ਵੱਡੀ ਖ਼ਬਰ: ਨਵੇਂ ਅਕਾਲੀ ਦਲ 'ਚ ਵੀ ਪਈਆਂ ਤਰੇੜਾਂ, ਚਰਨਜੀਤ ਬਰਾੜ ਨੇ ਛੱਡੀ ਪਾਰਟੀ
ਚੰਡੀਗੜ੍ਹ, 14 ਜਨਵਰੀ 2026- ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵਿੱਚ ਚੱਲ ਰਹੀ ਅੰਦਰੂਨੀ ਖਿੱਚੋਤਾਣ ਦਰਮਿਆਨ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਪਾਰਟੀ ਦੇ ਜਨਰਲ ਸਕੱਤਰ ਅਤੇ ਮੁੱਖ ਬਲਾਰਾ ਚਰਨਜੀਤ ਸਿੰਘ ਬਰਾੜ ਨੇ ਪਾਰਟੀ ਦੇ ਸਾਰੇ ਅਹੁਦਿਆਂ ਅਤੇ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ। ਉਨ੍ਹਾਂ ਨੇ ਆਪਣਾ ਅਸਤੀਫ਼ਾ ਸਟੇਟ ਅਤੇ ਸਰਕਲ ਡੈਲੀਗੇਟਾਂ ਨੂੰ ਸੰਬੋਧਨ ਕਰਦਿਆਂ ਜਾਰੀ ਕੀਤਾ ਹੈ।
ਬਰਾੜ ਨੇ ਕਿਹਾ ਕਿ ਜਿਨ੍ਹਾਂ ਸਿਧਾਂਤਕ ਕੁਤਾਹੀਆਂ ਕਰਕੇ ਉਨ੍ਹਾਂ ਨੇ ਬਾਦਲ ਪਰਿਵਾਰ ਨਾਲ ਆਪਣੀ ਪੁਰਾਣੀ ਸਾਂਝ ਤੋੜੀ ਸੀ, ਬਦਕਿਸਮਤੀ ਨਾਲ ਨਵੀਂ ਬਣੀ 'ਪੁਨਰ ਸੁਰਜੀਤ' ਲਹਿਰ ਵਿੱਚ ਵੀ ਉਨ੍ਹਾਂ ਸਿਧਾਂਤਾਂ 'ਤੇ ਪਹਿਰਾ ਨਹੀਂ ਦਿੱਤਾ ਜਾ ਰਿਹਾ।
ਉਨ੍ਹਾਂ ਦੋਸ਼ ਲਾਇਆ ਕਿ 11 ਅਗਸਤ ਨੂੰ ਪ੍ਰਧਾਨ ਦੀ ਚੋਣ ਤੋਂ ਬਾਅਦ ਪਿਛਲੇ ਪੰਜ ਮਹੀਨਿਆਂ ਵਿੱਚ ਪਾਰਟੀ ਕਿਸੇ ਵੀ ਜਨਤਕ ਮੁੱਦੇ 'ਤੇ ਜ਼ਮੀਨੀ ਪੱਧਰ 'ਤੇ ਲੜਦੀ ਨਜ਼ਰ ਨਹੀਂ ਆਈ ਅਤੇ ਨਾ ਹੀ ਵਰਕਰਾਂ ਨੂੰ ਕੋਈ ਠੋਸ ਪ੍ਰੋਗਰਾਮ ਦਿੱਤਾ ਗਿਆ।
ਬਰਾੜ ਨੇ ਭਰੇ ਮਨ ਨਾਲ ਲਿਖਿਆ ਕਿ ਮਾਲਵੇ ਸਮੇਤ ਪੂਰੇ ਪੰਜਾਬ ਵਿੱਚ ਉਨ੍ਹਾਂ ਨੇ ਦਿਨ-ਰਾਤ ਮਿਹਨਤ ਕਰਕੇ ਜੋ ਭਰਤੀ ਕਰਵਾਈ ਸੀ, ਲੀਡਰਸ਼ਿਪ ਦੀ ਸੁਸਤੀ ਕਾਰਨ ਉਨ੍ਹਾਂ ਸਾਰੇ ਡੈਲੀਗੇਟਾਂ ਅਤੇ ਵਰਕਰਾਂ ਦਾ ਮਨੋਬਲ ਟੁੱਟ ਚੁੱਕਾ ਹੈ।
ਉਨ੍ਹਾਂ ਖੁਲਾਸਾ ਕੀਤਾ ਕਿ ਉਹ 13 ਅਕਤੂਬਰ 2025 ਤੋਂ ਹੀ ਕੰਮ ਛੱਡ ਕੇ ਘਰ ਬੈਠ ਗਏ ਸਨ, ਪਰ ਹੁਣ ਹਾਲਾਤ ਅਜਿਹੇ ਬਣ ਗਏ ਹਨ ਕਿ ਅਸਤੀਫ਼ਾ ਦੇਣ ਤੋਂ ਇਲਾਵਾ ਕੋਈ ਚਾਰਾ ਨਹੀਂ ਬਚਿਆ।
"ਹਮ ਨਹੀਂ ਚੰਗੇ ਬੁਰਾ ਨਹੀਂ ਕੋਇ"
ਆਪਣੇ ਅਸਤੀਫ਼ੇ ਵਿੱਚ ਗੁਰਬਾਣੀ ਦੀ ਪੰਕਤੀ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਉਹ ਕਿਸੇ ਦੀ ਨੁਕਤਾਚੀਨੀ ਨਹੀਂ ਕਰਨਾ ਚਾਹੁੰਦੇ, ਪਰ ਉਹ ਉਮੀਦ ਕਰਦੇ ਹਨ ਕਿ ਭਟਕੀ ਹੋਈ ਲੀਡਰਸ਼ਿਪ ਅਜੇ ਵੀ ਖ਼ੁਦ ਨੂੰ ਦਰੁਸਤ ਕਰ ਲਵੇ। ਉਨ੍ਹਾਂ ਮੀਡੀਆ ਨੂੰ ਅਪੀਲ ਕੀਤੀ ਹੈ ਕਿ ਸਿਹਤ ਠੀਕ ਹੋਣ 'ਤੇ ਉਹ ਜਲਦ ਹੀ ਵਿਸਥਾਰ ਵਿੱਚ ਇੰਟਰਵਿਊ ਰਾਹੀਂ ਆਪਣਾ ਪੱਖ ਰੱਖਣਗੇ।