ਨਾਬਾਰਡ ਦੇ ਡਿਪਟੀ ਮੈਨੇਜਿੰਗ ਡਾਇਰੈਕਟਰ ਵੱਲੋਂ ਨਾਬਾਰਡ ਅਧੀਨ ਵੱਖ-ਵੱਖ ਕਾਰਜਾਂ ਦੀ ਸਮੀਖਿਆ
ਮਨਪ੍ਰੀਤ ਸਿੰਘ
ਰੂਪਨਗਰ, 20 ਜਨਵਰੀ 2026- ਨਾਬਾਰਡ ਅਧੀਨ ਚੱਲ ਰਹੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦੀ ਸਮੀਖਿਆ ਕਰਨ ਲਈ ਡਾ. ਅਜੇ ਕੁਮਾਰ ਸੂਦ, ਡਿਪਟੀ ਮੈਨੇਜਿੰਗ ਡਾਇਰੈਕਟਰ (ਡੀਐਮਡੀ), ਨਾਬਾਰਡ ਨੇ ਸ਼੍ਰੀ ਵਿਨੋਦ ਕੁਮਾਰ ਆਰਿਆ, ਸੀਜੀਐਮ/ਓਆਈਸੀ ਨਾਬਾਰਡ ਪੰਜਾਬ ਅਤੇ ਸ਼੍ਰੀ ਰਮੇਸ਼ ਬਾਬੂ ਬੋਰੀਗੱਡਾ, ਸੀਜੀਐਮ ਨਾਬਾਰਡ ਪੰਜਾਬ ਦੇ ਨਾਲ ਰੂਪਨਗਰ ਜ਼ਿਲ੍ਹੇ ਦੇ ਪਿੰਡਾਂ ਵਿੱਚ ਸਥਿਤ ਵਿਕਾਸ ਪ੍ਰੋਜੈਕਟਾਂ ਦਾ ਦੌਰਾ ਕੀਤਾ।
ਦੌਰੇ ਦੌਰਾਨ ਡਾ. ਸੂਦ ਨੇ ਅੰਬੂਜਾ ਫਾਊਂਡੇਸ਼ਨ ਵੱਲੋਂ ਲਾਗੂ ਨਾਬਾਰਡ ਵਾਟਰਸ਼ੈਡ ਵਿਕਾਸ ਪ੍ਰੋਜੈਕਟ ਹੇਠ ਕੀਤੇ ਗਏ ਕਾਰਜ ਦੀ ਸਮੀਖਿਆ ਕੀਤੀ। ਟੀਮ ਨੇ ਖਾਦ ਬਣਾਉਣ ਵਾਲ਼ੇ ਪ੍ਰੋਜੈਕਟਾਂ ਸਮੇਤ ਫਾਰਮ ਪੌਂਡ ਆਦਿ ਦਾ ਦੌਰਾ ਕੀਤਾ ਅਤੇ ਲਾਭਪਾਤਰੀਆਂ ਨਾਲ ਗੱਲਬਾਤ ਕਰਕੇ ਖੇਤੀਬਾੜੀ ਖੇਤਰਾਂ ’ਤੇ ਪਏ ਪ੍ਰਭਾਵ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ’ਤੇ ਡੀਐਮਡੀ ਅਤੇ ਸੀਜੀਐਮ ਵੱਲੋਂ ਵਾਟਰਸ਼ੈਡ ਖੇਤਰ ਵਿੱਚ ਚੱਲ ਰਹੀ ਮੁਹਿੰਮ ਦਾ ਨਿਰੀਖਣ ਕੀਤਾ।
ਇਸ ਤੋਂ ਬਾਅਦ ਡਾ. ਸੂਦ ਨੇ ਲਗਭਗ 80 ਭਾਈਵਾਲਾਂ ਨੂੰ ਸੰਬੋਧਨ ਕੀਤਾ, ਜਿਨ੍ਹਾਂ ਵਿੱਚ ਐਲਡੀਐਮ ਰੂਪਨਗਰ, ਡਾਇਰੈਕਟਰ ਆਰਐਸਈਟੀਆਈ ਰੂਪਨਗਰ, ਵਾਟਰਸ਼ੈਡ ਕਮੇਟੀ ਦੇ ਮੈਂਬਰ, ਗ੍ਰਾਮ ਪੰਚਾਇਤ ਦੇ ਪ੍ਰਤੀਨਿਧੀ, ਐਸਐਚਜੀ ਮੈਂਬਰ ਅਤੇ ਪਿੰਡ ਵਾਸੀ ਸ਼ਾਮਲ ਸਨ। ਪਿੰਡ ਵਾਟਰਸ਼ੈਡ ਕਮੇਟੀ ਵੱਲੋਂ ਪ੍ਰੋਜੈਕਟ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਕੀਤੇ ਕਾਰਜ ਦੀ ਜਾਣਕਾਰੀ ਸਾਂਝੀ ਕੀਤੀ ਅਤੇ ਮਿੱਟੀ ਵਿੱਚ ਸੁਧਾਰ ਅਤੇ ਫਸਲੀ ਵਿਭਿੰਨਤਾ ਲਈ ਪ੍ਰੇਰਣਾ ਵਰਗੇ ਲਾਭਾਂ ਨੂੰ ਉਜਾਗਰ ਕੀਤਾ ਗਿਆ। ਕਮੇਟੀ ਦੇ ਚੇਅਰਮੈਨ ਨੇ ਵਾਟਰਸ਼ੈਡ ਪ੍ਰੋਜੈਕਟ ਨੂੰ ਪਿੰਡਾਂ ਲਈ ਜੀਵਨ ਰੇਖਾ ਕਰਾਰ ਦਿੱਤਾ।
