ਬਿਜਲੀ ਮੁਲਾਜ਼ਮਾਂ ਨੇ 4 ਕਿਰਤ ਕੋਡਾਂ ਤੇ ਬਿਜਲੀ ਬਿੱਲ 2025 ਦਾ ਵਿਰੋਧ ਕਰਦਿਆਂ ਫੂਕੀ ਕੇਂਦਰ ਸਰਕਾਰ ਦੀ ਅਰਥੀ
ਰਵੀ ਜੱਖੂ
ਲੁਧਿਆਣਾ 26 ਨਵੰਬਰ 2025- ਕੇਂਦਰ ਦੀ ਮੋਦੀ ਸਰਕਾਰ ਵੱਲੋਂ 44 ਕਿਰਤ ਕਾਨੂੰਨਾਂ ਨੂੰ ਖਤਮ ਕਰਕੇ ਹਾਲ ਹੀ 'ਚ ਲਾਗੂ ਕੀਤੇ 4 ਲੇਬਰ ਕੋਡਾਂ ਨੂੰ ਵਾਪਸ ਲੈਣ ਦੋ ਮੰਗ ਕਰਦਿਆਂ ਅਤੇ ਜਲਦ ਲਾਗੂ ਕੀਤੇ ਜਾਣੇ ਬਿਜਲੀ ਬਿੱਲ 2025 ਦਾ ਵਿਰੋਧ ਕਰਦਿਆਂ ਅੱਜ ਪੰਜਾਬ ਭਰ ਦੇ ਬਿਜਲੀ ਮੁਲਾਜਮਾਂ ਨੇ ਬਿਜਲੀ ਏਕਤਾ ਮੰਚ, ਜੋਆਇੰਟ ਫੋਰਮ, ਏ ਓ ਜੇ ਈ, ਗਰਿੱਡ ਸਬ ਸਟੇਸ਼ਨ ਇੰਪਲਾਈਜ ਯੂਨੀਅਨ ਅਤੇ ਪਾਵਰਕਾਮ ਐਂਡ ਟਰਾਂਸਕੋ ਪੈਨਸ਼ਨਰਜ ਯੂਨੀਅਨ ਦੇ ਸਾਂਝੇ ਸਾਡੇ ਉੱਤੇ ਗੇਟ ਰੈਲੀਆਂ ਕਰਨ ਉਪਰੰਤ ਕੇਂਦਰ ਸਰਕਾਰ ਦੀ ਅਰਥੀ ਫੂਕੀ। ਸੁੰਦਰ ਨਗਰ ਡਵੀਜ਼ਨ ਵਿੱਚ ਪੀ ਐਸ ਈ ਬੀ ਇੰਪਲਾਈਜ ਫੈਡਰੇਸ਼ਨ ਏਟਕ ਦੇ ਡਵੀਜ਼ਨ ਸਕੱਤਰ ਦੀਪਕ ਕੁਮਾਰ, ਟੀ ਐਸ ਯੂ ਦੇ ਡਵੀਜ਼ਨ ਪ੍ਰਧਾਨ ਧਰਮਪਾਲ, ਇੰਪਲਾਈਜ ਫੈਡਰੇਸ਼ਨ ਪਹਿਲਵਾਨ ਦੇ ਜੋਨ ਆਗੂ ਸਰਤਾਜ ਸਿੰਘ ਅਤੇ ਐਮ ਐਸ ਯੂ ਦੇ ਡਵੀਜ਼ਨ ਆਗੂ ਕੁਲਵੀਰ ਸਿੰਘ ਵੱਲੋਂ ਆਯੋਜਿਤ ਅਰਥੀ ਫੂਕ ਮੁਜ਼ਾਹਰੇ ਵਿੱਚ ਪੀ ਐਸ ਈ ਬੀ ਇੰਪਲਾਈਜ ਫੈਡਰੇਸ਼ਨ ਏਟਕ ਦੇ ਜਿਲ੍ਹਾ ਆਗੂ ਗੁਰਪ੍ਰੀਤ ਸਿੰਘ ਮਹਿਦੂਦਾਂ ਅਤੇ ਟੀ ਐਸ ਯੂ ਦੇ ਸਰਕਲ ਪੂਰਬੀ ਦੇ ਪ੍ਰਧਾਨ ਗੌਰਵ ਕੁਮਾਰ ਪੁੱਜੇ। ਅਰਥੀ ਫੂਕ ਮੁਜ਼ਾਹਰੇ ਦੌਰਾਨ ਗੁਰਪ੍ਰੀਤ ਸਿੰਘ ਮਹਿਦੂਦਾਂ ਅਤੇ ਗੌਰਵ ਕੁਮਾਰ ਨੇ ਦੱਸਿਆ ਕਿ ਅੱਜ ਪੰਜਾਬ ਭਰ ਦੇ ਬਿਜਲੀ ਕਾਮਿਆਂ ਵੱਲੋਂ ਉਪਰੋਕਤ ਦੋਵਾਂ ਮੁੱਦਿਆਂ ਕਾਰਨ ਗੇਟ ਰੈਲੀਆਂ ਕਰਕੇ ਕੇਂਦਰ ਸਰਕਾਰ ਦੀ ਅਰਥੀ ਫੂਕੀ ਗਈ ਹੈ ਅਤੇ ਲਾਗੂ ਕੀਤੇ ਲੇਬਰ ਕੋਡਾਂ ਨੂੰ ਰੱਦ ਕਰਨ ਦੇ ਨਾਲ ਨਾਲ ਬਿਜਲੀ ਬਿੱਲ 2025 ਦਾ ਵੀ ਵਿਰੋਧ ਕੀਤਾ ਗਿਆ ਹੈ। ਆਗੂਆਂ ਨੇ ਕਿਹਾ ਕਿ 1 ਮਈ 1886 ਦੇ ਸ਼ਿਕਾਗੋ ਦੇ ਸ਼ਹੀਦਾਂ ਨੇ ਆਪਣੀਆਂ ਜਾਨਾਂ ਕੁਰਬਾਨ ਕਰਕੇ ਜ਼ੋ ਅੱਠ ਘੰਟੇ ਕੰਮ ਕਰਨ ਅਤੇ ਆਰਾਮ ਲਈ ਸੱਤਵੇਂ ਦਿਨ ਛੁੱਟੀ ਕਰਨ ਦਾ ਅਧਿਕਾਰ ਪ੍ਰਾਪਤ ਕੀਤਾ ਸੀ ਉਸ ਦੇ ਅਧਾਰਿਤ ਸੰਵਿਧਾਨ ਨਿਰਮਾਤਾ ਅਤੇ ਦੇਸ਼ ਦੇ ਪਹਿਲੇ ਕਾਨੂੰਨ ਤੇ ਕਿਰਤ ਮੰਤਰੀ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਨੇ 44 ਕਿਰਤ ਕਾਨੂੰਨ ਬਣਾ ਕੇ ਮਜਦੂਰਾਂ ਤੇ ਮੁਲਾਜਮਾਂ ਨੂੰ ਸੁਰੱਖਿਅਤ ਕੀਤਾ ਸੀ, ਉਸ ਉੱਤੇ ਸਿੱਧਾ ਹਮਲਾ ਹਨ ਇਹ 4 ਕਿਰਤ ਕੋਡ। ਜਿਸ ਦਾ ਅੱਜ ਦੇਸ਼ ਦੇ ਮਜ਼ਦੂਰਾਂ, ਮੁਲਾਜਮਾਂ ਅਤੇ ਕਿਰਤੀਆਂ ਦੁਆਰਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਏਨ੍ਹਾ ਨੂੰ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਪਰ ਕਾਰਪੋਰੇਟ ਘਰਾਣਿਆਂ ਦੇ ਇਸ਼ਾਰਿਆਂ ਉੱਤੇ ਲਿਆਂਦੇ ਏਨ੍ਹਾ ਮਾਰੂ ਕੋਡਾਂ ਨੂੰ ਰੱਦ ਕਰਨ ਦੀ ਮੰਗ ਨੂੰ ਕੇਂਦਰ ਦੀ ਮੋਦੀ ਸਰਕਾਰ ਮੰਨ ਨਹੀਂ ਰਹੀ। ਦੋਵਾਂ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਇਹ ਕਿਰਤ ਕੋਡ ਰੱਦ ਨਹੀਂ ਹੁੰਦੇ ਤੇ ਬਿਜਲੀ ਬਿੱਲ 2025 ਵਾਪਸ ਨਹੀਂ ਹੁੰਦਾ ਅਸੀਂ ਅਪਣਾ ਵਿਰੋਧ ਪ੍ਰਦਰਸ਼ਨ ਜਾਰੀ ਰੱਖਾਂਗੇ। ਸ੍ਰ ਗੁਰਪ੍ਰੀਤ ਸਿੰਘ ਮਹਿਦੂਦਾਂ ਅਤੇ ਏ ਓ ਜੇ ਈ ਦੇ ਰਾਜੀਵ ਸ਼ਰਮਾ ਨੇ ਸੂਬੇ ਦੀ ਭਗਵੰਤ ਮਾਨ ਸਰਕਾਰ ਉੱਤੇ ਵਰਦਿਆਂ ਕਿਹਾ ਕਿ ਉਹ ਵੀ ਕੇਂਦਰ ਸਰਕਾਰ ਨਾਲ ਇੱਕ ਸੁਰ ਹੈ। ਸੂਬਾ ਸਰਕਾਰ ਕਰਜੇ ਲੈਕੇ ਪੰਜਾਬ ਨੂੰ ਪਹਿਲਾਂ ਹੀ ਕੰਗਾਲ ਕਰ ਦਿੱਤਾ ਗਿਆ ਹੈ ਅਤੇ ਹੁਣ ਰਹਿੰਦਾ ਇੱਕ ਸਾਲ ਟਪਾਉਣ ਲਈ ਉਹ ਬਿਜਲੀ ਨਿਗਮ ਦੀਆਂ ਬੇਸ਼ਕੀਮਤੀ ਜਾਇਦਾਦਾਂ ਵੇਚਣਾ ਚਾਹੁੰਦੀ ਹੈ ਜਿਸ ਦਾ ਅੱਜ ਦੀਆਂ ਰੋਸ ਰੈਲੀਆਂ ਵਿੱਚ ਵੀ ਵਿਰੋਧ ਕੀਤਾ ਗਿਆ ਹੈ। ਸ੍ਰ ਮਹਿਦੂਦਾਂ ਨੇ ਦੱਸਿਆ ਕਿ 29 ਨਵੰਬਰ ਨੂੰ ਪੰਜਾਬ ਭਰ ਦੀਆਂ ਬਿਜਲੀ ਮੁਲਾਜਮ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਇਸ਼ੜੂ ਭਵਨ ਵਿਖੇ ਹੋ ਰਹੀ ਹੈ ਜਿਥੋਂ ਦਿੱਤਾ ਗਿਆ ਅਗਲਾ ਸਖ਼ਤ ਪ੍ਰੋਗਰਾਮ ਪੂਰੀ ਸਖ਼ਤੀ ਨਾਲ ਪੰਜਾਬ ਭਰ ਵਿੱਚ ਲਾਗੂ ਕੀਤਾ ਜਾਵੇਗਾ। ਅਰਥੀ ਫੂਕ ਮੁਜ਼ਾਹਰੇ ਵਿੱਚ ਕੱਚੇ ਕਾਮਿਆਂ ਦੀ ਜਥੇਬੰਦੀ ਦੇ ਡਵੀਜ਼ਨ ਪ੍ਰਧਾਨ ਅਵਤਾਰ ਸਿੰਘ ਰਾਮਗੜ੍ਹ ਵੀ ਸਾਥੀਆਂ ਸਮੇਤ ਪੁੱਜੇ। ਇਸ ਮੌਕੇ ਅਮਰਜੀਤ ਸਿੰਘ, ਕਮਲਦੀਪ ਸਿੰਘ ਰਣੀਆ, ਰਾਮਦਾਸ, ਜਸਵਿੰਦਰ ਸਿੰਘ ਪ੍ਰਕਾਸ਼ ਚੰਦ, ਰਾਮ ਅਵਧ, ਵਿਨੋਦ ਕੁਮਾਰ, ਨਿਰਮਲ ਸਿੰਘ, ਸ਼ਿਵ ਕੁਮਾਰ, ਅਕਾਸ਼ ਸਿਨਹਾ, ਜਸਵੀਰ ਸਿੰਘ, ਹਰਜਿੰਦਰ ਸਿੰਘ, ਗੁਰਦੀਪ ਸਿੰਘ, ਮਨਪ੍ਰੀਤ ਕੌਰ, ਰਜਨੀ, ਜਸਪ੍ਰੀਤ ਕੌਰ, ਰਿਤਿਕਾ, ਰੂਚੀ, ਅਰਸ਼ੀ, ਨਿਰਭੈ ਸਿੰਘ, ਗੁਰਪ੍ਰਤਾਪ ਸਿੰਘ, ਹਰਜੀਤ ਸਿੰਘ, ਮਨਜੀਤ ਸਿੰਘ, ਗੌਰਵ, ਤਿਲਕ ਰਾਜ, ਸੋਨੂੰ ਰਾਮ, ਗੁਰਪ੍ਰੀਤ ਸਿੰਘ, ਪ੍ਰਵੀਨ ਕੁਮਾਰ ਅਤੇ ਵੱਡੀ ਗਿਣਤੀ ਵਿੱਚ ਹੋਰ ਹਾਜ਼ਰ ਸਨ।