ਪੰਜਾਬ ਪੰਜਾਬੀਆਂ ਦਾ, ਦਿੱਲੀ ਦਾ ਰਿਮੋਰਟ ਕੰਟਰੋਲ ਹਮੇਸ਼ਾ ਲਈ ਖ਼ਤਮ ਕਰੋ: ਹਰਸਿਮਰਤ ਕੌਰ ਬਾਦਲ
ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਸ਼ਹੀਦੀ ਦਿਹਾੜੇ ’ਤੇ ਵਿਸ਼ਾਲ ਕਾਨਫਰੰਸ ਨੂੰ ਕੀਤਾ ਸੰਬੋਧਨ
ਪੰਜਾਬੀਆਂ ਨੂੰ ਇਕਜੁੱਟ ਹੋ ਕੇ ਸੂਬੇ ਨੂੰ ਲੁੱਟਣ ਵਾਲੀਆਂ ਵੰਡ ਪਾਊ ਤਾਕਤਾਂ ਅਤੇ ਪੇਪਰ ਲੀਕ ਕਰ ਕੇ ਨੌਜਵਾਨਾਂ ਦਾ ਭਵਿੱਖ ਤਬਾਹ ਕਰਨ ਅਤੇ ਹਰ ਪੰਜਾਬੀ ਸਿਰ 1.5 ਲੱਖ ਰੁਪਏ ਦਾ ਕਰਜ਼ਾ ਚਾੜ੍ਹਨ ਵਾਲੀਆਂ ਤਾਕਤਾਂ ਤੋਂ ਖਹਿੜਾ ਛੁਡਾਉਣ ਦੀ ਕੀਤੀ ਅਪੀਲ
ਜ਼ੋਰ ਦੇ ਕੇ ਕਿਹਾ ਕਿ ਅਕਾਲੀ ਦਲ ਪ੍ਰਧਾਨ ’ਤੇ ਹਮਲਾ ਇਕ ਗਿਣੀ ਮਿਥੀ ਸਾਜ਼ਿਸ਼ ਕਿਉਂਕਿ ਉਹ ਆਸ ਤੇ ਭਾਈਚਾਰਕ ਸਾਂਝ ਦੇ ਚਾਨਣ ਮੁਨਾਰੇ
ਬਾਬੂਸ਼ਾਹੀ ਬਿਊਰੋ
ਲੌਂਗੋਵਾਲ, 20 ਅਗਸਤ: ਪੰਜਾਬ ਪੰਜਾਬੀਆਂ ਦਾ ਹੈ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਬਠਿੰਡਾ ਦੇ ਐਮ ਪੀ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਕੀਤਾ ਹੈ ਤੇ ਨਾਲ ਹੀ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸੂਬੇ ਨੂੰ ਦਿੱਲੀ ਤੋਂ ਰਿਮੋਰਟ ਕੰਟਰੋਲ ਨਾਲ ਚਲਾਉਣ ਦਾ ਕੰਮ ਹਮੇਸ਼ਾ ਲਈ ਬੰਦ ਹੋਵੇ ਤੇ ਉਹਨਾਂ ਭਰੋਸਾ ਦੁਆਇਆ ਕਿ ਸੂਬੇ ਵਿਚ ਸ਼ਾਂਤੀ ਤੇ ਭਾਈਚਾਰਕ ਸਾਂਝ ਲਿਆਉਣਾ, ਗੈਂਗਸਟਰ ਰਾਜ ਖ਼ਤਮ ਕਰਨਾ ਤੇ ਨਸ਼ਿਆਂ ਦਾ ਪਸਾਰ ਖਤਮ ਕਰਨਾ ਅਗਲੀ ਅਕਾਲੀ ਸਰਕਾਰ ਦੀ ਤਰਜੀਹ ਹੋਣਗੇ।
ਇਥੇ ਭਾਵੁਕ ਤੇ ਜ਼ੋਰਦਾਰ ਭਾਸ਼ਣ ਜਿਸ ਦੌਰਾਨ ਉਹਨਾਂ ਜ਼ੋਰ ਦੇ ਕੇ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਕਾਇਰਾਂ ਵੱਲੋਂ ਗੁਰੂ ਘਰ ਵਿਚ ਉਹਨਾਂ ’ਤੇ ਦੋ ਵਾਰ ਕੀਤੇ ਹਮਲੇ ਤੋਂ ਕਦੇ ਨਹੀਂ ਡਰਨਗੇ ਅਤੇ ਉਹਨਾਂ ਗੁਰੂ ਦੋਖੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬੇਅਦਬੀ ਦੇ 600 ਕੇਸਾਂ ਵਿਚ ਕੋਈ ਵੀ ਕਾਰਵਾਈ ਨਾ ਕਰਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉਚਤਾ ਨੂੰ ਚੁਣੌਤੀ ਦੇਣ ਦੀ ਨਿਖੇਧੀ ਕੀਤੀ।
ਸਰਦਾਰਨੀ ਹਰਸਿਮਰਤ ਕੌਰ ਬਾਦਲ, ਜੋ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ 41ਵੇਂ ਸ਼ਹੀਦੀ ਦਿਹਾੜੇ ’ਤੇ ਪਾਰਟੀ ਦੀ ਵਿਸ਼ਾਲ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ, ਨੇ ਪੰਜਾਬੀਆਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਇਹਨਾਂ ਵੰਡ ਪਾਊ ਤਾਕਤਾਂ ਤੋਂ ਸੂਬੇ ਦਾ ਖਹਿੜਾ ਛੁਡਾਉਣ ਜੋ ਸੂਬੇ ਨੂੰ ਲੁੱਟ ਰਹੀਆਂ ਹਨ ਅਤੇ ਪੇਪਰ ਲੀਕ ਕਰਕੇ ਨੌਜਵਾਨਾਂ ਦਾ ਭਵਿੱਖ ਤਬਾਹ ਕਰ ਰਹੀਆਂ ਹਨ ਤੇ ਜਿਹਨਾਂ ਨੇ ਹਰ ਪੰਜਾਬੀ ਸਿਰ 1.5 ਲੱਖ ਰੁਪਏ ਦਾ ਕਰਜ਼ਾ ਚਾੜ੍ਹ ਦਿੱਤਾ ਹੈ।
ਸਰਦਾਰਨੀ ਬਾਦਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੋਚਣ ਕਿ ਪੰਜਾਬ ਦੇ ਪੁੱਤਰ ਸਰਦਾਰ ਸੁਖਬੀਰ ਸਿੰਘ ਬਾਦਲ ’ਤੇ ਗੁਰੂ ਘਰ ਵਿਚ ਹਮਲੇ ਕਿਉਂ ਹੋ ਰਹੇ ਹਨ। ਉਹਨਾਂ ਕਿਹਾ ਕਿ ਇਹ ਸਪਸ਼ਟ ਹੈ ਕਿ ਇਹ ਹਮਲੇ ਉਹਨਾਂ ਕਾਇਰਾਂ ਵੱਲੋਂ ਕੀਤੇ ਜਾ ਰਹੇ ਹਨ ਜੋ ਸਰਕਾਰਾਂ ਦੀਆਂ ਕਠਪੁਤਲੀਆਂ ਬਣ ਗਏ ਹਨ। ਉਹਨਾਂ ਕਿਹਾ ਕਿ ਅਕਾਲੀ ਦਲ ਹਮੇਸ਼ਾ ਸ਼ਾਂਤੀ, ਭਾਈਚਾਰਕ ਸਾਂਝ ਅਤੇ ਵਿਕਾਸ ਦਾ ਮੁਦੱਈ ਰਿਹਾ ਹੈ ਅਤੇ ਇਹ ਗੱਲ ਵਿਰੋਧੀਆਂ ਨੂੰ ਪਸੰਦ ਨਹੀਂ ਆ ਰਹੀ ਜੋ ਹਾਸ਼ੀਏ ’ਤੇ ਜਾ ਚੁੱਕੇ ਲੋਕਾਂ ਨੂੰ ਉਤਸ਼ਾਹਿਤ ਕਰ ਕੇ ਪਾਰਟੀ ਨੂੰ ਦੋਫਾੜ ਕਰਨਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਇਹ ’ਬਾਹਰਲੇ’ ’ਸਾਮ ਦਾਮ ਦੰਡ ਭੇਦ’ ਦੀ ਵਰਤੋਂ ਕਰ ਕੇ ਪੰਜਾਬੀਆਂ ਨੂੰ ਵੰਡ ਕੇ ਉਹਨਾਂ ’ਤੇ ਰਾਜ ਕਰਨਾ ਚਾਹੁੰਦੇ ਹਨ।
