ਬਰਨਾਲਾ: 47 ਡਿਗਰੀ ਤਾਪਮਾਨ 'ਚ ਬੂੰਦ-ਬੂੰਦ ਨੂੰ ਤਰਸੇ ਵਾਰਡ ਨੰਬਰ 29 ਅਤੇ 41 ਦੇ ਲੋਕ
ਪ੍ਰਸ਼ਾਸਨ ਦੇ ਰਵੱਈਏ ਤੋਂ ਅੱਕ ਕੇ ਲੋਕਾਂ ਨੇ ਆਪਣੇ ਖਰਚੇ 'ਤੇ ਲਗਵਾਇਆ ਟਿਊਬਵੈੱਲ
ਨਗਰ ਨਿਗਮ ਦੇ ਮੇਅਰ ਨੇ ਦਿੱਤੀ ਸਫ਼ਾਈ, ਕਿਹਾ- ਤਿੰਨ ਮੋਟਰਾਂ ਇਕੱਠੀਆਂ ਮੱਚਣ ਕਾਰਨ ਆਈ ਤਕਨੀਕੀ ਖ਼ਰਾਬੀ, ਜਲਦ ਹੋਵੇਗਾ ਹੱਲ
ਕਮਲਜੀਤ ਸੰਧੂ
ਬਰਨਾਲਾ, 1 ਜੁਲਾਈ 2026- ਬਰਨਾਲਾ ਸ਼ਹਿਰ ਦੇ ਵਾਰਡ ਨੰਬਰ 29 ਅਤੇ 41 ਦੇ ਨਿਵਾਸੀ ਪਿਛਲੇ ਇੱਕ ਹਫ਼ਤੇ ਤੋਂ ਪਾਣੀ ਦੀ ਬੂੰਦ-ਬੂੰਦ ਲਈ ਤਰਸ ਰਹੇ ਹਨ। 47 ਡਿਗਰੀ ਦੀ ਭਿਆਨਕ ਗਰਮੀ ਵਿੱਚ ਪਾਣੀ ਦੀ ਸਪਲਾਈ ਬਿਲਕੁਲ ਬੰਦ ਰਹਿਣ ਕਾਰਨ ਅੱਕੇ ਮਹੱਲਾ ਨਿਵਾਸੀਆਂ ਨੇ ਪ੍ਰਸ਼ਾਸਨ ਖ਼ਿਲਾਫ਼ ਕੱਚਾ ਕਾਲਜ ਰੋਡ 'ਤੇ ਧਰਨਾ ਦਿੱਤਾ। ਕੋਈ ਸੁਣਵਾਈ ਨਾ ਹੁੰਦੀ ਦੇਖ, ਦੋਵਾਂ ਵਾਰਡਾਂ ਦੇ ਲੋਕਾਂ ਨੇ ਆਪਸ ਵਿੱਚ ਪੈਸੇ ਇਕੱਠੇ ਕਰਕੇ ਨਵਾਂ ਟਿਊਬਵੈੱਲ ਲਗਾਉਣ ਦਾ ਫੈਸਲਾ ਕੀਤਾ ਅਤੇ ਅੱਜ ਉਸ ਦਾ ਭੂਮੀ ਪੂਜਨ ਵੀ ਕਰ ਦਿੱਤਾ।
ਧਰਨੇ 'ਤੇ ਬੈਠੇ ਸਾਬਕਾ ਐਮ.ਸੀ. ਮਹੇਸ਼ ਕੁਮਾਰ ਲੋਟਾਂ ਅਤੇ ਮੱਖਣ ਸ਼ਰਮਾ ਨੇ ਦੱਸਿਆ ਕਿ ਭਿਆਨਕ ਗਰਮੀ ਦੇ ਬਾਵਜੂਦ ਇੱਕ ਹਫ਼ਤੇ ਤੋਂ ਇਲਾਕੇ ਵਿੱਚ ਪਾਣੀ ਦੀ ਸਪਲਾਈ ਠੱਪ ਹੈ। ਲੋਕ ਪੀਣ ਵਾਲਾ ਪਾਣੀ ਮੁੱਲ ਲੈਣ ਲਈ ਮਜਬੂਰ ਹਨ ਅਤੇ ਨਹਾਉਣ-ਧੋਣ ਲਈ ਵੀ ਕੋਈ ਪਾਣੀ ਉਪਲਬਧ ਨਹੀਂ ਹੈ। ਉਨ੍ਹਾਂ ਕਿਹਾ ਕਿ ਅਸੀਂ ਸੀਵਰੇਜ ਬੋਰਡ ਦੇ ਦਫ਼ਤਰ ਦੇ ਚੱਕਰ ਕੱਟੇ, ਡਿਪਟੀ ਕਮਿਸ਼ਨਰ ਅਤੇ ਮੇਅਰ ਨੂੰ ਵਟਸਐਪ 'ਤੇ ਸ਼ਿਕਾਇਤਾਂ ਭੇਜੀਆਂ। ਮੇਅਰ ਨੇ ਇੱਕ ਦਿਨ ਫੋਨ ਚੁੱਕਿਆ, ਪਰ ਬਾਅਦ ਵਿੱਚ ਫੋਨ ਚੁੱਕਣਾ ਹੀ ਬੰਦ ਕਰ ਦਿੱਤਾ। ਸੱਤਾਧਾਰੀ ਲੋਕ ਸ਼ਾਇਦ ਇਹ ਸੋਚ ਰਹੇ ਹਨ ਕਿ ਇਹ ਇਲਾਕਾ ਬਰਨਾਲਾ ਦਾ ਹਿੱਸਾ ਹੀ ਨਹੀਂ ਹੈ। ਉਨ੍ਹਾਂ ਅੱਗੇ ਦੱਸਿਆ ਕਿ ਵਾਰਡ ਵਾਸੀਆਂ ਨੇ ਬਕਾਇਦਾ ਇੱਕ ਐਫੀਡੈਵਿਟ (ਹਲਫ਼ਨਾਮਾ) ਤਿਆਰ ਕੀਤਾ ਹੈ, ਜਿਸ ਵਿੱਚ ਲਿਖਿਆ ਗਿਆ ਹੈ ਕਿ ਇਸ ਟਿਊਬਵੈੱਲ ਦਾ ਸਾਰਾ ਖ਼ਰਚਾ ਭਾਵੇਂ ਮਹੱਲਾ ਨਿਵਾਸੀਆਂ ਨੇ ਕੀਤਾ ਹੈ, ਪਰ ਲੱਗਣ ਤੋਂ ਬਾਅਦ ਉਹ ਇਸ ਨੂੰ ਨਗਰ ਨਿਗਮ ਨੂੰ 'ਦਾਨ' ਵਜੋਂ ਸੌਂਪ ਦੇਣਗੇ ਅਤੇ ਕੋਈ ਕਲੇਮ ਨਹੀਂ ਮੰਗਣਗੇ।
ਇਸ ਮੌਕੇ ਨਰਿੰਦਰ ਗਰਗ ਨੀਟਾ ਨੇ ਪ੍ਰਸ਼ਾਸਨ 'ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਸ਼ਹੀਦ ਭਗਤ ਸਿੰਘ ਪਾਰਕ ਵਾਲਾ ਟਿਊਬਵੈੱਲ ਪਹਿਲਾਂ ਹੀ ਡੈੱਡ (ਖ਼ਰਾਬ) ਹੋ ਚੁੱਕਾ ਸੀ। ਇਸ ਸਬੰਧੀ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੇ ਐਕਸੀਅਨ, ਐਸ.ਡੀ.ਓ. ਅਤੇ ਜੇ.ਈ. ਨੂੰ ਪਹਿਲਾਂ ਹੀ ਚੇਤਾਵਨੀ ਦਿੱਤੀ ਗਈ ਸੀ ਕਿ ਵੱਡੀ ਮੁਸੀਬਤ ਆ ਸਕਦੀ ਹੈ। ਪਰ ਕਿਸੇ ਵੀ ਅਧਿਕਾਰੀ ਨੇ ਆਪਣੇ ਏ.ਸੀ. ਕਮਰੇ ਵਿੱਚੋਂ ਬਾਹਰ ਨਿਕਲ ਕੇ ਇਸ ਦੀ ਸਾਰ ਨਹੀਂ ਲਈ। ਬੇਸ਼ਰਮੀ ਦੀ ਹੱਦ ਤਾਂ ਉਦੋਂ ਹੋ ਗਈ ਜਦੋਂ ਧਰਨੇ 'ਤੇ ਬੈਠਣ ਦੇ ਬਾਵਜੂਦ ਨਾ ਤਾਂ ਕੋਈ ਪ੍ਰਸ਼ਾਸਨਿਕ ਅਧਿਕਾਰੀ ਆਇਆ ਅਤੇ ਨਾ ਹੀ ਸੱਤਾਧਾਰੀ ਪਾਰਟੀ ਦਾ ਕੋਈ ਆਗੂ ਸੁਣਵਾਈ ਲਈ ਪਹੁੰਚਿਆ।
