ਨੌਜਵਾਨ ਸ਼ਾਇਰ ਰਾਜਬੀਰ ਮੱਤਾ ਸੁਰਜੀਤ ਪਾਤਰ ਯੁਵਾ ਸਨਮਾਨ ਨਾਲ ਸਨਮਾਨਿਤ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ 23 ਮਾਰਚ 2026- ਭਾਸ਼ਾ ਵਿਭਾਗ ਪੰਜਾਬ ਅਤੇ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਦੇ ਸਹਿਯੋਗੀ ਪ੍ਰੋਗਰਾਮ ਜੋ ਕਿ ਸਰਕਾਰੀ ਸਟੇਟ ਕਾਲਜ ਆਫ ਐਜੂਕੇਸ਼ਨ 'ਚ ਸਥਿਤ ਕੈਂਪਸ ਵਿਖੇ ਪਟਿਆਲਾ ਸਾਹਿਤ ਉਤਸਵ ਅਤੇ ਪੁਸਤਕ ਮੇਲੇ ਦੌਰਾਨ ਮਾਤ ਭਾਸ਼ਾ ਦਿਵਸ ਅਤੇ ਸੁਰਜੀਤ ਪਾਤਰ ਜੀ ਦੀ ਯਾਦ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ ਗਿਆ।
ਇਸ ਦੌਰਾਨ ਡਾ.ਰਤਨ ਸਿੰਘ ਵਾਇਸ ਚਾਂਸਲਰ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਪਟਿਆਲਾ ਅਤੇ ਲੇਖਕ ਡਾ.ਸੁਹਿੰਦਰਬੀਰ ਸਿੰਘ ਮੁੱਖ ਮਹਿਮਾਨ ਵਜੋਂ, ਪ੍ਰੋ.ਪਰਵੀਨ ਕੁਮਾਰ, ਡਾ.ਕੁਲਦੀਪ ਸਿੰਘ ਤੇ ਕਵੀ ਸਤਬੀਰ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਸ਼੍ਰੋਮਣੀ ਕਵੀ ਦਰਸ਼ਨ ਬੁੱਟਰ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ.ਅਮਰਜੀਤ ਸਿੰਘ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਕਿਹਾ। ਭਾਸ਼ਾ ਵਿਭਾਗ ਦੀ ਤਰਫ਼ੋਂ ਖੋਜ ਅਫ਼ਸਰ ਡਾ.ਸੁਖਦਰਸ਼ਨ ਸਿੰਘ ਚਹਿਲ ਨੇ ਸਭ ਦਾ ਧੰਨਵਾਦ ਕੀਤਾ ਅਤੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਬਾਖੂਬੀ ਨਿਭਾਈ।
ਇਸ ਮੌਕੇ ਉੱਘੇ ਚਿੰਤਕ ਡਾ.ਜਸਵਿੰਦਰ ਸਿੰਘ,ਡਾ.ਧਨਵੰਤ ਕੌਰ, ਪ੍ਰੋ ਕਿਰਪਾਲ ਕਜ਼ਾਕ, ਡਾ. ਧਰਮਿੰਦਰ ਸਿੰਘ, ਡਾ. ਸਰਵਰਿੰਦਰ ਸਿੰਘ, ਡਾ.ਵਿਨੋਦ ਕੁਮਾਰ,ਪ੍ਰੋ.ਗੁਰਸੰਦੇਸ਼ ਸਿੰਘ, ਡਾ.ਦੀਪ ਸ਼ਿਖਾ, ਪ੍ਰਿੰ.