ਬਠਿੰਡਾ ਖਿੱਤੇ ਵਿੱਚ ਜੰਗ ਵਰਗੇ ਹਾਲਾਤਾਂ ਵਾਂਗ 24 ਅਪ੍ਰੈਲ ਨੂੰ ਵੱਜਣਗੇ ਸਾਇਰਨ ਤੇ ਬੁਝਣਗੀਆਂ ਬੱਤੀਆਂ
ਅਸ਼ੋਕ ਵਰਮਾ
ਬਠਿੰਡਾ, 23 ਅਪ੍ਰੈਲ : ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ, ਨਵੀਂ ਦਿੱਲੀ ਦੇ ਨਿਰਦੇਸ਼ਾਂ ਅਨੁਸਾਰ ਬਠਿੰਡਾ ਵਿੱਚ 24 ਅਪ੍ਰੈਲ ਨੂੰ ਸ਼ਾਮ 8 ਵਜੇ ਸਿਵਲ ਡਿਫੈਂਸ ਏਅਰ ਰੇਡ/ ਬਲੈਕਆਉਟ ਮੌਕ ਅਭਿਆਸ ਕਰਵਾਇਆ ਜਾਵੇਗਾ।
ਇਸ ਸੰਬੰਧੀ ਤਿਆਰੀਆਂ ਨੂੰ ਅੰਤਿਮ ਰੂਪ ਦੇਣ ਲਈ ਬੁਲਾਈ ਗਈ ਬੈਠਕ ਦੀ ਅਗਵਾਈ ਕਰਦਿਆਂ ਡਿਪਟੀ ਕਮਿਸ਼ਨਰ-ਕਮ-ਕੰਟਰੋਲਰ ਸਿਵਲ ਡਿਫੈਂਸ ਸ੍ਰੀ ਰਾਜੇਸ਼ ਧੀਮਾਨ ਨੇ ਦੱਸਿਆ ਕਿ ਮੌਕ ਅਭਿਆਸ ਦੀ ਸ਼ੁਰੂਆਤ ਏਅਰ ਰੇਡ ਚੇਤਾਵਨੀ ਸੰਕੇਤ ਨਾਲ ਹੋਵੇਗੀ, ਜੋ ਸਾਇਰਨਾਂ (2 ਮਿੰਟ ਲਈ ਉੱਚੀ-ਨੀਵੀਂ ਆਵਾਜ਼) ਰਾਹੀਂ ਜਾਰੀ ਕੀਤਾ ਜਾਵੇਗਾ। ਇਸ ਦੌਰਾਨ ਪੁੱਡਾ ਮਾਰਕੀਟ, 100 ਫੁੱਟ ਰੋਡ, ਦਸਮੇਸ਼ ਸਕੂਲ ਦੇ ਸਾਹਮਣੇ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਪ੍ਰਤੀਕਾਤਮਕ ਬਲੈਕਆਉਟ ਲਾਗੂ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਨੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਬਲੈਕਆਊਟ ਦੌਰਾਨ ਗੈਰ-ਜ਼ਰੂਰੀ ਬੱਤੀਆਂ ਬੰਦ ਰੱਖੀਆਂ ਜਾਣ। ਹਾਲਾਂਕਿ, ਜ਼ਰੂਰੀ ਸੇਵਾਵਾਂ ਜਾਰੀ ਰਹਿਣਗੀਆਂ। ਮੌਕ ਅਭਿਆਸ ਸਮਾਪਤ ਹੋਣ ਉਪਰੰਤ “ਆਲ ਕਲੀਅਰ”ਦਾ ਸੰਕੇਤ (2 ਮਿੰਟ ਲਈ ਲਗਾਤਾਰ ਉੱਚ ਧੁਨੀ ਵਾਲਾ ਸਾਇਰਨ) ਵਜਾਇਆ ਜਾਵੇਗਾ, ਜੋ ਅਭਿਆਸ ਦੇ ਖ਼ਤਮ ਹੋਣ ਦੀ ਸੂਚਨਾ ਹੋਵੇਗੀ।
ਡਿਪਟੀ ਕਮਿਸ਼ਨਰ ਨੇ ਦਿਸ਼ਾ-ਨਿਰਦੇਸ਼ ਦਿੱਤੇ ਕਿ ਮੌਕ ਅਭਿਆਸ ਦੌਰਾਨ ਅੱਗ ਬੁਝਾਊ ਕਾਰਵਾਈ, ਖੋਜ਼ ਤੇ ਬਚਾਅ ਅਭਿਆਨ, ਮੁਢਲੀ ਸਿਹਤ ਸੰਭਾਲ ਅਤੇ ਮੈਡੀਕਲ ਸਹਾਇਤਾ, ਜ਼ਖ਼ਮੀਆਂ ਨੂੰ ਸੁਰੱਖਿਅਤ ਬਾਹਰ ਕੱਢਣਾ, ਟ੍ਰੈਫਿਕ ਅਤੇ ਭੀੜ ਨਿਯੰਤਰਣ ਦੇ ਉਪਾਅ ਵੀ ਪ੍ਰਤੀਕਾਤਮਕ ਤੌਰ ‘ਤੇ ਕੀਤੇ ਜਾਣਗੇ। ਆਮ ਜਨਤਾ ਨੂੰ ਉਨ੍ਹਾਂ ਅਪੀਲ ਕੀਤੀ ਕਿ ਘਬਰਾਉਣ ਦੀ ਲੋੜ ਨਹੀਂ ਹੈ, ਕਿਉਂਕਿ ਇਹ ਸਿਰਫ਼ ਸਿਵਲ ਡਿਫੈਂਸ ਦੀਆਂ ਤਿਆਰੀਆਂ ਦੀ ਜਾਂਚ ਲਈ ਰੁਟੀਨ ਅਭਿਆਸ ਹੈ।
ਇਸ ਮੌਕੇ ਏਡੀਸੀ (ਜੀ) ਮੈਡਮ ਕੰਚਨ, ਐਸਡੀਐਮ ਬਠਿੰਡਾ ਬਲਕਰਨ ਸਿੰਘ, ਐਸਡੀਐਮ ਤਲਵੰਡੀ ਸਾਬੋ ਰਾਜੇਸ਼ ਕੁਮਾਰ ਸ਼ਰਮਾ, ਐਸਡੀਐਮ ਰਾਮਪੁਰਾ ਅਤੇ ਮੌੜ ਵੀਰਪਾਲ ਕੌਰ, ਡੀਡੀਪੀਓ ਅਭਿਨਵ ਗੋਇਲ, ਡੀਐਸਪੀ ਸਰਬਜੀਤ ਬਰਾੜ, ਕੰਪਨੀ ਕਮਾਂਡਰ ਸਿਵਲ ਡਿਫੈਂਸ ਸੁਖਦੀਪ ਸਿੰਘ, ਐਨਡੀਆਰਐਫ ਅਸਿਸਟੈਂਟ ਕਮਾਂਡੈਂਟ ਦਵਿੰਦਰ ਅਤੇ ਵਿਕਰਾਂਤ, ਡਾ. ਉਸ਼ਾ ਗੋਇਲ ਜ਼ਿਲ੍ਹਾ ਸਿਹਤ ਅਧਿਕਾਰੀ ਆਦਿ ਹਾਜ਼ਰ ਸਨ।
Click to Follow Babushahi Facebook page →