\ਜਗਰਾਉਂ ਬਲਾਕ ਸੰਮਤੀ ਚੋਣਾਂ 'ਚ ਵੱਡਾ ਸਿਆਸੀ ਧਮਾਕਾ: ਡਰਾਅ ਰਾਹੀਂ 'ਆਪ' ਦੇ ਸਿਰ ਸਜਿਆ ਤਾਜ
ਜਗਰਾਉਂ:(ਦੀਪਕ ਜੈਨ ) ਆਖਰਕਾਰ ਪੰਜਵੀਂ ਵਾਰ ਜਗਰਾਉਂ ਬਲਾਕ ਸੰਮਤੀ ਚੋਣਾਂ ਦਾ ਸਿਆਸੀ ਡਰਾਮਾ ਆਪਣੇ ਸਿਖਰ 'ਤੇ ਪਹੁੰਚ ਕੇ ਖਤਮ ਹੋ ਹੀ ਗਿਆ। ਬੀ.ਡੀ.ਪੀ.ਓ. ਦਫ਼ਤਰ ਵਿਖੇ ਹੋਈ ਇਸ ਹਾਈ-ਵੋਲਟੇਜ ਮੀਟਿੰਗ ਵਿੱਚ ਨੋਡਲ ਅਫ਼ਸਰ ਐਸ.ਡੀ.ਐਮ. ਉਪਿੰਦਰਜੀਤ ਕੌਰ ਬਰਾੜ ਨੇ ਡਰਾਅ (ਪਰਚੀ) ਸਿਸਟਮ ਰਾਹੀਂ ਆਮ ਆਦਮੀ ਪਾਰਟੀ ਦੀ ਮਹਿਲਾ ਮੈਂਬਰ ਕਿਰਨਪ੍ਰੀਤ ਕੌਰ ਦੇ ਸਿਰ ਚੇਅਰਪਰਸਨ ਦਾ ਤਾਜ ਸਜਾ ਦਿੱਤਾ, ਜਦਕਿ ਆਜ਼ਾਦ ਉਮੀਦਵਾਰ ਪਵਨਪ੍ਰੀਤ ਕੌਰ ਉਪ-ਚੇਅਰਪਰਸਨ ਬਣੀ। ਪਰ ਇਸ ਚੋਣ ਨੇ ਜਗਰਾਉਂ ਦੀ ਸਿਆਸਤ ਵਿੱਚ ਇੱਕ ਨਵਾਂ ਅਤੇ ਤਿੱਖਾ ਵਿਵਾਦ ਛੇੜ ਦਿੱਤਾ ਹੈ।
ਕਾਂਗਰਸ ਦੇ 12 ਮੈਂਬਰਾਂ ਦੇ ਮੁਕਾਬਲੇ 'ਆਪ' ਕੋਲ ਸਿਰਫ਼ 9 (ਵਿਧਾਇਕਾ ਸਮੇਤ) ਵੋਟਾਂ ਸਨ ਪਰ ਸ਼੍ਰੋਮਣੀ ਅਕਾਲੀ ਦਲ ਦੇ 2 ਅਤੇ 1 ਆਜ਼ਾਦ ਮੈਂਬਰ ਨੇ 'ਆਪ' ਦੇ ਖੇਮੇ ਵਿੱਚ ਐਂਟਰੀ ਮਾਰ ਕੇ ਸਭ ਨੂੰ ਹੈਰਾਨ ਕਰ ਦਿੱਤਾ।
ਅੰਕੜਾ 12-12 ਦੀ ਬਰਾਬਰੀ 'ਤੇ ਪਹੁੰਚਣ ਤੋਂ ਬਾਅਦ ਪਰਚੀ ਸਿਸਟਮ ਨੇ 'ਆਪ' ਦੀ ਲਾਟਰੀ ਕੱਢ ਦਿੱਤੀ।
ਕਾਂਗਰਸੀ ਆਗੂ ਜੱਗਾ ਹਿੱਸੋਵਾਲ ਦਾ ਅਕਾਲੀਆਂ 'ਤੇ ਤਿੱਖਾ ਹਮਲਾ: "ਸਟੇਜਾਂ 'ਤੇ ਪੰਜਾਬ ਬਚਾਉਣ ਦਾ ਡਰਾਮਾ, ਅੰਦਰਖਾਤੇ 'ਆਪ' ਨਾਲ ਯਾਰੀਆਂ!"
