ਜਿਉਂਦ ’ਚ ਪੁਲਿਸ ਵੱਲੋਂ ਕਿਸਾਨਾਂ ਤੇ ਅੱਥਰੂ ਗੈਸ ਦੇ ਗੋਲੇ ਦਾਗਣ ਕਾਰਨ ਸਥਿਤੀ ਤਣਾਅ ਪੂਰਨ
ਅਸ਼ੋਕ ਵਰਮਾ
ਬਠਿੰਡਾ, 18 ਫਰਵਰੀ 2026: ਬਠਿੰਡਾ ਜ਼ਿਲ੍ਹੇ ਦੇ ਪਿੰਡ ਜਿਉਂਦ ’ਚ ਹੋਈਆਂ ਝੜਪਾਂ ਤੋਂ ਬਾਅਦ ਪੁਲਿਸ ਨੇ ਕਿਸਾਨਾਂ ਤੇ ਅੱਥਰੂ ਗੈਸ ਦੇਗੋਲਿਆਂ ਦਾ ਮੀਂਹ ਵਰ੍ਹਾ ਦਿੱਤਾ। ਪੁਲਿਸ ਦੀ ਇਸ ਕਾਰਵਾਈ ਤੋਂ ਭੜਕੇ ਕਿਸਾਨਾਂ ਨੇ ਵੀ ਪੁਲਿਸ ਤੇ ਪੱਥਰਬਾਜੀ ਕੀਤੀ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਸੈਂਕੜਿਆਂ ਦੀ ਗਿਣਤੀ ’ਚ ਇਹ ਕਿਸਾਨ ਪਿਛਲੇ ਕਈ ਮਹੀਨਿਆਂ ਤੋਂ ਬਠਿੰਡਾ ਜੇਲ੍ਹ ’ਚ ਬੰਦ ਕਿਸਾਨ ਆਗੂ ਸਗਨਦੀਪ ਸੰਘ ਅਤੇ ਬਲਦੇਵ ਸਿੰਘ ਦੀ ਰਿਹਾਈ ਲਈ ਡੀਸੀ ਦਫਤਰ ਬਠਿੰਡਾ ਅੱਗੇ ਧਰਨਾ ਲਾਉਣ ਵਾਸਤੇ ਬਠਿੰਡਾ ਜਾਣ ਲਈ ਇਕੱਠੇ ਹੋਏ ਸਨ। ਕਿਸਾਨਾਂ ਦੇ ਪ੍ਰੋਗਰਾਮ ਨੂੰ ਦੇਖਦਿਆਂ ਅੱਜ ਜਿਲ੍ਹਾ ਪੁਲਿਸ ਪ੍ਰਸ਼ਾਸ਼ਨ ਨੇ ਜਿਉਂਦ ਨੂੰ ਸਵੇਰ ਤੋਂ ਹੀ ਪੁਲਿਸ ਛਾਉਣੀ ’ਚ ਤਬਦੀਲ ਕੀਤਾ ਹੋਇਆ ਸੀ। ਵੱਡੀ ਗੱਲ ਇਹ ਹੈ ਕਿ ਇਸ ਮੌਕੇ ਜਿਲ੍ਹਾ ਪੁਲਿਸ ਮੁਖੀ ਡਾ ਜਯੋਤੀ ਯਾਦਵ ਵੀ ਪੂਰੇ ਦਲ ਬਲ ਸਮੇਤ ਹਾਜਰ ਸਨ।
ਐਸਐਸਪੀ ਵੱਲੋਂ ਅਗਵਾਈ ਕਰਨ ਕਰਕੇ ਵੀ ਪੁਲਿਸ ਅਮਲਾ ਆਮ ਨਾਲੋਂ ਵੱਧ ਹੌਂਸਲੇ ’ਚ ਦਿਖਾਈ ਦਿੱਤਾ ਅਤੇ ਪੁਲਿਸ ਨੇ ਕਿਸਾਨਾਂ ਦੀ ਫੜ੍ਹੋ ਫੜੀ ਕਰਕੇ ਗੱਡੀਆਂ ’ਚ ਚੜ੍ਹਾਇਆ। ਇਸ ਦੌਰਾਨ ਜਦੋਂ ਇਸ ਮੌਕੇ ਪੁਲਿਸ ਦਾ ਘੇਰਾ ਤੋੜਕੇ ਕਿਸਾਨਾਂ ਨੇ ਕੂਚ ਕਰਨ ਦੀ ਕੋਸ਼ਿਸ਼ ਕਰ ਕੀਤੀ ਤਾਂ ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਦਾਗਣੇ ਸ਼ੁਰੂ ਕਬ ਦਿੱਤੇ ਜਿਸ ਤੋਂ ਬਾਅਦ ਸਥਿਤੀ ਤਣਾਅ ਪੂਰਨ ਬਣੀ ਹੋਈ ਹੈ। ਕਿਸਾਨ ਅਤੇ ਪੁਲਿਸ ਆਹਮੋ ਸਾਹਮਣੇ ਡਟੇ ਹੋਏ ਸਨ ਅਤੇ ਪੂਰਾ ਪਿੰਡ ਇੱਕ ਤਰਾਂ ਨਾਲ ਘਰਾਂ ਤੋਂ ਬਾਹਰ ਨਿਕਲਿਆ ਦਿਖਾਈ ਦੇ ਰਿਹਾ ਸੀ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਅਤੇ ਜਰਨਲ ਸਕੱਤਰ ਹਰਜਿੰਦਰ ਸਿੰਘ ਬੱਗੀ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਹੁਕਮਾਂ ’ਤੇ ਪੁਲਿਸ ਨੇ ਜਿਲਿਆਂ ਵਾਲਾ ਬਾਗ ਦੀ ਯਾਦ ਤਾਜਾ ਕਰਵਾ ਦਿੱਤੀ ਹੈ।
ਉਨ੍ਹਾਂ ਦੱਸਿਆ ਕਿ ਕਿਸਾਨਾਂ ਨੇ ਕੋਈ ਰਾਹ ਨਹੀਂ ਰੋਕਿਆ ਬਲਕਿ ਉਹ ਤਾਂ ਸ਼ਾਂਤਮਈ ਬੈਠੇ ਹੋਏ ਸਨ ਪਰ ਪੁਲਿਸ ਨੇ ਧਾੜਵੀਆਂ ਵਾਂਗ ਹੱਲਾ ਬੋਲਿਆ। ਉਨ੍ਹਾਂ ਕਿਹਾ ਕਿ ਕਿਸਾਨ ਪੁਲਿਸ ਜਬਰ ਦੀ ਪ੍ਰਵਾਹ ਕੀਤੇ ਬਗੈਰ ਆਪਣੀ ਹੱਕੀ ਮੰਗ ਕਿਸਾਨ ਆਗੂਆਂ ਨੂੰ ਰਿਹਾਅ ਕਰਵਾਉਣ ਲਈ ਸੰਘਰਸ਼ ਜਾਰੀ ਰੱਖਣਗੇ। ਓਧਰ ਧਰਨੇ ਨੂੰ ਦੇਖਦਿਆਂ ਬਠਿੰਡਾ ਜ਼ਿਲ੍ਹੇ ਵਿੱਚ ਕਰੀਬ ਦੋ ਹਜ਼ਾਰ ਤੋਂ ਵੱਧ ਪੁਲੀਸ ਮੁਲਾਜ਼ਮ ਚੱਪੇ ਚੱਪੇ ’ਤੇ ਤਾਇਨਾਤ ਕੀਤੇ ਹੋਏ ਸਨ ਪਰ ਅੱਜ ਟਕਰਾਅ ਦਾ ਅਖਾੜਾ ਪਿੰਡ ਜਿਉਂਦ ਬਣਿਆ ਰਿਹਾ। ਦੱਸਣਯੋਗ ਹੈ ਕਿ ਭਾਰਤੀ ਕਿਸਾਨ ਯੂਨੀਅਨ(ਉਗਰਾਹਾਂ) ਵੱਲੋਂ ਜੇਲ੍ਹ ’ਚ ਬੰਦ ਕਿਸਾਨ ਆਗੂਆਂ ਨੂੰ ਰਿਹਾਅ ਕਰਵਾਉਣ ਲਈ ਅੱਜ ਬਠਿੰਡਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਸ਼ਾਂਤਮਈ ਧਰਨਾ ਦੇਣ ਦਾ ਐਲਾਨ ਕੀਤਾ ਹੋਇਆ ਸੀ। ਪੰਜਾਬ ਸਰਕਾਰ ਨੇ ਹਰ ਹੀਲੇ ਇਹ ਧਰਨਾ ਅਸਫਲ ਬਣਾਉਣ ਵਾਸਤੇ ਪੁਲੀਸ ਨੂੰ ਹਦਾਇਤ ਸੀ ਜਿਸ ਤਹਿਤ ਅੱਜ ਸਖਤ ਨਾਕਾਬੰਦੀ ਕੀਤੀ ਹੋਈ ਸੀ।
ਕਿਸਾਨ ਆਗੂਆਂ ਨੇ ਦਾਅਵਾ ਕੀਤਾ ਹੈ ਕਿ ਜ਼ਿਲ੍ਹਾ ਪੁਲੀਸ ਨੇ ਵੱਡੀ ਗਿਣਤੀ ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਫਿਰ ਵੀ ਕਿਸਾਨ ਘਰਾਂ ਚੋਂ ਨਿਕਲ ਕੇ ਵਿਰੋਧ ਦਰਜ ਕਰਾਉਣ ਵਿੱਚ ਕਾਮਯਾਬ ਰਹੇ। ਜਾਣਕਾਰੀ ਅਨੁਸਾਰ ਕਈ ਥਾਵਾਂ ਤੇ ਕਿਸਾਨਾਂ ਦੇ ਕਾਫਲਿਆਂ ਨੂੰ ਪੁਲੀਸ ਨੇ ਘੇਰਾ ਪਾਈ ਰੱਖਿਆ। ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਜ਼ਿਲ੍ਹਾ ਆਗੂ ਜਸਵੀਰ ਸਿੰਘ ਬੁਰਜ ਸੇਮਾ ਦਾ ਕਹਿਣਾ ਸੀ ਕਿ ਪੁਲੀਸ ਦੀ ਐਡੀ ਦਹਿਸ਼ਤ ਦੇ ਬਾਵਜੂਦ ਕਿਸਾਨਾਂ ਨੇ ਸੜਕਾਂ ਤੇ ਨਿਕਲ ਕੇ ਵਿਰੋਧ ਦਰਜ ਕਰਾਇਆ ਹੈ ਜੋ ਧਰਨੇ ਤੋਂ ਘੱਟ ਨਹੀਂ ਹੈ। ਉਨ੍ਹਾਂ ਆਖਿਆ ਕਿ ਬਠਿੰਡਾ ਜੇਲ੍ਹ ’ਚ ਬੰਦ ਕਿਸਾਨ ਆਗੂ ਬਲਦੇਵ ਸਿੰਘ ਅਤੇ ਸਗਨਦੀਪ ਸਿੰਘ ਦੀ ਰਿਹਾਈ ਆਦਿ ਮੰਗਾਂ ਨੂੰ ਲੈ ਕੇ ਹੀ ਉਨ੍ਹਾਂ ਦਾ ਸਿਰਫ਼ ਸ਼ਾਂਤਮਈ ਧਰਨਾ ਦੇਣ ਦਾ ਪ੍ਰੋਗਰਾਮ ਸੀ ਪ੍ਰੰਤੂ ਪੁਲੀਸ ਨੇ ਦਹਿਸ਼ਤ ਪਾ ਕੇ ਜਮਹੂਰੀ ਹੱਕ ’ਤੇ ਡਾਕਾ ਮਾਰਿਆ ਹੈ। ਪੁਲੀਸ ਦੀ ਮੋਰਚਾਬੰਦੀ ਕਾਰਨ ਆਮ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਜਿੰਨ੍ਹਾਂ ਆਖਿਆ ਕਿ ਕਿਸਾਨਾਂ ਦੀ ਥਾਂ ਅੱਜ ਪੁਲੀਸ ਦੇ ਮੋਰਚੇ ਕਰਕੇ ਖੱਜਲ ਖੁਆਰੀ ਜ਼ਿਆਦਾ ਹੋਈ ਹੈ।