ਲਾਲ ਕਿਲ੍ਹਾ ਮੈਦਾਨ ਵਿਖੇ ਲਾਈਟ ਐਂਡ ਸਾਊਂਡ ਸ਼ੋਅ 30 ਨਵੰਬਰ ਤੱਕ ਵਧਾਇਆ: ਹਰਮੀਤ ਸਿੰਘ ਕਾਲਕਾ
ਨਵੀਂ ਦਿੱਲੀ 27 ਨਵੰਬਰ, 2025
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦਿੱਲੀ ਸਰਕਾਰ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਂਝੇ ਉਪਰਾਲੇ ਅਧੀਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਉਹਨਾਂ ਨਾਲ ਸ਼ਹੀਦ ਹੋਏ ਮਹਾਨ ਗੁਰਸਿੱਖ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਲਾਲ ਕਿਲ੍ਹਾ ਮੈਦਾਨ ਦਿੱਲੀ ਵਿਖੇ ਵਿਸ਼ੇਸ਼ ਪ੍ਰਦਰਸ਼ਨੀ ਅਤੇ ਲਾਈਟ ਐਂਡ ਸਾਊਂਡ ਸ਼ੋਅ ਸੰਗਤਾਂ ਦੀ ਬੇਅੰਤ ਪ੍ਰੇਰਣਾ ਅਤੇ ਉਤਸ਼ਾਹ ਕਾਰਨ 30 ਨਵੰਬਰ ਤੱਕ ਵਧਾਇਆ ਗਿਆ ਹੈ।
ਕਾਲਕਾ ਨੇ ਦੱਸਿਆ ਕਿ ਭਾਈ ਮਤੀ ਦਾਸ ਜੀ ਅਜਾਇਬ ਘਰ ਅਤੇ ਉਹਨਾਂ ਦੇ ਜੀਵਨ ਅਤੇ ਬੇਮਿਸਾਲ ਕੁਰਬਾਨੀ ‘ਤੇ ਆਧਾਰਿਤ ਲਾਈਟ ਐਂਡ ਸਾਊਂਡ ਸ਼ੋਅ ਨੇ ਲੱਖਾਂ ਸੰਗਤਾਂ ਦੇ ਦਿਲਾਂ ਨੂੰ ਗਹਿਰਾਈ ਤੱਕ ਛੂਹਿਆ ਹੈ। ਉਨ੍ਹਾਂ ਕਿਹਾ ਕਿ ਸੰਗਤਾਂ ਦੀ ਭਾਰੀ ਮੰਗ ਅਤੇ ਆਧਿਆਤਮਿਕ ਜੋਸ਼ ਨੂੰ ਮੁੱਖ ਰੱਖਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਲੀ ਸਰਕਾਰ ਕੋਲ ਬੇਨਤੀ ਕੀਤੀ ਗਈ ਸੀ, ਜਿਸਨੂੰ ਸਵੀਕਾਰ ਕਰਦਿਆਂ ਸਮਾਂ ਵਧਾਉਣ ਦੀ ਮੰਜੂਰੀ ਦਿੱਤੀ ਗਈ।
ਸਰਦਾਰ ਹਰਮੀਤ ਸਿੰਘ ਕਾਲਕਾ ਨੇ ਸੰਗਤਾਂ ਨੂੰ ਅਪੀਲ ਕਰਦੇ ਹੋਏ ਕਿਹਾ,
“ਸਾਡੇ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਸਦਾ ਲਈ ਮਨੁੱਖਤਾ ਅਤੇ ਧਰਮ ਦੀ ਰੱਖਿਆ ਦਾ ਪ੍ਰਤੀਕ ਹਨ। ਸੰਗਤਾਂ ਨੂੰ ਬੇਨਤੀ ਹੈ ਕਿ ਆਪਣੇ ਪਰਿਵਾਰਾਂ ਸਮੇਤ ਵੱਡੀ ਗਿਣਤੀ ਵਿੱਚ ਲਾਲ ਕਿਲ੍ਹਾ ਮੈਦਾਨ ਪਹੁੰਚ ਕੇ ਇਸ ਰੂਹਾਨੀ ਇਤਿਹਾਸਕ ਦਰਸ਼ਨ ਦਾ ਲਾਭ ਪ੍ਰਾਪਤ ਕਰਨ।”
ਸਮਾਗਮ ਦੌਰਾਨ ਰੂਹਾਨੀ ਕੀਰਤਨ, ਇਤਿਹਾਸਕ ਵੀਡੀਓ ਓ ਪੇਸ਼ਕਸ਼ ਅਤੇ ਸ਼ਹੀਦਾਂ ਦੀ ਜੀਵਨੀ ਨਾਲ ਜੁੜੀ ਦ੍ਰਿਸ਼ ਆਵਾਜ਼ ਤਕਨੀਕ ਰਾਹੀਂ ਉਹਨਾਂ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ ਵਿਸ਼ੇਸ਼ ਦ੍ਰਿਸ਼-ਅਨੁਭਵ ਪ੍ਰਾਪਤ ਹੋਵੇਗਾ।