ਲੁਧਿਆਣਾ: ਰਿਹਾਇਸ਼ੀ ਇਲਾਕਿਆਂ 'ਚ ਧੜੱਲੇ ਨਾਲ ਚੱਲ ਰਹੇ ਗੈਰ-ਕਾਨੂੰਨੀ ਟਿਊਸ਼ਨ ਸੈਂਟਰ, ਜਾਨੀ ਨੁਕਸਾਨ ਦਾ ਖ਼ਤਰਾ ਵਧਿਆ
-ਮਾਡਲ ਟਾਊਨ ਐਕਸਟੈਂਸ਼ਨ ਦੇ ਬਲਾਕ A ਅਤੇ AX ਵਿੱਚ ਨਿਯਮਾਂ ਦੀਆਂ ਉੱਡ ਰਹੀਆਂ ਧੱਜੀਆਂ, ਨਗਰ ਨਿਗਮ ਤੋਂ ਸਖ਼ਤ ਕਾਰਵਾਈ ਦੀ ਮੰਗ
ਸੁਖਮਿੰਦਰ ਭੰਗੂ
ਲੁਧਿਆਣਾ, 25 ਜੂਨ 2026- ਸ਼ਹਿਰ ਦੇ ਪ੍ਰਮੁੱਖ ਰਿਹਾਇਸ਼ੀ ਇਲਾਕੇ ਮਾਡਲ ਟਾਊਨ ਐਕਸਟੈਂਸ਼ਨ ਦੇ ਬਲਾਕ A ਅਤੇ AX ਵਿੱਚ ਕਥਿਤ ਤੌਰ 'ਤੇ ਕਈ ਗੈਰ-ਕਾਨੂੰਨੀ ਟਿਊਸ਼ਨ ਸੈਂਟਰ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਸਥਾਨਕ ਨਿਵਾਸੀ ਅਰਵਿੰਦ ਸ਼ਰਮਾ ਨੇ ਨਗਰ ਨਿਗਮ ਕਮਿਸ਼ਨਰ ਨੂੰ ਲਿਖਤੀ ਸ਼ਿਕਾਇਤ ਭੇਜ ਕੇ ਤੁਰੰਤ ਜਾਂਚ ਅਤੇ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।
ਸ਼ਿਕਾਇਤ ਅਨੁਸਾਰ ਮਾਡਲ ਟਾਊਨ ਐਕਸਟੈਂਸ਼ਨ ਟਿਊਸ਼ਨ ਮਾਰਕੀਟ ਦੇ ਸਾਹਮਣੇ ਸਥਿਤ ਸੜਕ ਦੇ ਖੱਬੇ ਪਾਸੇ ਬਲਾਕ A ਅਤੇ ਸੱਜੇ ਪਾਸੇ ਬਲਾਕ AX ਪੂਰੀ ਤਰ੍ਹਾਂ ਰਿਹਾਇਸ਼ੀ ਖੇਤਰ ਹਨ। ਇਸ ਦੇ ਬਾਵਜੂਦ ਇੱਥੇ ਕਈ ਦੋ ਅਤੇ ਤਿੰਨ ਮੰਜ਼ਿਲਾ ਮਕਾਨਾਂ ਨੂੰ ਟਿਊਸ਼ਨ ਸੈਂਟਰਾਂ ਵਿੱਚ ਤਬਦੀਲ ਕਰਕੇ ਵਪਾਰਕ ਗਤੀਵਿਧੀਆਂ ਚਲਾਈਆਂ ਜਾ ਰਹੀਆਂ ਹਨ।
ਦੱਸਿਆ ਗਿਆ ਹੈ ਕਿ ਇਨ੍ਹਾਂ ਟਿਊਸ਼ਨ ਸੈਂਟਰਾਂ ਵਿੱਚ ਦਿਨ ਭਰ ਵੱਖ-ਵੱਖ ਬੈਚਾ ਵਿੱਚ ਕਲਾਸਾਂ ਲਗਦੀਆਂ ਹਨ, ਜਿਸ ਕਾਰਨ ਸੈਂਕੜੇ ਵਿਦਿਆਰਥੀਆਂ ਦੀ ਆਵਾਜਾਈ ਬਣੀ ਰਹਿੰਦੀ ਹੈ। ਇਸ ਨਾਲ ਨਾ ਸਿਰਫ਼ ਇਲਾਕੇ ਦੀ ਸ਼ਾਂਤੀ ਅਤੇ ਟ੍ਰੈਫਿਕ ਪ੍ਰਬੰਧਨ ਪ੍ਰਭਾਵਿਤ ਹੋ ਰਿਹਾ ਹੈ, ਸਗੋਂ ਸੁਰੱਖਿਆ ਸਬੰਧੀ ਗੰਭੀਰ ਸਵਾਲ ਵੀ ਖੜ੍ਹੇ ਹੋ ਰਹੇ ਹਨ।