ਸਰਦਾਰਨੀ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਅਕਾਲੀ ਦਲ ਪ੍ਰਧਾਨ ’ਤੇ ਗੁਰੂ ਘਰ ਵਿਚ ਕਾਤਲਾਨਾ ਹਮਲਾ ਸਿੱਖੀ ਸਿਧਾਂਤਾਂ ਦੇ ਖਿਲਾਫ ਹੈ। ਉਹਨਾਂ ਕਿਹਾ ਕਿ ਹਾਂ ਇਕ ਪਤਨੀ ਤੇ ਮਾਂ ਹੋਣ ਦੇ ਨਾਅਤੇ ਮੈਂ ਇਕ ਪਲ ਵਾਸਤੇ ਡਰ ਗਈ ਸੀ ਪਰ ਅੱਜ ਮੈਂ ਮਜ਼ਬੂਤੀ ਨਾਲ ਤੁਹਾਡੀਆਂ ਅੱਖਾਂ ਵਿਚ ਅੱਖਾਂ ਪਾ ਕੇ ਆਖ ਸਕਦੀ ਹਾਂ ਕਿ ਸਾਨੂੰ ਕਿਸੇ ਦਾ ਡਰ ਨਾ ਸੀ, ਨਾ ਹੈ ਤੇ ਨਾ ਹੋਵੇਗਾ। ਉਹਨਾਂ ਕਿਹਾ ਕਿ ਇਹ ਭਾਵਨਾ ਹੀ ਸੀ ਜਿਸ ਕਾਰਨ ਅਕਾਲੀ ਦਲ ਦੇ ਵਿਰੋਧੀ ਬੌਖਲਾ ਗਏ ਕਿਉਂਕਿ ਉਹਨਾਂ ਨੇ ਮਹਿਸੂਸ ਕਰ ਲਿਆ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਚੜ੍ਹਦੀਕਲਾ ਵਿਚ ਹਨ ਤੇ ਉਹ ਆਪਣੇ ਪਿਤਾ ਤੇ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਨਕਸ਼ੇ ਕਦਮਾਂ ’ਤੇ ਚੱਲਣਗੇ ਤੇ ਪੰਜਾਬੀਆਂ ਦੀ ਆਪਸੀ ਭਾਈਚਾਰਕ ਸਾਂਝ ਅਤੇ ਭਲਾਈ ਵਾਸਤੇ ਕੰਮ ਕਰਦੇ ਰਹਿਣਗੇ।
ਸਰਦਾਰਨੀ ਬਾਦਲ ਨੇ ਪੰਜਾਬੀਆਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਵੇਖਣ ਕੇ ਕਿਵੇਂ ’ਮਾਸਟਰ ਦਾ ਮੁੰਡਾ’ ਧੰਨ ਦੌਲਤ ਜੁਟਾ ਰਿਹਾ ਹੈ। ਕਿਵੇਂ ਉਹ ਸੋਨੇ ਨਾਲ ਲੱਦ ਗਏ ਹਨ ਅਤੇ ਕਰੋੜਾਂ ਰੁਪਏ ਦੇ ਬੂਟਾਂ ਦੇ ਜੋੜੇ ਪਾ ਰਹੇ ਹਨ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਭ੍ਰਿਸ਼ਟਾਚਾਰ ਨਾਲ ਕਮਾਇਆ ਇਹ ਪੈਸਾ ਵਸੂਲਣ ਵਾਸਤੇ ਦ੍ਰਿੜ੍ਹ ਸੰਕਲਪ ਹੈ ਭਾਵੇਂ ਜੋ ਮਰਜ਼ੀ ਹੋ ਜਾਵੇ। ਉਹਨਾਂ ਜ਼ਬਰ ਜਨਾਹ ਦੇ ਕੇਸ ਵਿਚੋਂ ਵਿਅਕਤੀ ਨੂੰ ਬਰੀ ਕਰਵਾਉਣ ਵਾਸਤੇ ਮੁੱਖ ਮੰਤਰੀ ਦੇ ਪਰਿਵਾਰ ਵੱਲੋਂ 5 ਕਰੋੜ ਰੁਪਏ ਮੰਗਣ ਦੇ ਦੋਸ਼ਾਂ ਦੀ ਨਿਰਪੱਖ ਜਾਂਚ ਵੀ ਮੰਗੀ।