ਚੋਣ ਨਤੀਜਿਆਂ ਤੋਂ ਬਾਅਦ ਕਾਂਗਰਸ ਦੇ ਹਲਕਾ ਇੰਚਾਰਜ ਜਗਤਾਰ ਸਿੰਘ ਜੱਗਾ ਹਿੱਸੋਵਾਲ ਦਾ ਗੁੱਸਾ ਸੱਤਵੇਂ ਅਸਮਾਨ 'ਤੇ ਸੀ। ਬੀ.ਡੀ.ਪੀ.ਓ. ਦਫ਼ਤਰ ਦੇ ਬਾਹਰ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਖਿਲਾਫ਼ ਤਿੱਖੀ ਬਿਆਨਬਾਜ਼ੀ ਕਰਦਿਆਂ ਸਿਆਸੀ ਮਾਹੌਲ ਪੂਰੀ ਤਰ੍ਹਾਂ ਗਰਮਾ ਦਿੱਤਾ।
ਜੱਗਾ ਹਿੱਸੋਵਾਲ ਨੇ ਗਰਜਦਿਆਂ ਕਿਹਾ, "ਅਕਾਲੀ ਦਲ ਦਾ ਅਸਲੀ ਅਤੇ ਦੋਗਲਾ ਚਿਹਰਾ ਅੱਜ ਜਗਰਾਉਂ ਦੀ ਜਨਤਾ ਦੇ ਸਾਹਮਣੇ ਬੇਨਕਾਬ ਹੋ ਗਿਆ ਹੈ। ਸਿਰਫ਼ ਦੋ ਦਿਨ ਪਹਿਲਾਂ ਸੁਖਬੀਰ ਬਾਦਲ ਜਗਰਾਉਂ ਵਿੱਚ 'ਬਦਲਾਅ ਰੈਲੀ' ਦੇ ਨਾਂ 'ਤੇ 'ਆਪ' ਨੂੰ ਪੰਜਾਬ ਵਿਰੋਧੀ ਦੱਸ ਰਹੇ ਸਨ, ਪਰ ਅੱਜ ਉਨ੍ਹਾਂ ਦੇ ਹੀ ਬੰਦੇ 'ਆਪ' ਦੀ ਝੋਲੀ ਵਿੱਚ ਬੈਠ ਕੇ ਉਨ੍ਹਾਂ ਦਾ ਚੇਅਰਮੈਨ ਬਣਵਾ ਰਹੇ ਹਨ!