ਸ਼ਿਕਾਇਤਕਰਤਾ ਦਾ ਦਾਅਵਾ ਹੈ ਕਿ ਬਹੁਤ ਸਾਰੇ ਟਿਊਸ਼ਨ ਸੈਂਟਰਾਂ ਵਿੱਚ ਅੱਗ ਬੁਝਾਊ ਪ੍ਰਬੰਧਾਂ ਸਮੇਤ ਲਾਜ਼ਮੀ ਸੁਰੱਖਿਆ ਮਾਪਦੰਡਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ। ਅਜਿਹੇ ਹਾਲਾਤਾਂ ਵਿੱਚ ਕਿਸੇ ਵੀ ਐਮਰਜੈਂਸੀ ਜਾਂ ਹਾਦਸੇ ਦੌਰਾਨ ਵੱਡੇ ਜਾਨੀ ਅਤੇ ਮਾਲੀ ਨੁਕਸਾਨ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਸ਼ਿਕਾਇਤ ਵਿੱਚ ਹਾਲ ਹੀ ਵਿੱਚ ਕੋਚਿੰਗ ਸੈਂਟਰਾਂ ਨਾਲ ਜੁੜੀਆਂ ਘਟਨਾਵਾਂ ਦਾ ਹਵਾਲਾ ਦਿੰਦਿਆਂ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਸਮੇਂ ਸਿਰ ਕਾਰਵਾਈ ਨਾ ਕੀਤੀ ਗਈ ਤਾਂ ਕੋਈ ਵੀ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ, ਜਿਸ ਦੀ ਜ਼ਿੰਮੇਵਾਰੀ ਸੰਬੰਧਿਤ ਅਧਿਕਾਰੀਆਂ 'ਤੇ ਆ ਸਕਦੀ ਹੈ।
ਅਰਵਿੰਦ ਸ਼ਰਮਾ ਨੇ ਨਗਰ ਨਿਗਮ, ਟਾਊਨ ਪਲਾਨਿੰਗ ਵਿਭਾਗ ਅਤੇ ਫਾਇਰ ਸੇਫਟੀ ਵਿਭਾਗ ਨੂੰ ਅਪੀਲ ਕੀਤੀ ਹੈ ਕਿ ਉਹ ਇਨ੍ਹਾਂ ਇਮਾਰਤਾਂ ਦੀ ਤੁਰੰਤ ਜਾਂਚ ਕਰਨ, ਬਿਲਡਿੰਗ ਬਾਈਲਾਜ਼ ਅਤੇ ਸੁਰੱਖਿਆ ਨਿਯਮਾਂ ਦੀ ਪਾਲਣਾ ਦੀ ਪੁਸ਼ਟੀ ਕਰਨ ਅਤੇ ਗੈਰ-ਅਧਿਕਾਰਤ ਤੌਰ 'ਤੇ ਚੱਲ ਰਹੇ ਟਿਊਸ਼ਨ ਸੈਂਟਰਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਯਕੀਨੀ ਬਣਾਉਣ।