ਦੂਜੇ ਪਾਸੇ, ਨਗਰ ਨਿਗਮ ਬਰਨਾਲਾ ਦੇ ਮੇਅਰ ਹਸਨਪ੍ਰੀਤ ਭਾਰਦਵਾਜ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਪਿਛਲੇ 3-4 ਦਿਨਾਂ ਤੋਂ ਪਾਣੀ ਦੀ ਸਮੱਸਿਆ ਆਈ ਹੈ, ਕਿਉਂਕਿ ਪੱਤੀ ਰੋਡ 'ਤੇ ਤਿੰਨ ਮੋਟਰਾਂ ਇਕੱਠੀਆਂ ਸੜ ਗਈਆਂ ਸਨ ਅਤੇ ਸ਼ਹੀਦ ਭਗਤ ਸਿੰਘ ਪਾਰਕ ਦੇ ਟਿਊਬਵੈੱਲ ਵਿੱਚ ਵੀ ਤਕਨੀਕੀ ਖ਼ਰਾਬੀ ਆ ਗਈ ਸੀ। ਮੇਅਰ ਨੇ ਕਿਹਾ ਕਿ ਪੱਤੀ ਰੋਡ ਦੇ ਟਿਊਬਵੈੱਲ ਤੁਰੰਤ ਚਾਲੂ ਕਰਵਾ ਦਿੱਤੇ ਗਏ ਹਨ ਅਤੇ ਚਿੰਟੂ ਪਾਰਕ ਟਿਊਬਵੈੱਲ ਕੱਲ੍ਹ ਤੱਕ ਚਾਲੂ ਹੋ ਜਾਵੇਗਾ, ਭਗਤ ਸਿੰਘ ਪਾਰਕ ਟਿਊਬਵੈੱਲ ਦੀ ਮੁਰੰਮਤ (ਪੰਕਚਰ ਲਗਾਉਣ ਦਾ ਕੰਮ) ਤੇਜ਼ੀ ਨਾਲ ਜਾਰੀ ਹੈ। ਮੇਅਰ ਭਾਰਦਵਾਜ ਨੇ ਦੱਸਿਆ ਕਿ ਉਨ੍ਹਾਂ ਨੇ ਅਹੁਦਾ ਸੰਭਾਲਦਿਆਂ ਹੀ 10 ਸਪੇਅਰ ਮੋਟਰਾਂ ਐਡਵਾਂਸ ਰੱਖਣ ਦੇ ਹੁਕਮ ਦਿੱਤੇ ਸਨ ਤਾਂ ਜੋ ਭਵਿੱਖ ਵਿੱਚ ਮੋਟਰ ਖ਼ਰਾਬ ਹੋਣ 'ਤੇ 7-8 ਘੰਟਿਆਂ ਦੇ ਅੰਦਰ ਹੀ ਬਦਲੀ ਜਾ ਸਕੇ। ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪੈਨਿਕ (ਪ੍ਰੇਸ਼ਾਨ) ਨਾ ਹੋਣ ਅਤੇ ਆਪਣੇ ਵਾਰਡ ਦੇ ਐਮ.ਸੀ. ਨਾਲ ਤਾਲਮੇਲ ਕਰਨ, ਜਿੱਥੇ ਵੀ ਲੋੜ ਹੋਵੇਗੀ ਟੈਂਕਰਾਂ ਰਾਹੀਂ ਪਾਣੀ ਪਹੁੰਚਾਇਆ ਜਾਵੇਗਾ। ਉਨ੍ਹਾਂ ਧਰਨਾਕਾਰੀਆਂ ਨੂੰ ਅਪੀਲ ਕੀਤੀ ਕਿ ਇਹ ਇੱਕ ਕੁਦਰਤੀ ਤਕਨੀਕੀ ਖ਼ਰਾਬੀ ਹੈ, ਇਸ ਲਈ ਇਸ ਮਸਲੇ 'ਤੇ ਸਿਆਸਤ ਕਰਨ ਦੀ ਬਜਾਏ ਰਲ-ਮਿਲ ਕੇ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਹੈ। ਨਗਰ ਨਿਗਮ ਵੱਲੋਂ ਜਲਦ ਹੀ ਇੱਕ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਜਾ ਰਿਹਾ ਹੈ।
- Download Babushahi App
-
-