ਉਨ੍ਹਾਂ ਤਿੱਖਾ ਤੰਜ ਕੱਸਦਿਆਂ ਕਿਹਾ ਕਿ ਸੋਸ਼ਲ ਮੀਡੀਆ 'ਤੇ ਵੱਡੀਆਂ-ਵੱਡੀਆਂ ਫੋਕੀਆਂ ਫੜ੍ਹਾਂ ਮਾਰਨ ਵਾਲਾ ਅਕਾਲੀ ਅਸਲ ਵਿੱਚ ਆਮ ਆਦਮੀ ਪਾਰਟੀ ਨਾਲ ਰਲ ਚੁੱਕੇ' ਹਨ।
ਹਿੱਸੋਵਾਲ ਨੇ ਦੋਸ਼ ਲਾਇਆ, "ਇਹ ਸਿਆਸਤ ਨਹੀਂ, ਲੋਕਾਂ ਦੇ ਫਤਵੇ ਅਤੇ ਸਿਧਾਂਤਾਂ ਦਾ ਕਤਲ ਹੈ। ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਵਾਲੇ ਇਹ ਦੋਵੇਂ ਧੜੇ ਅੰਦਰੋਂ ਇੱਕੋ ਥਾਲੀ ਦੇ ਚੱਟੇ-ਬੱਟੇ ਹਨ।"
ਦੂਜੇ ਪਾਸੇ, ਜਿੱਤ ਦੇ ਜਸ਼ਨਾਂ ਵਿੱਚ ਡੁੱਬੀ 'ਆਪ' ਵਿਧਾਇਕਾ ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਇਸ ਨੂੰ ਸੱਚਾਈ ਦੀ ਜਿੱਤ ਦੱਸਿਆ। ਉਨ੍ਹਾਂ ਕਿਹਾ ਕਿ ਡਰਾਅ ਦੀ ਪਰਚੀ ਖੁਦ ਕਾਂਗਰਸੀ ਉਮੀਦਵਾਰਾਂ ਨੇ ਚੁੱਕੀ ਹੈ, ਇਸ ਲਈ ਧੱਕੇਸ਼ਾਹੀ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ। ਉਨ੍ਹਾਂ ਭਰੋਸਾ ਦਿੱਤਾ ਕਿ ਨਵੀਂ ਲੀਡਰਸ਼ਿਪ ਬਿਨਾਂ ਕਿਸੇ ਪੱਖਪਾਤ ਦੇ ਹਲਕੇ ਦਾ ਵਿਕਾਸ ਕਰੇਗੀ।
ਅਕਾਲੀ ਦਲ ਬੈਕਫੁੱਟ 'ਤੇ: ਸਾਬਕਾ ਵਿਧਾਇਕ ਕਲੇਰ ਨੇ ਝਾੜਿਆ ਪੱਲਾ
ਜਦੋਂ ਇਸ ਸਿਆਸੀ ਭੂਚਾਲ ਬਾਰੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਐਸ.ਆਰ. ਕਲੇਰ ਨੂੰ ਸਵਾਲ ਕੀਤਾ ਗਿਆ, ਤਾਂ ਉਹ ਬਚਾਅ ਦੀ ਮੁਦਰਾ ਵਿੱਚ ਨਜ਼ਰ ਆਏ। ਉਨ੍ਹਾਂ ਉਲਟਾ ਦਾਅਵਾ ਕੀਤਾ ਕਿ ਅਸਲ ਵਿੱਚ ਕਾਂਗਰਸ ਅਤੇ 'ਆਪ' ਦੀ ਮਿਲੀਭੁਗਤ ਹੈ। ਆਪਣੇ ਮੈਂਬਰਾਂ ਦੇ 'ਆਪ' ਵੱਲ ਜਾਣ 'ਤੇ ਅਨਜਾਣਤਾ ਪ੍ਰਗਟਾਉਂਦਿਆਂ ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਉਨ੍ਹਾਂ ਦੇ ਮੈਂਬਰਾਂ ਨੇ ਗੱਦਾਰੀ ਕਰਦਿਆਂ 'ਆਪ' ਨੂੰ ਵੋਟ ਪਾਈ ਹੈ, ਤਾਂ ਪਾਰਟੀ ਹਾਈਕਮਾਂਡ ਨੂੰ ਰਿਪੋਰਟ ਕਰਕੇ ਉਨ੍ਹਾਂ ਖਿਲਾਫ਼ ਸਖ਼ਤ ਐਕਸ਼ਨ ਲਿਆ ਜਾਵੇਗਾ ਅਤੇ ਉਨ੍ਹਾਂ ਨੂੰ ਬਾਹਰ ਦਾ ਰਸਤਾ ਦਿਖਾਉਣ ਲਈ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਜਾਵੇਗਾ।
Click to Follow Babushahi Facebook page →