ਸਥਾਨਕ ਨਿਵਾਸੀਆਂ ਦਾ ਮੰਨਣਾ ਹੈ ਕਿ ਰਿਹਾਇਸ਼ੀ ਇਲਾਕਿਆਂ ਵਿੱਚ ਵਪਾਰਕ ਗਤੀਵਿਧੀਆਂ ਨੂੰ ਬਿਨਾਂ ਮਨਜ਼ੂਰੀ ਚੱਲਣ ਦੇਣਾ ਨਾ ਸਿਰਫ਼ ਕਾਨੂੰਨ ਦੀ ਉਲੰਘਣਾ ਹੈ, ਸਗੋਂ ਲੋਕਾਂ ਦੀ ਸੁਰੱਖਿਆ ਨਾਲ ਵੀ ਸਿੱਧਾ ਖਿਲਵਾੜ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਨਗਰ ਨਿਗਮ ਇਸ ਗੰਭੀਰ ਮਾਮਲੇ ਵਿੱਚ ਕੀ ਕਦਮ ਚੁੱਕਦਾ ਹੈ। ਇਸ ਸਬੰਧੀ ਜਦੋਂ ਏਡੀਐਫ ਓ ਜਸਵਿੰਦਰ ਸਿੰਘ ਭੰਗੂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਪੂਰੇ ਸ਼ਹਿਰ ਵਿੱਚ ਜਲਦੀ ਹੀ ਇਹਨ ਟਿਊਸ਼ਨ ਸੈਂਟਰਾਂ ਤੇ ਜੋ ਗੈਰ ਕਾਨੂੰਨੀ ਪਾਏ ਗਏ ਉਹਨਾਂ ਤੇ ਕਾਰਵਾਈ ਕੀਤੀ ਜਾਵੇਗੀ। ਦੂਜੇ ਪਾਸੇ ਜਦੋਂ ਅਸਿਸਟੈਂਟ ਟਾਊਨ ਪਲੈਨਰ ਜੋਨ ਡੀ ਦੇ ਅਧਿਕਾਰੀ ਹਨੀ ਜੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇੱਕ ਸਰਵੇ ਤੋਂ ਬਾਅਦ ਇਨਾ ਸਾਰੇ ਟਿਊਸ਼ਨ ਸੈਂਟਰਾਂ ਤੇ ਕਾਰਵਾਈ ਕੀਤੀ ਜਾਵੇਗੀ। ਇਹਨਾਂ ਦਾ ਜਵਾਬ ਬੜਾ ਹੈਰਾਨ ਕਰਨ ਵਾਲਾ ਹੈ ਕਿਉਂਕਿ ਇਸ ਟਿਊਸ਼ਨ ਸੈਂਟਰ ਦੇ ਕੋਲ ਹੀ ਇੱਕ ਬਹੁਤ ਵੱਡਾ ਸਕੂਲ ਹੈ ਅਤੇ ਦੂਜੇ ਪਾਸੇ ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ ਦੀ ਰਿਹਾਇਸ਼ ਹੈ। ਰਿਹਾਇਸ਼ੀ ਏਰੀਆ ਹੋਣ ਕਰਕੇ ਇਸ ਜਗ੍ਹਾ ਤੇ ਇਹ ਟਿਊਸ਼ਨ ਸੈਂਟਰ ਚੱਲਣੇ ਬਿਲਕੁਲ ਕਾਨੂੰਨ ਦੇ ਉਲਟ ਹਨ। ਕਿਉਂਕਿ ਰਿਹਾਇਸ਼ੀ ਏਰੀਏ ਵਿੱਚ ਵਪਾਰਕ ਗਤੀਵਿਧੀਆਂ ਨਹੀਂ ਹੋ ਸਕਦੀਆਂ। ਦੇਖਦੇ ਹਾਂ ਕਿ ਨਗਰ ਨਿਗਮ ਕਮਿਸ਼ਨਰ ਕਦੋਂ ਇਨਾ ਟਿਊਸ਼ਨ ਸੈਂਟਰਾਂ ਤੇ ਕਾਰਵਾਈ ਕਰਨਗੇ।
- Download Babushahi App
-
-