ਡੇਂਗੂ ਤੋਂ ਬਚਾਅ ਲਈ ਪਿੰਡ ਬੜ ਮਾਜਰਾ 'ਚ ਵਿਆਪਕ ਸਰਵੇਖਣ
ਹਰਜਿੰਦਰ ਸਿੰਘ ਭੱਟੀ
- ਸਿਹਤ ਵਿਭਾਗ ਦੀਆਂ 27 ਟੀਮਾਂ ਨੇ ਘਰ-ਘਰ ਮੱਛਰ ਦੇ ਲਾਰਵੇ ਦਾ ਕੀਤਾ ਨਿਰੀਖਣ
- 'ਡੇਂਗੂ ਤੋਂ ਸਾਵਧਾਨੀ ਵਰਤਣ ਤੇ ਜਾਗਰੂਕਤਾ ਦੀ ਜ਼ਰੂਰਤ' : ਡਾ. ਪ੍ਰੀਤ ਮੋਹਨ ਸਿੰਘ ਖੁਰਾਣਾ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 5 ਜੁਲਾਈ 2025 - ਸੀਨੀਅਰ ਮੈਡੀਕਲ ਅਫ਼ਸਰ ਪੀ ਐਚ ਸੀ ਘੜੂੰਆਂ ਡਾ. ਪ੍ਰੀਤ ਮੋਹਨ ਸਿੰਘ ਖੁਰਾਣਾ ਦੀ ਅਗਵਾਈ ਵਿਚ ਸਿਹਤ ਬਲਾਕ ਘੜੂੰਆਂ ਅਧੀਨ ਪੈਂਦੇ ਮੋਹਾਲੀ ਨੇੜਲੇ ਪਿੰਡ ਬੜ ਮਾਜਰਾ ਵਿਖੇ ਡੇਂਗੂ ਵਿਰੁੱਧ ਮੁਹਿੰਮ ਚਲਾਉਂਦਿਆਂ ਸ਼ਨੀਵਾਰ ਨੂੰ ਲੋਕਾਂ ਨੂੰ ਡੇਂਗੂ ਤੋਂ ਬਚਾਅ ਸਬੰਧੀ ਜਾਗਰੂਕ ਕੀਤਾ ਗਿਆ ਅਤੇ ਘਰ-ਘਰ ਮੱਛਰ ਦਾ ਲਾਰਵਾ ਵੀ ਚੈਕ ਕੀਤਾ ਗਿਆ।
ਸੀਨੀਅਰ ਮੈਡੀਕਲ ਅਫ਼ਸਰ ਸਿਹਤ ਬਲਾਕ ਘੜੂੰਆਂ ਡਾ. ਪ੍ਰੀਤ ਮੋਹਨ ਸਿੰਘ ਖੁਰਾਣਾ ਨੇ ਦੱਸਿਆ ਕਿ ਵਿਭਾਗ ਦੇ ਮਲਟੀਪਰਪਜ਼ ਹੈਲਥ ਸੁਪਰਵਾਈਜ਼ਰ ਅਤੇ ਵਰਕਰਾਂ, ਆਸ਼ਾ ਵਰਕਰਾਂ ਤੇ ਬ੍ਰੀਡਰ ਚੈਕਰਾਂ ਦੀਆਂ 27 ਟੀਮਾਂ ਵਲੋਂ ਵਿਆਪਕ ਸਰਵੇਖਣ ਕੀਤਾ ਗਿਆ। ਪਿੰਡ ਬੜ ਮਾਜਰਾ, ਰਹਿਮਤ ਐਨਕਲੇਵ, ਗੁਰੂ ਨਾਨਕ ਕਲੋਨੀ, ਫੀਡ ਫੈਕਟਰੀ ਕਲੋਨੀ, ਏ.ਟੀ.ਐਸ., ਕਰਤਾਰਪੁਰ ਨਿਵਾਸ, ਉਤਰਾਂਚਲ ਕਲੋਨੀ, ਰਾਜਾ ਰਾਮ ਕਲੋਨੀ, ਬਾਜੀਗਰ ਬਸਤੀ ਸਮੇਤ ਵੱਖ-ਵੱਖ ਖੇਤਰਾਂ ਵਿੱਚ ਜਾ ਕਿ ਟੀਮਾਂ ਵਲੋਂ ਕੂਲਰ, ਫਰਿਜ਼ਾਂ ਦੇ ਪਿੱਛੇ ਟਰੇਆਂ, ਟੈਂਕੀਆਂ, ਪਾਣੀ ਦੇ ਡਰੰਮਾਂ, ਟਾਇਰ, ਗਮਲਿਆਂ ਹੇਠ ਰੱਖੀਆਂ ਟਰੇਆਂ, ਪੰਛੀਆਂ ਵਾਸਤੇ ਪਾਣੀ ਨਾਲ ਭਰੇ ਭਾਂਡੇ ਅਤੇ ਖੁੱਲ੍ਹੇ ਵਿੱਚ ਪਏ ਬਰਤਨ ਸਮੇਤ ਪਾਣੀ ਦੇ ਉਹ ਸਰੋਤ ਜਿੱਥੇ ਡੇਂਗੂ ਦਾ ਲਾਰਵਾ ਹੋ ਸਕਦਾ ਹੈ, ਦੀ ਚੈਕਿੰਗ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਡੇਂਗੂ ਤੋਂ ਘਬਰਾਉਣ ਦੀ ਲੋੜ ਨਹੀਂ ਬਲਕਿ ਬਿਮਾਰੀ ਤੋਂ ਸਾਵਧਾਨੀ ਵਰਤਣ ਤੇ ਜਾਗਰੂਕਤਾ ਦੀ ਜਰੂਰਤ ਹੈ। ਤੇਜ਼ ਬੁਖਾਰ ਹੋਣਾ, ਸਿਰ ਦਰਦ, ਮਾਸਪੇਸ਼ੀਆਂ ਵਿਚ ਦਰਦ, ਅੱਖਾਂ ਦੇ ਪਿਛਲੇ ਹਿੱਸੇ ਵਿਚ ਦਰਦ, ਮਸੂੜ੍ਹਿਆਂ ਅਤੇ ਨੱਕ ਵਿਚੋਂ ਖੂਨ ਵਗਣਾ ਡੇਂਗੂ ਬੁਖਾਰ ਦੇ ਮੁੱਖ ਲੱਛਣ ਹਨ। ਇਸਦਾ ਇਲਾਜ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਉਪਲੱਬਧ ਹੈ।
ਮਲਟੀਪਰਪਜ਼ ਹੈਲਥ ਸੁਪਰਵਾਈਜ਼ਰ ਅਵਤਾਰ ਸਿੰਘ ਤੇ ਦਿਨੇਸ਼ ਚੌਧਰੀ ਨੇ ਦੱਸਿਆ ਕਿ ਪਿੰਡ ਬੜਮਾਜਰਾ ਤੇ ਕਈ ਕਲੋਨੀਆਂ ਵਿੱਚ ਡੇੰਗੂ ਦਾ ਲਾਰਵਾ ਮਿਲਿਆ, ਜਿਸਨੂੰ ਨਸ਼ਟ ਕਰਵਾਇਆ ਗਿਆ। ਲੋੜੀਂਦੀਆਂ ਥਾਵਾਂ ਉਪਰ ਬਚਾਅ ਲਈ ਇਨਸੈਕਟੀਸਾਈਡ ਅਤੇ ਲਾਰਵਾਸਾਈਡ ਸਪਰੇਅ ਵੀ ਕੀਤੀ ਗਈ।
"ਜਾਗਰੂਕਤਾ ਨਾਲ ਡੇਂਗੂ ਮੱਛਰ ਪੈਦਾ ਹੋਣ ਤੋਂ ਰੋਕਿਆ ਜਾ ਸਕਦਾ"
ਬਲਾਕ ਐਕਸਟੈਨਸ਼ਨ ਐਜੂਕੇਟਰ ਗੌਤਮ ਰਿਸ਼ੀ ਨੇ ਦੱਸਿਆ ਕਿ ਸਿਹਤ ਸਿੱਖਿਆ ਤੇ ਜਾਗਰੂਕਤਾ ਨਾਲ ਡੇਂਗੂ ਮੱਛਰ ਪੈਦਾ ਹੋਣ ਤੋਂ ਰੋਕਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵਲੋਂ ਸ਼ੁਰੂ ਕੀਤੀ "ਹਰ ਸ਼ੁੱਕਰਵਾਰ ਡੇੰਗੂ 'ਤੇ ਵਾਰ" ਦਾ ਪ੍ਰਭਾਵਸ਼ਾਲੀ ਅਸਰ ਹੋਇਆ ਹੈ ਅਤੇ ਇਸ ਮੁਹਿੰਮ ਦਾ ਉਦੇਸ਼ ਲੋਕਾਂ ਨੂੰ ਜਾਗਰੂਕ ਕਰਕੇ ਜਿਥੇ ਡੇਂਗੂ ਤੋਂ ਬਚਾਅ ਕਰਨਾ ਹੈ, ਉਥੇ ਡੇਂਗੂ ਦੇ ਕੇਸਾਂ ਵਿਚ ਗਿਰਾਵਟ ਲਿਆਉਣਾ ਵੀ ਹੈ। ਆਪਣੇ ਆਲੇ-ਦੁਆਲੇ ਪਾਣੀ ਖੜ੍ਹਾ ਨਾ ਹੋਣ ਦੇ ਕੇ ਇਸ ਜਾਨਲੇਵਾ ਬਿਮਾਰੀ ਤੋਂ ਆਸਾਨੀ ਨਾਲ ਬਚਿਆ ਜਾ ਸਕਦਾ ਹੈ।