ਲੁਧਿਆਣਾ ਪੁਲਿਸ ਦੀ ਵੱਡੀ ਕਾਮਯਾਬੀ: ਵੱਡੀ ਗੈਂਗਵਾਰ ਟਲੀ, ਦੋ ਨੌਜਵਾਨ ਨਜਾਇਜ਼ ਹਥਿਆਰਾਂ ਸਮੇਤ ਕਾਬੂ
ਸੁਖਮਿੰਦਰ ਭੰਗੂ
ਲੁਧਿਆਣਾ, 17 ਜੂਨ 2026
ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਗੈਂਗਸਟਰਾਂ ਅਤੇ ਨਜਾਇਜ਼ ਹਥਿਆਰ ਰੱਖਣ ਵਾਲੇ ਅਪਰਾਧੀਆਂ ਖ਼ਿਲਾਫ਼ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਲੁਧਿਆਣਾ ਪੁਲਿਸ ਨੂੰ ਇੱਕ ਮਹੱਤਵਪੂਰਨ ਸਫਲਤਾ ਹਾਸਲ ਹੋਈ ਹੈ। ਪੁਲਿਸ ਦੀ ਚੌਕਸੀ ਅਤੇ ਤੁਰੰਤ ਕਾਰਵਾਈ ਸਦਕਾ ਇੱਕ ਸੰਭਾਵਿਤ ਵੱਡੀ ਅਪਰਾਧਿਕ ਵਾਰਦਾਤ ਨੂੰ ਵਾਪਰਨ ਤੋਂ ਪਹਿਲਾਂ ਹੀ ਨਾਕਾਮ ਬਣਾ ਦਿੱਤਾ ਗਿਆ।
ਪੁਲਿਸ ਕਮਿਸ਼ਨਰ ਸਵਪਨ ਸ਼ਰਮਾ, ਡਿਪਟੀ ਕਮਿਸ਼ਨਰ ਪੁਲਿਸ (ਇਨਵੈਸਟੀਗੇਸ਼ਨ) ਹਰਪਾਲ ਸਿੰਘ, ਵਧੀਕ ਡਿਪਟੀ ਕਮਿਸ਼ਨਰ ਪੁਲਿਸ (ਇਨਵੈਸਟੀਗੇਸ਼ਨ) ਅਮਨਦੀਪ ਸਿੰਘ ਬਰਾੜ ਅਤੇ ਸਹਾਇਕ ਕਮਿਸ਼ਨਰ ਪੁਲਿਸ (ਡਿਟੈਕਟਿਵ-1) ਹਰਸ਼ਪ੍ਰੀਤ ਸਿੰਘ ਦੀ ਅਗਵਾਈ ਹੇਠ ਸੀ.ਆਈ.ਏ. ਸਟਾਫ ਲੁਧਿਆਣਾ ਦੀ ਟੀਮ ਨੇ ਇਹ ਕਾਰਵਾਈ ਅਮਲ ਵਿੱਚ ਲਿਆਂਦੀ।
16 ਜੂਨ 2026 ਨੂੰ ਸੀ.ਆਈ.ਏ. ਸਟਾਫ ਲੁਧਿਆਣਾ ਦੀ ਪੁਲਿਸ ਪਾਰਟੀ ਥਾਣਾ ਜਮਾਲਪੁਰ ਖੇਤਰ ਵਿੱਚ ਨਾਕਾਬੰਦੀ ਕਰ ਰਹੀ ਸੀ। ਇਸ ਦੌਰਾਨ ਮਿਲੀ ਭਰੋਸੇਯੋਗ ਸੂਚਨਾ ਅਨੁਸਾਰ ਦੋ ਵਿਅਕਤੀ ਨਜਾਇਜ਼ ਹਥਿਆਰਾਂ ਨਾਲ ਲੈਸ ਹੋ ਕੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਸਨ।
ਸੂਚਨਾ ਮਿਲਦੇ ਹੀ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਥਾਣਾ ਜਮਾਲਪੁਰ ਵਿੱਚ ਮੁਕੱਦਮਾ ਨੰਬਰ 152 ਮਿਤੀ 16.06.2026 ਅਧੀਨ ਧਾਰਾ 25/54/59 ਆਰਮਜ਼ ਐਕਟ ਦਰਜ ਕੀਤਾ ਅਤੇ ਰਾਮ ਨਗਰ ਆਸ਼ੀਆਨਾ ਪਾਰਕ, ਮੁੰਡੀਆਂ ਕਲਾਂ ਵਿਖੇ ਛਾਪੇਮਾਰੀ ਕਰਕੇ ਦੋਵੇਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ।
ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਦੀ ਪਛਾਣ:
ਅਭਿਸ਼ੇਕ ਕੁਮਾਰ ਉਰਫ਼ ਕਾਲਾ ਪੁੱਤਰ ਨਿਤਿਨ ਕੁਮਾਰ, ਵਾਸੀ ਰਜਿੰਦਰ ਕਲੋਨੀ, ਮੁੰਡੀਆਂ ਕਲਾਂ, ਲੁਧਿਆਣਾ ਅਤੇ
ਅਰੂਣ ਕੁਮਾਰ ਉਰਫ਼ ਬੁਲੇਟ ਪੁੱਤਰ ਸੰਜੀਵ ਕੁਮਾਰ, ਵਾਸੀ ਮਹਾਂ ਸਿੰਘ ਨਗਰ, ਡਾਬਾ ਲੁਹਾਰਾ ਰੋਡ, ਲੁਧਿਆਣਾ ਵਜੋਂ ਹੋਈ।
ਪੁਲਿਸ ਨੇ ਦੋਸ਼ੀਆਂ ਦੇ ਕਬਜ਼ੇ ਵਿੱਚੋਂ ਇੱਕ ਪਿਸਤੌਲ .32 ਬੋਰ ਸਮੇਤ 2 ਜ਼ਿੰਦਾ ਕਾਰਤੂਸ, ਇੱਕ .315 ਬੋਰ ਦੇਸੀ ਕੱਟਾ ਸਮੇਤ 2 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ।
ਮੁੱਢਲੀ ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਦੀ ਕਿਸੇ ਹੋਰ ਧਿਰ ਨਾਲ ਪੁਰਾਣੀ ਰੰਜਿਸ਼ ਚੱਲ ਰਹੀ ਸੀ। ਇਸੇ ਵੈਰ-ਵਿਰੋਧ ਕਾਰਨ ਉਨ੍ਹਾਂ ਨੇ ਨਜਾਇਜ਼ ਹਥਿਆਰ ਇਕੱਠੇ ਕੀਤੇ ਹੋਏ ਸਨ ਅਤੇ 16 ਜੂਨ ਨੂੰ ਆਪਣੇ ਵਿਰੋਧੀਆਂ 'ਤੇ ਹਮਲਾ ਕਰਨ ਦੀ ਯੋਜਨਾ ਬਣਾਈ ਹੋਈ ਸੀ।
ਪਰ ਪੁਲਿਸ ਦੀ ਸਮੇਂ ਸਿਰ ਕੀਤੀ ਕਾਰਵਾਈ ਕਾਰਨ ਨਾ ਸਿਰਫ਼ ਦੋਵੇਂ ਦੋਸ਼ੀ ਕਾਬੂ ਕਰ ਲਏ ਗਏ, ਸਗੋਂ ਇੱਕ ਸੰਭਾਵਿਤ ਗੈਂਗਵਾਰ ਜਾਂ ਗੰਭੀਰ ਅਪਰਾਧਿਕ ਘਟਨਾ ਨੂੰ ਵੀ ਟਾਲ ਦਿੱਤਾ ਗਿਆ।
ਗ੍ਰਿਫ਼ਤਾਰ ਦੋਸ਼ੀਆਂ ਵਿੱਚੋਂ ਅਭਿਸ਼ੇਕ ਕੁਮਾਰ ਉਰਫ਼ ਕਾਲਾ ਬੀ.ਏ. ਫਾਈਨਲ ਦੀ ਪੜ੍ਹਾਈ ਕਰ ਰਿਹਾ ਹੈ, ਜਦਕਿ ਅਰੂਣ ਕੁਮਾਰ ਉਰਫ਼ ਬੁਲੇਟ 10ਵੀਂ ਪਾਸ ਹੈ ਅਤੇ ਨਿੱਜੀ ਤੌਰ 'ਤੇ ਸਫ਼ਾਈ ਸੇਵਕ ਦਾ ਕੰਮ ਕਰਦਾ ਹੈ।
ਪੁਲਿਸ ਨੇ ਦੋਵੇਂ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨ ਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ ਹੈ। ਹੁਣ ਪੁਲਿਸ ਵੱਲੋਂ ਨਜਾਇਜ਼ ਹਥਿਆਰਾਂ ਦੇ ਸਰੋਤ, ਉਨ੍ਹਾਂ ਦੇ ਸੰਪਰਕਾਂ ਅਤੇ ਸੰਭਾਵਿਤ ਅਪਰਾਧਿਕ ਨੈੱਟਵਰਕ ਬਾਰੇ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
- Download Babushahi App
-
-