ਦੋਰਾਹਾ Police ਮੁਕਾਬਲਾ: SHO ਦੀ ਛਾਤੀ 'ਤੇ ਮਾਰੀਆਂ ਗੋਲੀਆਂ
ਰਵਿੰਦਰ ਸਿੰਘ
ਦੋਰਾਹਾ, 19 ਜਨਵਰੀ 2026: ਲੁਧਿਆਣਾ ਦੇ ਦੋਰਾਹਾ ਇਲਾਕੇ ਵਿੱਚ ਪੁਲਿਸ ਅਤੇ ਅਪਰਾਧੀਆਂ ਵਿਚਕਾਰ ਹੋਏ ਭਿਆਨਕ ਮੁਕਾਬਲੇ (ਇਨਕਾਊਂਟਰ) ਤੋਂ ਬਾਅਦ ਪੁਲਿਸ ਨੇ ਲੋੜੀਂਦੇ ਮੁੱਖ ਮੁਲਜ਼ਮ ਅਤੇ ਉਸ ਦੇ ਸਾਥੀ ਨੂੰ ਕਾਬੂ ਕਰ ਲਿਆ ਹੈ। ਇਸ ਮੁੱਠਭੇੜ ਦੌਰਾਨ ਦੋਰਾਹਾ ਦੇ ਐਸ.ਐਚ.ਓ. (SHO) ਵਾਲ-ਵਾਲ ਬਚ ਗਏ।
ਐਸ.ਪੀ. (ਡੀ) ਪਵਨਜੀਤ ਚੌਧਰੀ ਨੇ ਦੱਸਿਆ ਕਿ ਪੁਲਿਸ ਨੂੰ ਇੱਕ ਲੋੜੀਂਦੇ ਮੁਲਜ਼ਮ ਬਾਰੇ ਗੁਪਤ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ। ਪੁਲਿਸ ਨੇ ਦੋਰਾਹਾ ਤੋਂ ਰਾਮਪੁਰ ਛਾਉਣੀ ਰੋਡ ਵੱਲ ਇੱਕ ਸਫੇਦ ਰੰਗ ਦੀ ਸਕਾਰਪੀਓ ਗੱਡੀ ਨੂੰ ਘੇਰ ਲਿਆ, ਜਿਸ ਵਿੱਚ ਮੁਲਜ਼ਮ ਸਵਾਰ ਸਨ। ਪੁਲਿਸ ਨੂੰ ਦੇਖ ਕੇ ਮੁਲਜ਼ਮਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਪਹਿਲਾਂ ਆਪਣੀ ਗੱਡੀ ਪੁਲਿਸ ਦੀ ਗੱਡੀ ਵਿੱਚ ਮਾਰੀ ਅਤੇ ਫਿਰ ਪੁਲਿਸ ਪਾਰਟੀ 'ਤੇ ਅੰਨ੍ਹੇਵਾਹ ਫਾਇਰਿੰਗ ਸ਼ੁਰੂ ਕਰ ਦਿੱਤੀ।
ਮੁਲਜ਼ਮਾਂ ਵੱਲੋਂ ਚਲਾਈਆਂ ਗੋਲੀਆਂ ਵਿੱਚੋਂ ਦੋ ਗੋਲੀਆਂ ਪੁਲਿਸ ਦੀ ਗੱਡੀ ਨੂੰ ਲੱਗੀਆਂ। ਇੱਕ ਗੋਲੀ ਸਿੱਧੀ ਐਸ.ਐਚ.ਓ. ਆਕਾਸ਼ ਦੱਤ ਦੀ ਛਾਤੀ 'ਤੇ ਲੱਗੀ, ਪਰ ਬੁਲੇਟ ਪ੍ਰੂਫ ਜੈਕਟ ਪਾਈ ਹੋਣ ਕਾਰਨ ਉਨ੍ਹਾਂ ਦੀ ਜਾਨ ਬਚ ਗਈ।
ਪੁਲਿਸ ਨੇ ਬਚਾਅ ਵਿੱਚ ਜਵਾਬੀ ਗੋਲੀਬਾਰੀ ਕੀਤੀ, ਜਿਸ ਵਿੱਚ ਮੁੱਖ ਮੁਲਜ਼ਮ ਦੀ ਲੱਤ 'ਤੇ ਗੋਲੀ ਲੱਗੀ ਅਤੇ ਉਹ ਜ਼ਖਮੀ ਹੋ ਗਿਆ। ਪੁਲਿਸ ਨੇ ਜ਼ਖਮੀ ਮੁਲਜ਼ਮ ਅਤੇ ਉਸ ਦੇ ਸਾਥੀ ਨੂੰ ਮੌਕੇ 'ਤੇ ਹੀ ਦਬੋਚ ਲਿਆ। ਜ਼ਖਮੀ ਮੁਲਜ਼ਮ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਪੁਲਿਸ ਹੁਣ ਮੁਲਜ਼ਮਾਂ ਕੋਲੋਂ ਬਰਾਮਦ ਕੀਤੇ ਗਏ ਹਥਿਆਰਾਂ ਅਤੇ ਉਨ੍ਹਾਂ ਦੇ ਪਿਛੋਕੜ ਦੀ ਜਾਂਚ ਕਰ ਰਹੀ ਹੈ। ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਉਹ ਕਿਸ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਸਨ।