ਲਗਭਗ 100 ਸਾਲਾਂ ਬਾਅਦ ਮੁੜ ਜੀਵਤ ਹੋਇਆ ਇਤਿਹਾਸਕ ਕਾਦੀਆਂ-ਬਿਆਸ ਰੇਲ ਪ੍ਰੋਜੈਕਟ: ਰਵਨੀਤ ਬਿੱਟੂ
39.68 ਕਿਲੋਮੀਟਰ ਲੰਬੀ ਨਵੀਂ ਬ੍ਰਾਡ ਗੇਜ ਰੇਲ ਲਾਈਨ 'ਤੇ ਲਗਭਗ ₹1,400 ਕਰੋੜ ਦੀ ਲਾਗਤ ਆਵੇਗੀ
ਪੰਜਾਬ ਵਿੱਚ ਸੰਪਰਕ, ਧਾਰਮਿਕ ਸੈਰ-ਸਪਾਟੇ ਅਤੇ ਵਿਕਾਸ ਨੂੰ ਮਿਲੇਗਾ ਵੱਡਾ ਹੁਲਾਰਾ
ਨਵੀਂ ਦਿੱਲੀ/ਚੰਡੀਗੜ੍ਹ/ਗੁਰਦਾਸਪੁਰ, 18 ਜੂਨ 2026- ਪੰਜਾਬ ਦੇ ਮਾਝਾ ਖੇਤਰ ਲਈ ਇੱਕ ਇਤਿਹਾਸਕ ਉਪਲਬਧੀ ਵਜੋਂ ਭਾਰਤ ਸਰਕਾਰ ਨੇ ਲੰਬੇ ਸਮੇਂ ਤੋਂ ਲੰਬਿਤ ਕਾਦੀਆਂ–ਬਿਆਸ ਨਵੀਂ ਰੇਲ ਲਾਈਨ ਪ੍ਰੋਜੈਕਟ ਨੂੰ ਮੁੜ ਜੀਵੰਤ ਕਰ ਦਿੱਤਾ ਹੈ। ਅੱਜ ਰੇਲ ਭਵਨ ਵਿਖੇ ਮੀਡੀਆ ਨੂੰ ਸੰਬੋਧਨ ਕਰਦਿਆਂ ਰੇਲਵੇ ਅਤੇ ਖੁਰਾਕ ਪ੍ਰੋਸੈਸਿੰਗ ਉਦਯੋਗ ਰਾਜ ਮੰਤਰੀ ਸ੍ਰੀ ਰਵਨੀਤ ਸਿੰਘ ਬਿੱਟੂ ਨੇ ਇਸ ਮਹੱਤਵਪੂਰਨ ਪ੍ਰੋਜੈਕਟ ਲਈ ਮਾਨਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਅਤੇ ਮਾਨਯੋਗ ਰੇਲ ਮੰਤਰੀ ਅਸ਼ਵਿਨੀ ਵੈਸ਼ਣਵ ਜੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਰੇਲਵੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਖੇਤਰੀ ਵਿਕਾਸ ਨੂੰ ਗਤੀ ਦੇਣ ਲਈ ਕੇਂਦਰ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ।
ਕਾਦੀਆਂ–ਬਿਆਸ ਰੇਲ ਲਿੰਕ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਸ੍ਰੀ ਰਵਨੀਤ ਸਿੰਘ ਬਿੱਟੂ ਨੇ ਦੱਸਿਆ ਕਿ ਪ੍ਰਸਤਾਵਿਤ ਰੇਲ ਲਾਈਨ ਗੁਰਦਾਸਪੁਰ ਜ਼ਿਲ੍ਹੇ ਦੇ ਕਾਦੀਆਂ ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਬਿਆਸ ਨਾਲ ਜੋੜੇਗੀ। ਲਗਭਗ 39.68 ਕਿਲੋਮੀਟਰ ਲੰਬੀ ਇਸ ਬ੍ਰਾਡ ਗੇਜ ਰੇਲ ਲਾਈਨ ਦੀ ਅਨੁਮਾਨਿਤ ਲਾਗਤ ਕਰੀਬ ₹1,400 ਕਰੋੜ ਹੈ। ਇਸ ਪ੍ਰੋਜੈਕਟ ਨੂੰ ਉੱਤਰੀ ਰੇਲਵੇ ਵੱਲੋਂ ਲਾਗੂ ਕੀਤਾ ਜਾਵੇਗਾ। ਪ੍ਰਸਤਾਵਿਤ ਰੇਲ ਮਾਰਗ ਕਾਦੀਆਂ, ਧਪਾਈ, ਘੁਮਾਣ, ਬੁਟਾਲਾ, ਸਠਿਆਲਾ ਅਤੇ ਬਿਆਸ ਵਰਗੇ ਮਹੱਤਵਪੂਰਨ ਕਸਬਿਆਂ ਅਤੇ ਪਿੰਡਾਂ ਵਿੱਚੋਂ ਲੰਘੇਗਾ। ਇਸ ਨਾਲ ਮਾਝਾ ਖੇਤਰ ਦੇ ਕਈ ਇਲਾਕਿਆਂ ਨੂੰ ਪਹਿਲੀ ਵਾਰ ਸਿੱਧੀ ਰੇਲ ਕਨੈਕਟੀਵਿਟੀ ਪ੍ਰਾਪਤ ਹੋਵੇਗੀ ਅਤੇ ਸਥਾਨਕ ਲੋਕਾਂ ਦੀ ਆਵਾਜਾਈ ਵਿੱਚ ਮਹੱਤਵਪੂਰਨ ਸੁਧਾਰ ਆਵੇਗਾ। ਪ੍ਰੋਜੈਕਟ ਤਹਿਤ ਆਧੁਨਿਕ ਰੇਲਵੇ ਬੁਨਿਆਦੀ ਢਾਂਚਾ ਵਿਕਸਿਤ ਕੀਤਾ ਜਾਵੇਗਾ, ਜਿਸ ਵਿੱਚ ਘੁਮਾਣ ਅਤੇ ਬੁਟਾਲਾ ਵਿਖੇ ਦੋ ਕਰਾਸਿੰਗ ਸਟੇਸ਼ਨ, 11 ਵੱਡੇ ਪੁਲ, 121 ਛੋਟੇ ਪੁਲ, 54 ਰੋਡ ਅੰਡਰ ਬ੍ਰਿਜ (RUB), ਆਧੁਨਿਕ ਸਿਗਨਲਿੰਗ ਅਤੇ ਦੂਰਸੰਚਾਰ ਪ੍ਰਣਾਲੀ ਅਤੇ ਭਾਰਤ ਦੀ ਸਵਦੇਸ਼ੀ ਟ੍ਰੇਨ ਟੱਕਰ-ਰੋਕੂ ਪ੍ਰਣਾਲੀ ‘ਕਵਚ’ ਸ਼ਾਮਲ ਹੈ।
ਪ੍ਰੋਜੈਕਟ ਦੇ ਇਤਿਹਾਸ ਬਾਰੇ ਗੱਲ ਕਰਦਿਆਂ ਸ੍ਰੀ ਬਿੱਟੂ ਨੇ ਕਿਹਾ ਕਿ ਕਾਦੀਆਂ–ਬਿਆਸ ਰੇਲ ਲਿੰਕ ਦੀ ਕਲਪਨਾ ਬਰਤਾਨਵੀ ਸ਼ਾਸਨ ਦੌਰਾਨ ਕੀਤੀ ਗਈ ਸੀ। ਸਾਲ 1928–29 ਵਿੱਚ ਤਤਕਾਲੀਨ ਨਾਰਥ-ਵੈਸਟਰਨ ਰੇਲਵੇ ਵੱਲੋਂ ਇਸ ਪ੍ਰੋਜੈਕਟ ਨੂੰ ਮਨਜ਼ੂਰੀ ਦਿੱਤੀ ਗਈ ਸੀ ਅਤੇ 1930 ਦੇ ਦਹਾਕੇ ਦੇ ਸ਼ੁਰੂ ਤੱਕ ਇਸ ਦਾ ਇੱਕ ਵੱਡਾ ਹਿੱਸਾ ਤਿਆਰ ਵੀ ਕਰ ਲਿਆ ਗਿਆ ਸੀ। ਪਰੰਤੂ ਬਦਲਦੀਆਂ ਪਰਿਸਥਿਤੀਆਂ ਅਤੇ ਵਿਕਾਸਕਾਰੀ ਤਰਜੀਹਾਂ ਕਾਰਨ ਇਹ ਪ੍ਰੋਜੈਕਟ ਬੰਦ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਦੀ ਰਣਨੀਤਕ ਅਤੇ ਵਿਕਾਸਕਾਰੀ ਮਹੱਤਤਾ ਨੂੰ ਦੇਖਦਿਆਂ ਇਸ ਨੂੰ ਬਾਅਦ ਵਿੱਚ ਸੋਸ਼ਲੀ ਡਿਜ਼ਾਇਰੇਬਲ ਰੇਲ ਕਨੈਕਟੀਵਿਟੀ ਪ੍ਰੋਜੈਕਟ (SDRCP) ਵਜੋਂ ਮੁੜ ਜੀਵੰਤ ਕੀਤਾ ਗਿਆ ਅਤੇ ਸਾਲ 2010–11 ਦੇ ਪੂਰਕ ਰੇਲ ਬਜਟ ਵਿੱਚ ਸ਼ਾਮਲ ਕੀਤਾ ਗਿਆ। ਵੱਖ-ਵੱਖ ਕਾਰਨਾਂ ਅਤੇ ਪ੍ਰਕਿਰਿਆਤਮਕ ਰੁਕਾਵਟਾਂ ਕਰਕੇ ਇਹ ਪ੍ਰੋਜੈਕਟ ਅੱਗੇ ਨਹੀਂ ਵੱਧ ਸਕਿਆ, ਪਰ ਹੁਣ ਇਸ ਨੂੰ ਮੁੜ ਗਤੀ ਦਿੱਤੀ ਗਈ ਹੈ ਅਤੇ ਲਗਭਗ ₹1,400 ਕਰੋੜ ਦੀ ਸੋਧੀ ਹੋਈ ਵਿਸਥਾਰਿਤ ਲਾਗਤ ਰਿਪੋਰਟ ਤਿਆਰ ਕੀਤੀ ਗਈ ਹੈ।
ਸ੍ਰੀ ਬਿੱਟੂ ਨੇ ਕਿਹਾ ਕਿ ਇਹ ਰੇਲ ਲਾਈਨ ਸਿਰਫ਼ ਖੇਤਰੀ ਸੰਪਰਕ ਨੂੰ ਹੀ ਮਜ਼ਬੂਤ ਨਹੀਂ ਕਰੇਗੀ, ਸਗੋਂ ਐਮਰਜੈਂਸੀ ਸਥਿਤੀਆਂ ਵਿੱਚ ਅੰਮ੍ਰਿਤਸਰ–ਪਠਾਨਕੋਟ ਰੇਲ ਸੈਕਸ਼ਨ ਦੇ ਬਦਲਵੇਂ ਰੂਟ ਵਜੋਂ ਵੀ ਕੰਮ ਕਰੇਗੀ, ਜਿਸ ਨਾਲ ਉੱਤਰੀ ਭਾਰਤ ਵਿੱਚ ਰੇਲਵੇ ਸੰਚਾਲਨ ਹੋਰ ਮਜ਼ਬੂਤ ਅਤੇ ਭਰੋਸੇਯੋਗ ਬਣੇਗਾ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਨਾਲ ਖੇਤਰ ਦੀ ਆਰਥਿਕਤਾ ਨੂੰ ਵਿਆਪਕ ਲਾਭ ਮਿਲਣਗੇ। ਕਿਸਾਨਾਂ ਨੂੰ ਆਪਣੀ ਫਸਲ ਲਈ ਬਿਹਤਰ ਬਾਜ਼ਾਰ ਉਪਲਬਧ ਹੋਣਗੇ, ਆਵਾਜਾਈ ਅਤੇ ਲੌਜਿਸਟਿਕਸ ਸਹੂਲਤਾਂ ਵਿੱਚ ਸੁਧਾਰ ਹੋਵੇਗਾ, ਵਪਾਰ, ਉਦਯੋਗ ਅਤੇ ਛੋਟੇ ਕਾਰੋਬਾਰਾਂ ਨੂੰ ਹੁਲਾਰਾ ਮਿਲੇਗਾ ਅਤੇ ਨਿਰਮਾਣ ਅਤੇ ਸੰਚਾਲਨ ਦੌਰਾਨ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ। ਇਸ ਤੋਂ ਇਲਾਵਾ ਮਾਝਾ ਖੇਤਰ ਵਿੱਚ ਨਿਵੇਸ਼ ਅਤੇ ਆਰਥਿਕ ਗਤੀਵਿਧੀਆਂ ਨੂੰ ਵੀ ਪ੍ਰੋਤਸਾਹਨ ਮਿਲੇਗਾ। ਇਹ ਪ੍ਰੋਜੈਕਟ ਕਈ ਮਹੱਤਵਪੂਰਨ ਧਾਰਮਿਕ ਅਤੇ ਆਧਿਆਤਮਿਕ ਸਥਾਨਾਂ ਤੱਕ ਪਹੁੰਚ ਨੂੰ ਵੀ ਆਸਾਨ ਬਣਾਏਗਾ, ਜਿਨ੍ਹਾਂ ਵਿੱਚ ਅਹਮਦੀਆ ਮੁਸਲਿਮ ਭਾਈਚਾਰੇ ਦਾ ਜਨਮ ਸਥਾਨ ਕਾਦੀਆਂ, ਡੇਰਾ ਬਾਬਾ ਜੈਮਲ ਸਿੰਘ (ਬਿਆਸ), ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ, ਗੁਰਦੁਆਰਾ ਅਚਲ ਸਾਹਿਬ, ਗੁਰਦੁਆਰਾ ਭਗਤ ਨਾਮਦੇਵ ਜੀ (ਘੁਮਾਣ), ਗੁਰਦੁਆਰਾ ਸਾਹਿਬ ਪਾਤਸ਼ਾਹੀ ਪੰਜਵੀਂ (ਬੁਰਜ ਸਾਹਿਬ), ਗੁਰਦੁਆਰਾ ਬਾਬਾ ਰਾਜਾ ਰਾਮ ਜੀ, ਪੰਡੋਰੀ ਧਾਮ, ਰਾਮ ਸ਼ਰਨਮ ਮੰਦਰ ਅਤੇ ਸ਼ਿਰਡੀ ਸਾਈਂ ਮੰਦਰ (ਗੁਰਦਾਸਪੁਰ) ਸ਼ਾਮਲ ਹਨ।
ਉਨ੍ਹਾਂ ਕਿਹਾ ਕਿ ਬਿਹਤਰ ਰੇਲ ਸੰਪਰਕ ਨਾਲ ਧਾਰਮਿਕ ਸੈਰ-ਸਪਾਟੇ ਨੂੰ ਵੱਡਾ ਹੁਲਾਰਾ ਮਿਲੇਗਾ ਅਤੇ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸ਼ਰਧਾਲੂਆਂ ਅਤੇ ਸੈਲਾਨੀਆਂ ਲਈ ਯਾਤਰਾ ਹੋਰ ਸੁਗਮ ਬਣੇਗੀ।
ਅੰਤ ਵਿੱਚ ਸ੍ਰੀ ਰਵਨੀਤ ਸਿੰਘ ਬਿੱਟੂ ਨੇ ਕਾਦੀਆਂ, ਬਿਆਸ, ਘੁਮਾਣ, ਬੁਟਾਲਾ, ਸਠਿਆਲਾ ਅਤੇ ਸਮੁੱਚੇ ਮਾਝਾ ਖੇਤਰ ਦੇ ਲੋਕਾਂ ਨੂੰ ਇਸ ਇਤਿਹਾਸਕ ਉਪਲਬਧੀ ਲਈ ਵਧਾਈ ਦਿੱਤੀ ਅਤੇ ਭਰੋਸਾ ਦਿਵਾਇਆ ਕਿ ਕੇਂਦਰ ਸਰਕਾਰ ਪ੍ਰੋਜੈਕਟ ਨਾਲ ਸੰਬੰਧਿਤ ਸਾਰੀਆਂ ਲੋੜੀਂਦੀਆਂ ਮਨਜ਼ੂਰੀਆਂ ਜਲਦੀ ਪ੍ਰਾਪਤ ਕਰਕੇ ਇਸ ਨੂੰ ਸਮੇਂਬੱਧ ਢੰਗ ਨਾਲ ਲਾਗੂ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
- Download Babushahi App
-
-