ਚੂਹੜ ਸਿੰਘ, ਗੋਪਾਲ ਸ਼ਰਮਾ, ਤ੍ਰਿਲੋਕ ਢਿੱਲੋਂ, ਗੁਰਚਰਨ ਗੁਣੀਕੇ, ਨਵਨੀਤ ਸਿੱਧੂ, ਹਰਬੰਸ ਮਾਣਕਪੁਰੀ, ਡਾ.ਜਗਜੀਤ, ਬਲਜੀਤ ਕੌਰ ਅਤੇ ਵੱਡੀ ਗਿਣਤੀ 'ਚ ਸਰੋਤੇ ਮੌਜੂਦ ਸਨ। ਅਖੀਰ 'ਚ ਸਾਰੇ ਕਵੀਆਂ ਅਤੇ ਮਹਿਮਾਨਾਂ ਦਾ ਭਾਸ਼ਾ ਵਿਭਾਗ ਪੰਜਾਬ ਤੇ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਵੱਲੋਂ ਸਨਮਾਨ ਕੀਤਾ ਗਿਆ।
ਇਸ ਮੌਕੇ ਵਿਸ਼ੇਸ਼ ਤੌਰ 'ਤੇ ਡਾ. ਸੁਰਜੀਤ ਪਾਤਰ ਦੀ ਯਾਦ ਵਿਚ, ਸੁਰਜੀਤ ਪਾਤਰ ਯੁਵਾ ਸਨਮਾਨ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਮੱਤਾ ਦੇ ਵਸਨੀਕ ਨੌਜਵਾਨ ਸ਼ਾਇਰ ਰਾਜਬੀਰ ਮੱਤਾ ਨੂੰ ਦੇ ਕੇ ਸਨਮਾਨਿਤ ਕੀਤਾ ਗਿਆ। ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਅਮਰਜੀਤ ਸਿੰਘ ਨੇ ਕਿਹਾ ਕਿ ਇਹ ਸਨਮਾਨ ਪ੍ਰਸਿੱਧ ਪੰਜਾਬੀ ਕਵੀ ਡਾ.ਸੁਰਜੀਤ ਪਾਤਰ ਦੀ ਯਾਦ ਅਤੇ ਸਾਹਿਤਕ ਵਿਰਾਸਤ ਨਾਲ ਜੁੜਿਆ ਹੋਇਆ ਹੈ,ਜਿੰਨ੍ਹਾਂ ਨੇ ਆਪਣੀ ਕਵਿਤਾ ਰਾਹੀਂ ਮਨੁੱਖੀ ਸੰਵੇਦਨਾ, ਇਤਿਹਾਸਕ ਬੋਧ, ਸਮਾਜਿਕ ਨਿਆਂ ਅਤੇ ਨੈਤਿਕ ਜ਼ਿੰਮੇਵਾਰੀ ਨੂੰ ਕੇਂਦਰ ਬਣਾਇਆ। ਇਸ ਲਈ ਡਾ. ਸੁਰਜੀਤ ਪਾਤਰ ਦੇ ਨਾਮ 'ਤੇ ਇਹ ਯੁਵਾ ਸਨਮਾਨ ਉੱਚ ਸਾਹਿਤਕ ਮਿਆਰਾਂ, ਸਿਧਾਂਤਕ ਗੰਭੀਰਤਾ ਅਤੇ ਮਨੁੱਖ ਕੇਂਦਿਰਤ ਦ੍ਰਿਸ਼ਟੀ ਦਾ ਪ੍ਰਤੀਕ ਹੈ। ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ,ਪਟਿਆਲਾ ਪੰਜਾਬੀ ਸਾਹਿਤ ਦੇ ਉੱਭਰਦੇ ਹੋਏ ਯੁਵਾ ਰਚਨਾਕਾਰ ਰਾਜਬੀਰ ਮੱਤਾ ਨੂੰ ਸੁਰਜੀਤ ਪਾਤਰ ਯੁਵਾ ਸਨਮਾਨ ਨਾਲ ਸਨਮਾਨਿਤ ਕਰਨ ਦੀ ਖ਼ੁਸ਼ੀ ਲੈ ਰਹੀ ਹੈ। ਇਸ ਮੌਕੇ ਯੂਨੀਵਰਸਿਟੀ ਦੇ ਪ੍ਰੋਗਰਾਮ ਕੋਆਡੀਨੇਟਰ ਡਾ. ਧਰਮਿੰਦਰ ਸਿੰਘ ਅਤੇ ਕਨਵੀਨਰ ਡਾ.ਸਰਵਰਿੰਦਰ ਸਿੰਘ ਵੀ ਮੌਜੂਦ ਸਨ।
Click to Follow Babushahi Facebook page →