ਗੁਰੂ ਦੋਖੀ ਮੁੱਖ ਮੰਤਰੀ ਦੀ ਗੱਲ ਕਰਦਿਆਂ ਅਕਾਲੀ ਆਗੂ ਨੇ ਕਿਹਾ ਕਿ ਪੰਜਾਬੀਆਂ ਨੂੰ ਭਗਵੰਤ ਮਾਨ ਵੱਲੋਂ ਗੁਰੂ ਸਾਹਿਬਾਨ ਦੇ ਨਾਲ-ਨਾਲ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਅਪਮਾਨ ਕਰਨ ਅਤੇ ਫੋਰੈਂਸਿਕ ਲੈਬ ਤੋਂ ਜਾਅਲੀ ਰਿਪੋਰਟ ਤਿਆਰ ਕਰਵਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਝੂਠਾ ਪਾਉਣ ਦੇ ਯਤਨਾਂ ਵਿਰੁੱਧ ਰੋਸ ਪ੍ਰਦਰਸ਼ਨ ਸ਼ੁਰੂ ਕਰਨਾ ਚਾਹੀਦਾ ਹੈ।
ਉਹਨਾਂ ਜ਼ੋਰ ਦ ਕੇ ਕਿਹਾ ਕਿ 2015 ਵਿਚ ਬੇਅਦਬੀ ਦੀਆਂ ਘਟਨਾਵਾਂ ਉਦੋਂ ਵਾਪਰੀਆਂ ਜਦੋਂ ਆਮ ਆਦਮੀ ਪਾਰਟੀ ਪੰਜਾਬ ਵਿਚ ਆਈ ਸੀ। ਉਹਨਾਂ ਨੇ ਆਪ ਸਰਕਾਰ ਵੱਲੋਂ 2015 ਦੇ ਬੇਅਦਬੀ ਮਾਮਲੇ ਵਿਚ ਚਾਰ ਮਹੀਨਿਆਂ ਵਿਚ ਨਿਆਂ ਦੇਣ ਲਈ ਗਰੰਟੀਆਂ ਦੇ ਕੇ ਕੱਖ ਵੀ ਨਾ ਕਰਨ ਅਤੇ ਕੇਸ ਸੂਬੇ ਤੋਂ ਬਾਹਰ ਤਬਦੀਲ ਕਰਵਾਉਣ ਦੀ ਨਿਖੇਧੀ ਕੀਤੀ।
ਸਰਦਾਰਨੀ ਬਾਦਲ ਨੇ ਸਪਸ਼ਟ ਕਿਹਾ ਕਿ ਕੋਈ ਵੀ ਆਪ ਸਰਕਾਰ ਨੂੰ ਬੇਅਦਬੀ ਕੇਸਾਂ ਵਿਚ ਕਾਰਵਾਈ ਕਰਨ ਤੋਂ ਨਹੀਂ ਰੋਕ ਰਿਹਾ ਜਦੋਂ ਕਿ ਪਿਛਲੇ 10 ਸਾਲਾਂ ਵਿਚ 600 ਤੋਂ ਜ਼ਿਆਦਾ ਬੇਅਦਬੀ ਮਾਮਲੇ ਵਾਪਰ ਚੁੱਕੇ ਹਨ। ਉਹਨਾਂ ਕਿਹਾ ਕਿ ਇਸੇ ਤਰੀਕੇ ਕੋਈ ਵੀ ਆਪ ਸਰਕਾਰ ਨੂੰ ਨਸ਼ਾ ਮਾਫੀਆ ਦੇ ਖਿਲਾਫ ਕਾਰਵਾਈ ਕਰਨ ਅਤੇ ਇਸ ਬੁਰਾਈ ਨੂੰ ਖ਼ਤਮ ਕਰਨ ਤੋਂ ਨਹੀਂ ਰੋਕ ਰਿਹਾ ਪਰ ਇਹ ਤਾਂ ਉਲਟਾ ਨਸ਼ਿਆਂ ਦੇ ਪਸਾਰ ਦੀ ਪ੍ਰਧਾਨਗੀ ਕਰ ਰਹੇ ਹਨ ਅਤੇ ਕੌਮੀ ਪੱਧਰ ਦੀਆਂ ਏਜੰਸੀਆਂ ਨੇ ਵੀ ਕਿਹਾ ਹੈ ਕਿ ਪੰਜਾਬ ਵਿਚ ਨਸ਼ਿਆਂ ਦੀ ਓਵਰਡੋਜ਼ ਨਾਲ ਮੌਤਾਂ ਸਭ ਤੋਂ ਜ਼ਿਆਦਾ ਹੋ ਰਹੀਆਂ ਹਨ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸੰਗਤ ਨੂੰ ਅਪੀਲ ਕੀਤੀ ਕਿ ਉਹ 23 ਅਗਸਤ ਤੋਂ ਤਲਵੰਡੀ ਸਾਬੋ ਵਿਚ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗਡਗੱਜ ਦੀ ਅਗਵਾਈ ਹੇਠ ਸ਼ੁਰੂ ਹੋ ਰਹੇ ਮੀਰੀ ਪੀਰੀ ਖਾਲਸਾ ਮਾਰਚ ਦੇ ਦੂਜੇ ਪੜਾਅ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ। ਇਹ ਮਾਰਚ ਸ੍ਰੀ ਆਨੰਦਪੁਰ ਸਹਿਬ ਵਿਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਚ ਖਤਮ ਹੋਵੇਗਾ।
ਇਸ ਮੌਕੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਤੇ ਬਿਕਰਮ ਸਿੰਘ ਮਜੀਠੀਆ ਨੇ ਦੱਸਿਆ ਕਿ ਆਪਸਰਕਾਰ ਨੇ ਕਿਵੇਂ ਪੁਨਰ ਸੁਰਜੀਤ ਦਲ ਦੀ ਮਦਦ ਕੀਤੀ ਤੇ ਆਖ਼ਰੀ ਮੌਕੇ ਅਨਾਜ ਮੰਡੀ ਦਾ ਸ਼ੈਡ ਉਹਨਾਂ ਨੂੰ ਅਲਾਟ ਕਰ ਦਿੱਤਾ ਹਾਲਾਂਕਿ ਅਕਾਲੀ ਦਲ ਨੇ ਇਸਦੀ ਪਹਿਲਾਂ ਬੁਕਿੰਗ ਕਰਵਾਈ ਸੀ ਤੇ ਇਸਦੀ ਫੀਸ ਵੀ ਜਮ੍ਹਾਂ ਕਰਵਾਈ ਸੀ। ਉਹਨਾਂ ਪਾਰਟੀ ਦੀ ਜ਼ਿਲ੍ਹਾ ਲੀਡਰਸ਼ਿਪ ਦੀ ਸ਼ਲਾਘਾ ਕੀਤੀ ਜਿਹਨਾਂ ਨੇ ਸਿਰਫ 12 ਘੰਟੇ ਦੇ ਸਮੇਂ ਵਿਚ ਹੀ ਟੈਂਟ ਲਗਵਾ ਕੇ ਵਿਸ਼ਾਲ ਕਾਨਫਰੰਸ ਲਈ ਪ੍ਰਬੰਧ ਮੁਕੰਮਲ ਕਰ ਲਏ।
ਇਸ ਮੌਕੇ ਸੀਨੀਅਰ ਆਗੂ ਸਿਕੰਦਰ ਸਿੰਘ ਮਲੂਕਾ, ਡਾ. ਦਲਜੀਤ ਸਿੰਘ ਚੀਮਾ, ਹੀਰਾ ਸਿੰਘ ਗਾਬੜੀਆ, ਮਹੇਸ਼ਇੰਦਰ ਸਿੰਘ ਗਰੇਵਾਲ, ਤੇਜਿੰਦਰ ਸਿੰਘ ਮਿੱਡੂਖੇੜਾ, ਵਿਨਰਜੀਤ ਸਿੰਘ ਗੋਲਡੀ, ਸਤਨਾਮ ਰਾਹੀ, ਕੁਲਵੰਤ ਕੰਤਾ, ਜ਼ਹੀਦਾ ਸੁਲੇਮਾਨ, ਗੁਲਜ਼ਾਰੀ ਮੂਣਕ, ਗਗਨਦੀਪ ਖੰਡੇਬਾਦ, ਨਾਥ ਸਿੰਘ ਹਮੀਦੀ, ਬਲਬੀਰ ਸਿੰਘ ਘੁੰਨਸ, ਜੱਸੀ ਮਨਵੀ ਅਤੇ ਅਰਵਿੰਦ ਖੰਨਾ ਨੇ ਵੀ ਸੰਬੋਧਨ ਕੀਤਾ।
- Download Babushahi App
-
-