ਬਲਾਕ ਰਾਮਪੁਰਾ ਦੀਆਂ ਦੋ ਗ੍ਰਾਮ ਪੰਚਾਇਤਾਂ ਨੇ ਪਾਣੀ ਦੀ ਸਾਂਭ-ਸੰਭਾਲ ਲਈ ਸੋਕਜਪਿੱਟ ਬਣਾਕੇ ਮਾਰੀ ਬਾਜ਼ੀ
ਅਸ਼ੋਕ ਵਰਮਾ
ਰਾਮਪੁਰਾ ਫੂਲ, 17 ਜੂਨ 2026 : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਦੀਆਂ ਕੋਸ਼ਿਸ਼ਾਂ ਸਦਕਾ ਧਰਤੀ ਹੇਠਲੇ ਪਾਣੀ ਦੇ ਲਗਾਤਾਰ ਡਿੱਗ ਰਹੇ ਪੱਧਰ ਨੂੰ ਰੋਕਣ ਅਤੇ ਮੀਂਹ ਦੇ ਪਾਣੀ ਦੀ ਯੋਗ ਵਰਤੋਂ ਨੂੰ ਯਕੀਨੀ ਬਣਾਉਣ ਲਈ ਬਲਾਕ ਰਾਮਪੁਰਾ ਦੀਆਂ ਗ੍ਰਾਮ ਪੰਚਾਇਤਾਂ ਵੱਲੋਂ ਇੱਕ ਸ਼ਲਾਘਾਯੋਗ ਮੁਹਿੰਮ ਚਲਾਈ ਜਾ ਰਹੀ ਹੈ। ਮੀਂਹ ਦੇ ਪਾਣੀ ਨੂੰ ਧਰਤੀ ਹੇਠਲੇ ਪਾਣੀ ਵਿੱਚ ਰੀਚਾਰਜ ਕਰਨ ਦੇ ਮਕਸਦ ਨਾਲ ਬਲਾਕ ਦੇ ਵੱਖ-ਵੱਖ ਪਿੰਡਾਂ ਦੀਆਂ ਸਾਂਝੀਆਂ ਥਾਵਾਂ ’ਤੇ ਵੱਡੇ ਪੱਧਰ ’ਤੇ ਸੋਕਜਪਿੱਟ (ਸੋਖਤਾ ਖੂਹ) ਤਿਆਰ ਕੀਤੇ ਗਏ ਹਨ।
ਬੀ ਡੀ.ਪੀ.ਓ. ਨਿਰਮਲ ਸਿੰਘ ਨੇ ਦੱਸਿਆ ਕਿ ਵਿਭਾਗ ਵੱਲੋਂ ਮਿਲੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਬਲਾਕ ਰਾਮਪੁਰਾ ਦੇ ਸਾਰੇ ਪਿੰਡਾਂ ਵਿੱਚ ਪਾਣੀ ਦੀ ਸਾਂਭ-ਸੰਭਾਲ ਲਈ ਸੋਕਜਪਿੱਟ ਬਣਾਉਣ ਦਾ ਕੰਮ ਮਿਲੇ ਟੀਚੇ ਅਨੁਸਾਰ ਸਫ਼ਲਤਾਪੂਰਵਕ ਪੂਰਾ ਕਰ ਲਿਆ ਗਿਆ ਹੈ। ਬੀ.ਡੀ.ਪੀ.ਓ. ਦਫ਼ਤਰ ਰਾਮਪੁਰਾ ਵਿਖੇ ਸਟਾਫ਼ ਮੀਟਿੰਗ ਦੌਰਾਨ ਉਨ੍ਹਾਂ ਸਮੂਹ ਸਟਾਫ਼, ਪੰਚਾਇਤ ਸਕੱਤਰਾਂ ਅਤੇ ਤਕਨੀਕੀ ਮਾਹਿਰਾਂ ਨੂੰ ਹਦਾਇਤ ਕੀਤੀ ਕਿ ਜਿਨ੍ਹਾਂ ਥਾਵਾਂ ’ਤੇ ਸੋਕਜਪਿੱਟਾਂ ਦਾ ਕੁਝ ਥੋੜ੍ਹਾ-ਬਹੁਤ ਕੰਮ ਬਾਕੀ ਹੈ, ਉਸ ਨੂੰ ਬਿਨਾਂ ਕਿਸੇ ਦੇਰੀ ਦੇ ਜਲਦੀ ਤੋਂ ਜਲਦੀ ਖ਼ਤਮ ਕੀਤਾ ਜਾਵੇ ਤਾਂ ਜੋ ਆਉਣ ਵਾਲੇ ਮਾਨਸੂਨ ਦੇ ਸੀਜ਼ਨ ਵਿੱਚ ਮੀਂਹ ਦੇ ਪਾਣੀ ਦੀ ਇੱਕ-ਇੱਕ ਬੂੰਦ ਨੂੰ ਧਰਤੀ ਹੇਠ ਰੀਚਾਰਜ ਕੀਤਾ ਜਾ ਸਕੇ ।
