ਫਿਲਮ "ਬੇਬੇ ਮੈਂ ਬਦਮਾਸ਼ ਬਣੂੰਗਾ" ਨੇ ਰਿਲੀਜ ਹੋਣ ਤੋਂ ਪਹਿਲਾਂ ਹੀ ਮਾਹੌਲ ਰੰਗੀਨ ਕੀਤਾ
ਟ੍ਰੇਲਰ 'ਚੋਂ ਝਲਕ ਰਹੀ ਹੈ ਡਾਇਰੈਕਟਰ ਸੁਖਮਿੰਦਰ ਧੰਜਲ ਦੀ ਮਿਹਨਤ
ਭੋਲੇ ਤੋਂ ਬਦਮਾਸ਼ ਬਣਨ ਤੁਰਿਆ ਜਗਜੀਤ ਸੰਧੂ ਟ੍ਰੇਲਰ ਰਾਂਹੀਂ ਵੀ ਛਾਇਆ
ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ/ ਪੰਜ ਦਰਿਆ ਬਿਊਰੋ) ਪੰਜਾਬੀ ਸਿਨੇਮਾ ਡਾਂਵਾਡੋਲ ਵਾਲੀ ਸਥਿਤੀ 'ਚੋਂ ਬਾਹਰ ਨਹੀਂ ਨਿੱਕਲ ਰਿਹਾ ਸੀ। ਸਿਰਫ ਤੇ ਸਿਰਫ ਵਿਆਹ ਦਾ ਮਾਹੌਲ, ਫੁੱਫੜਾਂ ਪਰਾਹੁਣਿਆਂ ਦੀ ਫੂਹੜ ਜਿਹੀ ਕਾਮੇਡੀ ਨੇ ਦਰਸ਼ਕ ਨੂੰ ਨਿਰਾਸ਼ ਕੀਤਾ ਹੋਇਆ ਹੈ। ਅਜਿਹੇ ਦੌਰ ਵਿੱਚ ਸਾਲ 2026 ਦੀ ਪਹਿਲੀ ਫਿਲਮ "ਬੇਬੇ ਮੈਂ ਬਦਮਾਸ਼ ਬਣੂੰਗਾ" ਬੇਸ਼ੱਕ ਫਰਵਰੀ ਦੇ ਪਹਿਲੇ ਹਫਤੇ ਰਿਲੀਜ ਹੋਣੀ ਹੈ ਪਰ ਉਸਤੋਂ ਪਹਿਲਾਂ ਰਿਲੀਜ ਹੋਏ ਟ੍ਰੇਲਰ ਨੇ ਹੀ ਖੜ੍ਹੇ ਪਾਣੀਆਂ ਵਿੱਚ ਘੜੀ ਦੀ ਡੀਕਰੀ ਦੀ ਤਾਰੀ ਵਾਂਗ ਖੂਬਸੂਰਤ ਜਿਹੀ ਹਿੱਲਜੁੱਲ ਕੀਤੀ ਹੈ। ਟ੍ਰੇਲਰ ਵਿੱਚ ਫਿਲਮ ਦੇ ਡਾਇਰੈਕਟਰ ਸੁਖਮਿੰਦਰ ਧੰਜਲ ਦੀ ਮਿਹਨਤ ਮੂੰਹੋਂ ਬੋਲਦੀ ਹੈ। ਪਾਤਰਾਂ ਮੂੰਹੋਂ ਬੁਲਵਾਏ ਸੰਵਾਦ ਤੇ ਸਿਰਜੇ ਹੋਏ ਦ੍ਰਿਸ਼ ਟ੍ਰੇਲਰ ਦੇਖਣ ਵਾਲੇ ਨੂੰ ਫਿਲਮ ਦੇਖਣ ਲਈ ਉਕਸਾਉਂਦੇ ਹਨ। ਭੋਲੇ ਦੇ ਕਿਰਦਾਰ ਨਾਲ ਪੰਜਾਬੀ ਫਿਲਮ ਜਗਤ ਵਿੱਚ ਤਰਥੱਲੀ ਮਚਾਉਣ ਵਾਲੇ ਜਗਜੀਤ ਸੰਧੂ ਦਾ ਬਦਮਾਸ਼ ਬਣਨਾ ਵੀ ਦਰਸ਼ਕ ਖੂਬ ਸਰਾਹ ਰਹੇ ਹਨ। ਜਗਜੀਤ ਸੰਧੂ ਦੇ ਮੂੰਹੋਂ ਇੱਕ ਇੱਕ ਬੋਲ ਨੂੰ ਜਿਸ ਸੰਜੀਦਗੀ ਤੇ ਖੂਬਸੂਰਤੀ ਨਾਲ ਬੁਲਵਾਇਆ ਗਿਆ ਹੈ, ਓਹ ਕੰਮ ਸੁਖਮਿੰਦਰ ਧੰਜਲ ਵਰਗਾ ਪ੍ਰਬੀਨ ਨਿਰਦੇਸ਼ਕ ਹੀ ਕਰ ਸਕਦਾ ਹੈ। ਇਹ ਵੀ ਜਿਕਰਯੋਗ ਹੈ ਫਿਲਮ ਦੀ ਕਹਾਣੀ ਵੀ ਸੁਖਮਿੰਦਰ ਧੰਜਲ ਨੇ ਲਿਖੀ ਹੈ। ਪ੍ਰੋਡਿਊਸਰ ਰੁਪਾਲੀ ਤੇ ਜਗਜੀਤ ਸੰਧੂ ਖੁਦ ਹਨ। ਫਿਲਮ ਵਿੱਚ ਜੌਹਰ ਦਿਖਾਉਣ ਵਾਲੇ ਕਲਾਕਾਰਾਂ ਦੀ ਗੱਲ ਕਰੀਏ ਤਾਂ ਜਗਜੀਤ ਸੰਧੂ ਦੇ ਨਾਲ ਹੀਰੋਇਨ ਵਜੋਂ ਅਵੀਰਾ ਸਿੰਘ ਮਸੌਣ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ। ਦਿੱਗਜ ਕਲਾਕਾਰ ਅਸੀਸ਼ ਦੁੱਗਲ, ਸੰਜੇ ਸੋਲੰਕੀ, ਪਰਮਵੀਰ ਸਿੰਘ, ਸਤਵੰਤ ਕੌਰ, ਰਾਹੁਲ ਜੰਗਰਾਲ, ਇਕੱਤਰ ਸਿੰਘ, ਜੱਸੀ ਲੌਂਗੋਵਾਲੀਆ, ਗੁਰੀ ਤੂਰ, ਬੇਅੰਤ ਸਿੰਘ ਵੀ ਨਜ਼ਰੀਂ ਪੈਣਗੇ। ਪੰਜ ਦਰਿਆ ਯੂਕੇ ਨਾਲ ਗੱਲਬਾਤ ਦੌਰਾਨ ਡਾਇਰੈਕਟਰ ਸੁਖਮਿੰਦਰ ਧੰਜਲ ਨੇ ਕਿਹਾ ਕਿ "ਅਣਥੱਕ ਮਿਹਨਤ ਦਾ ਫਲ ਉਮੀਦ ਤੋਂ ਵੀ ਵਧੇਰੇ ਮਿੱਠਾ ਹੁੰਦਾ ਹੈ। ਸਾਡੀ ਕੋਸ਼ਿਸ਼ ਹੀ ਇਹ ਐ ਕਿ ਪੰਜਾਬੀ ਫਿਲਮਾਂ ਦੇ ਨਾਂ 'ਤੇ ਦਰਸ਼ਕ ਨੂੰ ਹਾਸੇ ਦੀ ਆੜ 'ਚ ਰੋਣ-ਹਾਕਾ ਨਾ ਕੀਤਾ ਜਾਵੇ। ਦਰਸ਼ਕ ਫਿਲਮ ਦੇਖ ਕੇ ਘਰ ਨੂੰ ਜਾਣ ਵੇਲੇ ਫਿਲਮ ਟੀਮ ਲਈ ਭੱਦੀ ਸ਼ਬਦਾਵਲੀ ਵਰਤ ਕੇ ਟਿਕਟ 'ਤੇ ਪੈਸਿਆਂ ਦੀ ਬਰਬਾਦੀ ਦਾ ਰੋਣਾ ਨਾ ਰੋਵੇ। ਸਾਡੀ ਮਿਹਨਤ ਦਾ ਜਸ ਦਰਸ਼ਕ ਖੁਦ ਗਾਉਣਗੇ, ਜਦੋਂ ਦੇਖਣਗੇ ਕਿ ਜਗਜੀਤ ਸੰਧੂ ਬਦਮਾਸ਼ ਬਣਨਾ ਕਿਉਂ ਚਾਹੁੰਦਾ ਹੈ?"
ਸੁਖਮਿੰਦਰ ਧੰਜਲ ਨੇ ਕਿਹਾ ਪੰਜਾਬੀ ਫਿਲਮ ਜਗਤ ਤੋਂ ਉਮੀਦਾਂ ਲਾਈ ਬੈਠੇ ਦਰਸ਼ਕਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦਿਆਂ ਹਲਕੇ ਪੱਧਰ ਦੀ ਕਾਮੇਡੀ 'ਚੋਂ ਬਾਹਰ ਨਿਕਲਣ ਦੀ ਲੋੜ ਸੀ, ਅਸੀਂ ਓਸੇ ਕੋਸ਼ਿਸ਼ ਨੂੰ ਅਮਲੀ ਜਾਮਾ ਪਹਿਨਾਇਆ ਹੈ।
ਫਿਲਮ "ਬੇਬੇ ਮੈਂ ਬਦਮਾਸ਼ ਬਣੂੰਗਾ" ਦਾ ਟ੍ਰੇਲਰ ਦੇਖਦਿਆਂ ਮਹਿਸੂਸ ਹੁੰਦਾ ਹੈ ਕਿ ਸੁਖਮਿੰਦਰ ਧੰਜਲ ਇਸ ਫ਼ਿਲਮ ਰਾਹੀਂ ਕੁਝ ਨਿਵੇਕਲਾ ਕਰਨ ਜਾ ਰਹੇ ਹਨ। ਪੰਜਾਬੀ ਫਿਲਮ ਜਗਤ ਦੀ ਚੜ੍ਹਦੀ ਕਲਾ ਲਈ ਉਮੀਦਵਾਨ ਹੁੰਦਿਆਂ ਦੁਆ ਕਰਦੇ ਹਾਂ ਕਿ ਇਸ ਵਰ੍ਹੇ ਦੀ ਪਹਿਲੀ ਫਿਲਮ ਦਰਸ਼ਕਾਂ ਨੂੰ ਪਸੰਦ ਆਵੇ ਤੇ ਪੰਜਾਬੀ ਸਿਨੇਮਾ ਦੇ ਵੀ ਭਲੇ ਦਿਨ ਪਰਤਣ।