ਚਾਈਨਾ ਤੇ ਸਿਥੈਟਿਕ ਡੋਰ ‘ਤੇ ਸਖ਼ਤ ਪਾਬੰਦੀ, ਉਲੰਘਣਾ ਕਰਨ ‘ਤੇ ਹੋਵੇਗੀ ਕਾਰਵਾਈ : ਆਸ਼ਿਕਾ ਜੈਨ
-ਡਿਪਟੀ ਕਮਿਸ਼ਨਰ ਨੇ ਨਾਗਰਿਕਾਂ ਨੂੰ ਕੀਤੀ ਸੁਰੱਖਿਅਤ ਪਤੰਗਬਾਜੀ ਦੀ ਅਪੀਲ
ਹੁਸ਼ਿਆਰਪੁਰ, 20 ਜਨਵਰੀ :
ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਆਸ਼ਿਕਾ ਜੈਨ ਨੇ ਜ਼ਿਲ੍ਹੇ ਦੇ ਸਾਰੇ ਨਾਗਰਿਕਾਂ ਨੂੰ ਪਤੰਗ ਉਡਾਉਂਦੇ ਸਮੇਂ ਸਿਰਫ਼ ਸੂਤੀ ਡੋਰ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਜ਼ਿਲ੍ਹੇ ਵਿੱਚ ਚਾਈਨਾ ਡੋਰ, ਪਲਾਸਟਿਕ ਅਤੇ ਹਰ ਤਰ੍ਹਾਂ ਦੀ ਸਿੰਥੈਟਿਕ ਡੋਰ ਦੀ ਵਰਤੋਂ, ਵਿਕਰੀ ਅਤੇ ਸਟੋਰੇਜ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਗਈ ਹੈ। ਇਹ ਪਾਬੰਦੀ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 ਦੀ ਧਾਰਾ 163 ਤਹਿਤ ਲਗਾਈ ਗਈ ਹੈ ਅਤੇ ਇਸਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸੀਜ਼ਨ ਵਿੱਚ ਪਤੰਗਬਾਜ਼ੀ ਵਧ ਰਹੀ ਹੈ, ਪਰ ਹਾਲ ਹੀ ਦੇ ਸਾਲਾਂ ਵਿੱਚ ਸੂਤੀ ਡੋਰ ਦੀ ਥਾਂ ਖ਼ਤਰਨਾਕ ਪਲਾਸਟਿਕ ਅਤੇ ਸਿੰਥੈਟਿਕ ਡੋਰ ਦੀ ਵਰਤੋਂ ਵਧੀ ਹੈ। ਇਹ ਡੋਰ ਬਹੁਤ ਖ਼ਤਰਨਾਕ ਸਾਬਤ ਹੋ ਰਹੀ ਹੈ, ਜੋ ਨਾ ਸਿਰਫ਼ ਪਤੰਗਬਾਜ਼ਾਂ ਨੂੰ ਗੰਭੀਰ ਸੱਟਾਂ ਪਹੁੰਚਾਉਂਦੀ ਹੈ, ਸਗੋਂ ਵਾਹਨ ਚਾਲਕਾਂ, ਬੱਚਿਆਂ ਅਤੇ ਰਾਹਗੀਰਾਂ ਦੀ ਜਾਨ ਨੂੰ ਵੀ ਖ਼ਤਰੇ ਵਿੱਚ ਪਾ ਰਹੀ ਹੈ।
ਉਨ੍ਹਾਂ ਕਿਹਾ ਕਿ ਪਿਛਲੇ ਸਾਲਾਂ ਦੌਰਾਨ ਚਾਈਨਾ ਅਤੇ ਸਿੰਥੈਟਿਕ ਡੋਰ ਨਾਲ ਜ਼ਿਲ੍ਹੇ ਅਤੇ ਹੋਰ ਥਾਵਾਂ 'ਤੇ ਕਈ ਦੁਖਦਾਈ ਹਾਦਸੇ ਵਾਪਰੇ ਹਨ। ਇਨ੍ਹਾਂ ਹਾਦਸਿਆਂ ਦੇ ਨਤੀਜੇ ਵਜੋਂ ਗਰਦਨ ਕੱਟੀ ਗਈ ਹੈ, ਗੰਭੀਰ ਸੱਟਾਂ ਲੱਗੀਆਂ ਹਨ ਅਤੇ ਮੌਤਾਂ ਵੀ ਹੋਈਆਂ ਹਨ। ਇਸ ਤੋਂ ਇਲਾਵਾ ਇਹ ਡੋਰ ਜਾਨਵਰਾਂ ਅਤੇ ਪੰਛੀਆਂ ਲਈ ਬਹੁਤ ਖ਼ਤਰਨਾਕ ਸਾਬਤ ਹੋ ਰਹੀ ਹੈ, ਜਿਸ ਨਾਲ ਵਾਤਾਵਰਨ ਅਤੇ ਜੈਵ ਵਿਭਿੰਨਤਾ ਨੂੰ ਨੁਕਸਾਨ ਹੋ ਰਿਹਾ ਹੈ।
ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਸਪੱਸ਼ਟ ਤੌਰ 'ਤੇ ਕਿਹਾ ਕਿ ਜ਼ਿਲ੍ਹੇ ਵਿੱਚ ਕਿਸੇ ਵੀ ਕਿਸਮ ਦੀ ਸਿੰਥੈਟਿਕ ਜਾਂ ਪਲਾਸਟਿਕ ਦੀ ਡੋਰ ਦੀ ਵਿਕਰੀ, ਸਟੋਰੇਜ ਜਾਂ ਵਰਤੋਂ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਹ ਹੁਕਮ ਪਤੰਗ ਵਿਕਰੇਤਾਵਾਂ ਅਤੇ ਪਤੰਗ ਉਡਾਉਣ ਵਾਲਿਆਂ ਦੋਵਾਂ 'ਤੇ ਬਰਾਬਰ ਲਾਗੂ ਹੁੰਦਾ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਸਬੰਧਤ ਵਿਭਾਗਾਂ ਨੂੰ ਨਿਯਮਿਤ ਨਿਰੀਖਣ ਅਤੇ ਸਖ਼ਤ ਨਿਗਰਾਨੀ ਕਰਨ ਦੇ ਨਿਰਦੇਸ਼ ਦਿੱਤੇ ਹਨ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਸਾਰੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਜਨਤਕ ਸੁਰੱਖਿਆ ਨੂੰ ਤਰਜੀਹ ਦੇਣ ਅਤੇ ਸਿਰਫ਼ ਸੂਤੀ ਡੋਰ ਦੀ ਵਰਤੋਂ ਕਰਨ, ਕਿਸੇ ਵੀ ਵਰਜਿਤ ਡੋਰ ਦੀ ਵਰਤੋਂ ਤੋਂ ਖ਼ੁਦ ਗੁਰੇਜ਼ ਕਰਨ ਅਤੇ ਦੂਜਿਆਂ ਨੂੰ ਇਸ ਦੀ ਵਰਤੋਂ ਤੋਂ ਰੋਕਣ। ਉਨ੍ਹਾਂ ਵਿਸ਼ੇਸ਼ ਤੌਰ 'ਤੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਸੁਰੱਖਿਅਤ ਪਤੰਗ ਉਡਾਉਣ ਬਾਰੇ ਜਾਗਰੂਕ ਕਰਨ, ਤਾਂ ਜੋ ਤਿਉਹਾਰ ਅਤੇ ਮਨੋਰੰਜਨ ਖੁਸ਼ੀ ਅਤੇ ਖੇੜੇ ਦਾ ਸਰੋਤ ਬਣ ਸਕਣ, ਨਾ ਕਿ ਕੋਈ ਅਣਸੁਖਾਵੀਂ ਘਟਨਾ ਦਾ।