ਜੇ ਈ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਬਲਾਕ ਰਾਮਪੁਰਾ ਦੇ ਪਿੰਡ ਜੇਠੂਕੇ ਅਤੇ ਪਿੰਡ ਢੱਡੇ ਵੱਲੋਂ ਸਭ ਤੋਂ ਵਧੀਆ ਕਾਰਗੁਜ਼ਾਰੀ ਦਿਖਾਈ ਗਈ ਹੈ। ਇਨ੍ਹਾਂ ਦੋਵਾਂ ਪਿੰਡਾਂ ਵਿੱਚ ਸਭ ਤੋਂ ਵੱਧ ਸੋਕਜਪਿੱਟ ਬਣਾਏ ਜਾ ਚੁੱਕੇ ਹਨ, ਜੋ ਕਿ ਬਾਕੀ ਪਿੰਡਾਂ ਲਈ ਵੀ ਇੱਕ ਮਿਸਾਲ ਹਨ। ਹੁਣ ਤੱਕ ਬਲਾਕ ਦੇ ਪਿੰਡਾਂ ਵਿੱਚ 120 ਸੋਕਜਪਿਟ ਬਣਕੇ ਤਿਆਰ ਹੋ ਚੁੱਕੇ ਹਨ |ਸਰਪੰਚ ਅਮਰਜੀਤ ਕੌਰ ਬੱਲ੍ਹੋ ਦਾ ਕਹਿਣਾ ਹੈ ਕਿ ਪਾਣੀ ਦੀ ਇੱਕ-ਇੱਕ ਬੂੰਦ ਕੀਮਤੀ ਹੈ। ਧਰਤੀ ਹੇਠਲੇ ਪਾਣੀ ਨੂੰ ਰੀਚਾਰਜ ਕਰਨਾ ਸਮੇਂ ਦੀ ਮੁੱਖ
ਲੋੜ ਹੈ। ਗ੍ਰਾਮ ਪੰਚਾਇਤਾਂ ਨੇ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸਾ ਅਨੁਸਾਰ ਪਿੰਡਾਂ ਵਿੱਚ ਸੋਕਜਪਿਟ ਬਣਾਕੇ ਪਾਣੀ ਦੇ ਪੱਧਰ ਨੂੰ ਸਥਿਰ ਰੱਖਣ ਵਿੱਚ ਵੱਡਾ ਯੋਗਦਾਨ ਪਾਇਆ ਹੈ
ਬੀ.ਡੀ.ਪੀ.ਓ. ਨੇ ਸਮੂਹ ਗ੍ਰਾਮ ਪੰਚਾਇਤਾਂ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਸੋਕਜਪਿੱਟਾਂ ਦੀ ਸਾਂਭ-ਸੰਭਾਲ ਵੱਲ ਉਚੇਚਾ ਧਿਆਨ ਦੇਣ ਤਾਂ ਜੋ ਲੰਮੇ ਸਮੇਂ ਤੱਕ ਪਾਣੀ ਦੇ ਨਿਕਾਸ ਅਤੇ ਰੀਚਾਰਜਿੰਗ ਦੀ ਸਮੱਸਿਆ ਦਾ ਹੱਲ ਹੋ ਸਕੇ। ਇਸ ਮੀਟਿੰਗ ਵਿੱਚ ਬਲਾਕ ਦੇ ਜੇ ਈ ਮਨਪ੍ਰੀਤ ਸਿੰਘ ,ਜੇ ਈ ਕਰਨ , ਪੰਚਾਇਤ ਸਕੱਤਰ ਰਾਜਿੰਦਰਪਾਲ ,ਪਰਮਜੀਤ ਭੁੱਲਰ, ਹਰਭਜਨ ਸਿੰਘ , ਲਖਵਿੰਦਰ ਸਿੰਘ, ਜਸਪ੍ਰੀਤ ਸਿੰਘ , ਤਕਦੀਰ ਸਿੰਘ , ਸੁਪਰਡੈਂਟ ਸਰਨਜੀਤ ਸਿੰਘ, ਪਟਵਾਰੀ ਨਿਰਪਜੀਤ ਸਿੰਘ ਅਤੇ ਟੈਕਸ ਕੁਲੈਕਟਰ ਬਲਜੀਤ ਸਿੰਘ ਹਾਜ਼ਰ ਸਨ ।
- Download Babushahi App
-
-