ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਗਰ ਕੀਰਤਨ ਸਬੰਧੀ SSP ਨੂੰ ਦਿੱਤਾ ਸੱਦਾ ਪੱਤਰ
ਮਹਾਨ ਨਗਰ ਕੀਰਤਨ 2 ਜਨਵਰੀ ਨੂੰ
ਦੀਪਕ ਜੈਨ
ਜਗਰਾਉਂ, 29 ਦਸਬੰਰ 2025- ਸਰਬੰਸਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਗੁਰਪੁਰਬ ਨੂੰ ਸਮਰਪਿਤ ਗੁਰਦੁਆਰਾ ਗੁਰੂ ਨਾਨਕਪੁਰਾ ਮੋਰੀ ਗੇਟ ਵਿਖੇ ਪਿੱਛਲੇ ਇਕ ਮਹੀਨੇ ਤੋਂ ਧਾਰਮਿਕ ਸਮਾਗਮ ਚੱਲ ਰਹੇ ਹਨ। ਗੁਰਦੁਆਰਾ ਸਾਹਿਬ ਵਿਖੇ ਸਵੇਰੇ ਪ੍ਰਭਾਤ ਫੇਰੀਆਂ ਤੇ ਸ਼ਾਮ ਨੂੰ ਸ਼ਾਮਾਂ ਫੇਰੀਆਂ ਚੱਲ ਰਹੀਆਂ ਹਨ, ਜਿਸ 'ਚ ਸੰਗਤਾਂ ਵੱਧ ਚੜ੍ਹ ਕੇ ਹਿੱਸਾ ਲੈ ਰਹੀਆਂ ਹਨ। ਇਸ ਤੋਂ ਇਲਾਵਾ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠਾਂ ਦੀਆਂ ਲੜੀਆਂ ਵੀ ਚੱਲ ਰਹੀਆਂ ਹਨ।
ਸਮਾਗਮਾਂ ਸਬੰਧੀ ਗੁਰਦੁਆਰਾ ਗੁਰੂ ਨਾਨਕਪੁਰਾ ਮੋਰੀ ਗੇਟ ਦੀ ਪ੍ਰਬੰਧਕ ਕਮੇਟੀ ਵੱਲੋਂ ਤਿਆਰੀਆਂ ਜ਼ੋਰਾਂ-ਸ਼ੋਰਾਂ 'ਤੇ ਆਰੰਭੀਆਂ ਹੋਈਆਂ ਹਨ। ਅੱਜ ਪ੍ਰਬੰਧਕ ਕਮੇਟੀ ਨੇ 2 ਜਨਵਰੀ ਨੂੰ ਗੁਰਦੁਆਰਾ ਸਾਹਿਬ ਤੋਂ ਸਜਾਏ ਜਾ ਰਹੇ ਨਗਰ ਕੀਰਤਨ ਸਬੰਧੀ ਪੁਲਿਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਐਸ. ਐਸ. ਪੀ. ਡਾ: ਅੰਕੁਰ ਗੁਪਤਾ ਨੂੰ ਸੱਦਾ ਪੱਤਰ ਦਿੱਤਾ | ਇਸ ਮੌਕੇ ਐਸ. ਐਸ. ਪੀ. ਡਾ: ਗੁਪਤਾ ਨੇ ਕਿਹਾ ਕਿ ਨਗਰ ਕੀਰਤਨ ਦੌਰਾਨ ਪੁਲਿਸ ਟੁਕੜੀ ਵੱਲੋਂ ਸਲਾਮੀ ਦਿੱਤੀ ਜਾਵੇਗੀ ਅਤੇ ਪੁਲਿਸ ਦੇ ਪੁਖਤਾ ਪ੍ਰਬੰਧ ਕੀਤੇ ਜਾਣਗੇ।
ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ, ਜਨਰਲ ਸਕੱਤਰ ਹਰਦੇਵ ਸਿੰਘ ਬੌਬੀ, ਖਜ਼ਾਨਚੀ ਇੰਦਰਪਾਲ ਸਿੰਘ ਵਛੇਰ, ਸੀਨੀਅਰ ਮੀਤ ਪ੍ਰਧਾਨ ਅਜੀਤ ਸਿੰਘ ਮਿਗਲਾਨੀ, ਵਾਈਸ ਖਜ਼ਾਨਚੀ ਰਵਿੰਦਰਪਾਲ ਸਿੰਘ ਮੈਦ ਤੇ ਸਟੋਰ ਕੀਪਰ ਕਾਕੂ ਕੋਹਲੀ ਨੇ ਦੱਸਿਆ ਕਿ ਗੁਰਦੁਆਰਾ ਗੁਰੂ ਨਾਨਕਪੁਰਾ ਮੋਰੀ ਗੇਟ ਤੋਂ 2 ਜਨਵਰੀ ਨੂੰ ਮਹਾਨ ਨਗਰ ਕੀਰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਜਾਇਆ ਜਾਵੇਗਾ, ਜਿਸ ਦੀ ਤਿਆਰੀਆਂ ਜ਼ੋਰਾਂ 'ਤੇ ਚੱਲ ਰਹੀਆਂ ਹਨ।
ਉਨ੍ਹਾਂ ਦੱਸਿਆ ਕਿ 4 ਜਨਵਰੀ ਅਤੇ 5 ਜਨਵਰੀ ਨੂੰ ਮਹਾਨ ਕੀਰਤਨ ਦਰਬਾਰ ਸਜਾਇਆ ਜਾਵੇਗਾ, ਜਿਸ 'ਚ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਪ੍ਰੋਫੈਸਰ ਜਗਰੂਪ ਸਿੰਘ ਰੂਪ ਖਾਲਸਾ ਅਤੇ ਭਾਈ ਸੁਖਵੰਤਜੀਤ ਸਿੰਘ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ।