ਭਾਜਪਾ ਆਗੂ ਗੁਰਪ੍ਰੀਤ ਮਲੂਕਾ ਵੱਲੋਂ ਸਰਕਾਰ ਤੇ ਵਿਧਾਨ ਸਭਾ 'ਚ ਨਸ਼ਿਆਂ ਦੇ ਮੁੱਦੇ ਤੋਂ ਭੱਜਣ ਦੇ ਦੋਸ਼
ਅਸ਼ੋਕ ਵਰਮਾ
ਬਠਿੰਡਾ , 25 ਅਕਤੂਬਰ 2026 : ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਵਿਚ ਐਸਆਈਆਰ ਵਿਰੁੱਧ ਪਾਏ ਗਏ ਮਤੇ ਨੂੰ ਭਾਜਪਾ ਆਗੂਆਂ ਨੇ ਗੁਮਰਾਹਕੁੰਨ ਕਰਾਰ ਦਿੱਤਾ ਹੈ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਬਠਿੰਡਾ ਦਿਹਾਤੀ ਗੁਰਪ੍ਰੀਤ ਸਿੰਘ ਮਲੂਕਾ ਨੇ ਦੋਸ਼ ਲਾਇਆ ਕਿ ਸਰਕਾਰ ਨੇ ਆਪਣੀਆਂ ਨਾਕਾਮੀਆਂ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਇਹ ਮਤਾ ਪੇਸ਼ ਕੀਤਾ ਹੈ। ਮਲੂਕਾ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿਚ ਵਿਗੜ ਰਹੀ ਅਮਨ-ਕਾਨੂੰਨ ਦੀ ਸਥਿਤੀ, ਮੁਲਾਜ਼ਮ ਵਰਗ ਦੀਆ ਹੜਤਾਲ ਅਤੇ ਨਸ਼ਿਆਂ ਦੇ ਮੁੱਦੇ 'ਤੇ ਘਿਰੀ ਹੋਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਮਾਨਸਾ ਵਿਚ ਪਰਵਿੰਦਰ ਸਿੰਘ ਝੋਟੇ ਦੇ ਕਤਲ, ਤੁਰ ਬੰਜਾਰੇ ਦੇ ਗੁਲਜ਼ਾਰ ਸਿੰਘ ਅਤੇ ਸਮਨਦੀਪ ਦੇ ਜਬਰੀ ਸਸਕਾਰ ਅਤੇ ਮੋਹਨਜੀਤ ਨਾਲ ਸਬੰਧਤ ਮਾਮਲਿਆ ਵਰਗੇ ਗੰਭੀਰ ਮੁੱਦਿਆ 'ਤੇ ਸਰਕਾਰ ਕੋਲ ਜਵਾਬ ਨਹੀ ਹਨ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਵਿਚ ਇਨ੍ਹਾਂ ਮੁੱਦਿਆ ਤੇ ਧਿਆਨ ਹਟਾਉਣ ਲਈ ਪੰਜਾਬ ਸਰਕਾਰ ਨੇ ਐਸਆਈ ਆਰ ਖਿਲਾਫ ਮਤਾ ਲਿਆਂਦਾ ਹੈ ਜੋ ਕਿ ਪੂਰੀ ਤਰਾਂ ਗੁਮਰਾਹਕੁੰਨ ਹੈ। ਉਨ੍ਹਾਂ ਅਨੁਸਾਰ ਸੂਬੇ ਵਿਚ ਐਸਆਈਆਰ ਦੀ ਪ੍ਰਕਿਰਿਆ ਲੰਬੇ ਸਮੇ ਤੋ ਚੱਲ ਰਹੀ ਸੀ ਅਤੇ ਸਰਕਾਰ ਨੇ ਪਹਿਲਾ ਇਸ ਸਬੰਧੀ ਕੋਈ ਅਸਹਿਮਤੀ ਦਰਜ ਨਹੀ ਹੈ
ਮਲੂਕਾ ਨੇ ਕਿਹਾ ਕਿ ਵਿਧਾਨ ਸਭਾ ਲੋਕਾਂ ਦੀਆਂ ਸਮੱਸਿਆਂਵਾਂ ਅਤੇ ਗੰਭੀਰ ਮੁੱਦਿਆ 'ਤੇ ਚਰਚਾ ਕਰਨ ਲਈ ਹੁੰਦੀ ਹੈ, ਨਾ ਕਿ ਗੁਮਰਾਹਕੁੰਨ ਪ੍ਰਚਾਰ ਲਈ। ਇਸ ਮੌਕੇ ਭਾਜਪਾ ਦੀ ਸਟੇਟ ਮੀਡੀਆ ਕੋ-ਇੰਚਾਰਜ ਪਰਮਪਾਲ ਕੌਰ ਸਿੱਧੂ ਨੇ ਕਿਹਾ ਕਿ ਐਸਆਈਆਰ ਵੋਟਰ ਸੂਚੀਆ ਦੀ ਸੁਧਾਈ ਨਾਲ ਸਬੰਧਤ ਅਹਿਮ ਪ੍ਰਕਿਰਿਆ ਹੈ। ਉਨ੍ਹਾ ਦਾਅਵਾ ਕੀਤਾ ਕਿ ਇਸ ਤੋਂ ਪਹਿਲਾ ਕਾਗਰਸ ਦੀਆਂ ਸਰਕਾਰਾਂ ਦੌਰਾਨ ਵੀ ਦੇਸ਼ ਵਿਚ ਦਸ ਵਾਰ ਐਸਆਈਆਰ ਕਰਵਾਈ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰਕਿਰਿਆ ਦੌਰਾਨ ਵਿਦੇਸ਼ਾਂ ਵਿੱਚ ਵੱਸਣ ਵਾਲੇ, ਮ੍ਰਿਤਕ ਅਤੇ ਦੂਹਰੀਆਂ ਵੋਟਾਂ ਰੱਖਣ ਵਾਲਿਆਂ ਦੀਆਂ ਵੋਟਾਂ ਕੱਟੀਆਂ ਗਈਆਂ ਹਨ। ਪਰਮਪਾਲ ਕੌਰ ਸਿੱਧੂ ਨੇ ਦੋਸ਼ ਲਾਇਆ ਕਿ ਕਾਂਗਰਸ, ਆਮ ਆਦਮੀ ਪਾਰਟੀ ਤੇ ਵਿਰੋਧੀ ਧਿਰਾਂ ਚੋਣਾਂ ਵਿਚ ਅਪਣੀਆਂ ਹਾਰਾਂ ਤੇ ਧਿਆਨ ਹਟਾਉਣ ਲਈ ਐੱਸਆਈਆਰ ਦਾ ਵਿਰੋਧ ਕਰ ਰਹੀਆ ਹਨ। ਉਨ੍ਹਾ ਕਿਹਾ ਕਿ ਵੋਟਰ ਸੂਚੀਆ ਦੀ ਸੁਧਾਈ ਨੂੰ ਲੈ ਕੇ ਬੇਲੋੜੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਭਾਜਪਾ ਦੇ ਜ਼ਿਲ੍ਹਾ ਮੀਡੀਆ ਕਨਵੀਨਰ ਰਤਨ ਸ਼ਰਮਾ ਮਲੂਕਾ ਨੇ ਪ੍ਰੈਸ ਨਾਲ ਸਾਂਝੀ ਕੀਤੀ।
- Download Babushahi App
-
-