨਿਕਾਸੀ ਅਤੇ ਪ੍ਰਬੰਧਨ ਲਈ ਠੋਸ ਪ੍ਰਬੰਧ ਕੀਤੇ ਗਏ ਹਨ। ਇਹ ਮਾਡਲ ਘੱਟ ਖਰਚੇ, ਕੁਦਰਤੀ ਤਰੀਕਿਆਂ ਅਤੇ ਲੋਕਾਂ ਦੀ ਭਾਗੀਦਾਰੀ ਰਾਹੀਂ ਪਿੰਡਾਂ ਨੂੰ ਸਾਫ਼-ਸੁਥਰਾ ਬਣਾਉਣ ਦੀ ਇੱਕ ਪ੍ਰਭਾਵਸ਼ਾਲੀ ਮਿਸਾਲ ਬਣ ਰਿਹਾ ਹੈ।
- Download Babushahi App
-
-