ਇਸ ਸਮਾਗਮ ਵਿੱਚ ਹਾਜ਼ਰ ਰਹੇ ਸ਼੍ਰੀ ਅਭਿਮਨਿਊ ਮੱਲਿਕ, ਸਹਾਇਕ ਕਮਿਸ਼ਨਰ ਅਤੇ ਸੀਐਮਐਫਓ ਰੂਪਨਗਰ, ਪੰਜਾਬ ਨੇ ਪਿੰਡ ਵਾਸੀਆਂ ਨੂੰ ਉਨ੍ਹਾਂ ਦੇ ਪਿੰਡ ਵਿੱਚ ਫਲੈਗਸ਼ਿਪ ਵਾਟਰਸ਼ੈਡ ਪ੍ਰੋਜੈਕਟ ਹੋਣ ’ਤੇ ਵਧਾਈ ਦਿੱਤੀ ਅਤੇ ਪ੍ਰੋਜੈਕਟ ਲਈ ਉਤਸ਼ਾਹ ਬਣਾਈ ਰੱਖਣ ਲਈ ਪ੍ਰੇਰਿਤ ਕੀਤਾ।
ਆਪਣੇ ਸੰਬੋਧਨ ਵਿੱਚ ਡੀਐਮਡੀ ਡਾ. ਏ. ਕੇ. ਸੂਦ ਨੇ ਵਿਸ਼ਵ ਪੱਧਰ ’ਤੇ ਮੌਸਮੀ ਤਬਦੀਲੀ ਦੀ ਵਧ ਰਹੀ ਚੁਣੌਤੀ ਬਾਰੇ ਗੱਲ ਕੀਤੀ। ਉਨ੍ਹਾਂ ਨੇ ਵਾਟਰਸ਼ੈਡ ਗਤੀਵਿਧੀਆਂ ਵਿੱਚ ਸਥਾਨਕ ਲੋਕਾਂ ਦੀ ਮਜ਼ਬੂਤ ਭੂਮਿਕਾ ਦੀ ਪ੍ਰਸ਼ੰਸਾ ਕੀਤੀ।
ਇਸ ਤੋਂ ਬਾਅਦ ਟੀਮ ਨੇ ਪੁਰਖਾਲੀ ਪੈਕਸ ਦਾ ਵੀ ਦੌਰਾ ਕੀਤਾ, ਜਿੱਥੇ ਡੀਐਮਡੀ ਅਤੇ ਨਾਬਾਰਡ ਦੇ ਸੀਨੀਅਰ ਅਧਿਕਾਰੀਆਂ ਨੇ ਡੀਆਰ ਪੰਜਾਬ, ਐਮਡੀ ਰੋਪੜ ਸੀਸੀਬੀ ਅਤੇ ਪੈਕਸ ਸਕੱਤਰਾਂ ਨਾਲ ਗੱਲਬਾਤ ਕੀਤੀ। ਡਾ. ਸੂਦ ਨੇ ਪੈਕਸ ਦੀ ਕੰਪਿਊਟਰਾਈਜ਼ੇਸ਼ਨ ਅਤੇ ਆਧੁਨਿਕ ਤਕਨਾਲੋਜੀ ਅਪਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ ਅਤੇ ਦੱਸਿਆ ਕਿ ਕਿਵੇਂ ਵਪਾਰਕ ਬੈਂਕ, ਐਨਬੀਐਫਸੀ ਅਤੇ ਛੋਟੇ ਫਾਇਨੈਂਸ ਬੈਂਕ ਇਸ ਖੇਤਰ ਵਿੱਚ ਤੇਜ਼ੀ ਨਾਲ ਅੱਗੇ ਵਧੇ ਹਨ।
ਇਸ ਦੌਰੇ ਵਿੱਚ ਨਾਬਾਰਡ ਦੇ ਅਧਿਕਾਰੀ ਸ੍ਰੀਮਤੀ ਅੰਬਿਕਾ ਜੋਤੀ (ਜੀਐਮ), ਸ਼੍ਰੀ ਆਰ. ਕੇ. ਜੋਹਰੀ (ਡੀਜੀਐਮ), ਸ੍ਰੀਮਤੀ ਸਿਮਰਨ ਸੇਠੀ (ਡੀਡੀਐਮ, ਰੂਪਨਗਰ) ਅਤੇ ਨਾਬਾਰਡ ਪੰਜਾਬ ਰੀਜਨਲ ਦਫ਼ਤਰ ਦੇ ਹੋਰ ਅਧਿਕਾਰੀ ਹਾਜ਼ਰ ਸਨ। ਇਸ ਤੋਂ ਇਲਾਵਾ ਅੰਬੂਜਾ ਸਿਮੈਂਟ ਫਾਊਂਡੇਸ਼ਨ ਦੇ ਪ੍ਰਤੀਨਿਧੀ, ਜਿਨ੍ਹਾਂ ਵਿੱਚ ਰੋਪੜ ਪਲਾਂਟ ਹੈੱਡ ਅਤੇ ਪੰਜਾਬ ਸਟੇਟ ਹੈੱਡ ਮੌਜੂਦ ਰਹੇ।