ਜਸਪਾਲੋ ਵਾਸੀਆਂ ਦਾ ਅਨਬਰੈਕੋ ਫੈਕਟਰੀ ਖ਼ਿਲਾਫ਼ ਜ਼ੋਰਦਾਰ ਰੋਸ
ਕਥਿਤ ਕੈਮੀਕਲ ਵਾਲਾ ਪਾਣੀ ਬਾਹਰ ਛੱਡਣ ਦੇ ਦੋਸ਼; ਪ੍ਰਦੂਸ਼ਣ ਬੋਰਡ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਲਏ ਸੈਂਪਲ
ਖੰਨਾ ( ਰਵਿੰਦਰ ਢਿੱਲੋਂ) ਨੇੜਲੇ ਪਿੰਡ ਜਸਪਾਲੋ ਦੇ ਵਸਨੀਕਾਂ ਵੱਲੋਂ ਅਨਬਰੈਕੋ ਫੈਕਟਰੀ ਖ਼ਿਲਾਫ਼ ਕਥਿਤ ਪ੍ਰਦੂਸ਼ਣ ਦੇ ਮੁੱਦੇ ਨੂੰ ਲੈ ਕੇ 28 ਸਤੰਬਰ ਨੂੰ ਰੋਸ ਧਰਨਾ ਦੇ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਪਿੰਡ ਵਾਸੀਆਂ ਨੇ ਦੋਸ਼ ਲਗਾਇਆ ਕਿ ਫੈਕਟਰੀ ਵੱਲੋਂ ਕਥਿਤ ਤੌਰ ’ਤੇ ਕੈਮੀਕਲ ਵਾਲਾ ਪਾਣੀ ਬਾਹਰ ਛੱਡੇ ਜਾਣ ਕਾਰਨ ਪਿੰਡ ਦੇ ਪਾਣੀ ਅਤੇ ਵਾਤਾਵਰਣ ’ਤੇ ਮਾੜਾ ਪ੍ਰਭਾਵ ਪੈ ਰਿਹਾ ਹੈ।
ਧਰਨੇ ਦੀ ਅਗਵਾਈ ਕਰ ਰਹੇ ਲਵਪ੍ਰੀਤ ਸਿੰਘ ਅਤੇ ਕੁਲਦੀਪ ਸਿੰਘ ਨੇ ਦੱਸਿਆ ਕਿ ਇਸੇ ਮਾਮਲੇ ਨੂੰ ਲੈ ਕੇ ਪਿੰਡ ਵਾਸੀਆਂ ਵੱਲੋਂ 17 ਸਤੰਬਰ ਨੂੰ ਵੀ ਫੈਕਟਰੀ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ। ਉਨ੍ਹਾਂ ਮੁਤਾਬਕ ਉਸ ਸਮੇਂ ਫੈਕਟਰੀ ਪ੍ਰਬੰਧਕਾਂ ਵੱਲੋਂ ਭਵਿੱਖ ਵਿੱਚ ਅਜਿਹੀ ਘਟਨਾ ਨਾ ਹੋਣ ਦਾ ਭਰੋਸਾ ਦਿੱਤਾ ਗਿਆ ਸੀ।
ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਕਥਿਤ ਕੈਮੀਕਲ ਵਾਲੇ ਪਾਣੀ ਕਾਰਨ ਇਲਾਕੇ ਦੇ ਪਾਣੀ ਦਾ ਟੀਡੀਐਸ ਪੱਧਰ 800 ਤੋਂ ਵੱਧ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ ਅਤੇ ਲੋਕਾਂ ਨੂੰ ਪਾਣੀ ਦੀ ਗੁਣਵੱਤਾ ਸਬੰਧੀ ਚਿੰਤਾ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਕਈ ਵਾਰ ਸ਼ਿਕਾਇਤਾਂ ਦਿੱਤੀਆਂ ਗਈਆਂ ਹਨ।
ਧਰਨੇ ਦੌਰਾਨ ਲੋਕਾਂ ਦੇ ਰੋਸ ਨੂੰ ਦੇਖਦਿਆਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐਸਡੀਓ ਅਤੇ ਜੇਈ ਮੌਕੇ ’ਤੇ ਪਹੁੰਚੇ ਅਤੇ ਫੈਕਟਰੀ ਤੋਂ ਬਾਹਰ ਨਿਕਲ ਰਹੇ ਪਾਣੀ ਦੇ ਸੈਂਪਲ ਲਏ। ਹੁਣ ਸੈਂਪਲਾਂ ਦੀ ਜਾਂਚ ਰਿਪੋਰਟ ਤੋਂ ਬਾਅਦ ਹੀ ਕਥਿਤ ਪ੍ਰਦੂਸ਼ਣ ਸਬੰਧੀ ਸਥਿਤੀ ਸਪੱਸ਼ਟ ਹੋਵੇਗੀ।
ਧਰਨਾਕਾਰੀਆਂ ਵੱਲੋਂ ਸੜਕ ਜਾਮ ਕੀਤੇ ਜਾਣ ਤੋਂ ਬਾਅਦ ਸਥਾਨਕ ਪੁਲਿਸ ਵੀ ਮੌਕੇ ’ਤੇ ਪਹੁੰਚੀ। ਇਸ ਉਪਰੰਤ ਧਰਨਾਕਾਰੀਆਂ ਅਤੇ ਫੈਕਟਰੀ ਦੇ ਨੁਮਾਇੰਦਿਆਂ ਨੂੰ ਪੁਲਿਸ ਚੌਕੀ ਕੋਟਾ ਲਿਜਾਇਆ ਗਿਆ।
ਲਵਪ੍ਰੀਤ ਸਿੰਘ ਨੇ ਕਿਹਾ ਕਿ ਪਿੰਡ ਵਾਸੀਆਂ ਦੀ ਮੰਗ ਹੈ ਕਿ ਕਥਿਤ ਤੌਰ ’ਤੇ ਧਰਤੀ ਵਿੱਚ ਕੈਮੀਕਲ ਵਾਲਾ ਪਾਣੀ ਪਾਉਣ ਦੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਅਤੇ ਜੇਕਰ ਦੋਸ਼ ਸਹੀ ਪਾਏ ਜਾਂਦੇ ਹਨ ਤਾਂ ਇਸ ਨੂੰ ਤੁਰੰਤ ਬੰਦ ਕਰਵਾਇਆ ਜਾਵੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਮੰਗਾਂ ’ਤੇ ਕਾਰਵਾਈ ਨਾ ਹੋਣ ਦੀ ਸੂਰਤ ਵਿੱਚ ਪਿੰਡ ਵਾਸੀ ਫੈਕਟਰੀ ਦੇ ਬਾਹਰ ਪੱਕਾ ਧਰਨਾ ਲਗਾਉਣ ਅਤੇ ਨੈਸ਼ਨਲ ਹਾਈਵੇ ਜਾਮ ਕਰਨ ਲਈ ਮਜਬੂਰ ਹੋਣਗੇ।
ਇਸ ਮਾਮਲੇ ਸਬੰਧੀ ਫੈਕਟਰੀ ਪ੍ਰਬੰਧਕਾਂ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨਾਲ ਉਨ੍ਹਾਂ ਦਾ ਪੱਖ ਜਾਣਨ ਲਈ ਸੰਪਰਕ ਕੀਤਾ ਗਿਆ, ਪਰ ਉਨ੍ਹਾਂ ਵੱਲੋਂ ਆਪਣਾ ਪੱਖ ਦੇਣ ਤੋਂ ਇਨਕਾਰ ਕੀਤਾ ਗਿਆ।
- Download Babushahi App
-
-