ਗੁਰਦੁਆਰਾ ਨਾਨਕਸਰ ਫਰਿਜ਼ਨੋ ਵਿਖੇ ਲੋਹੜੀ ‘ਤੇ ਹੋਏ ਵਿਸ਼ੇਸ਼ ਸਮਾਗਮ ਅਤੇ ਲੱਗੇ ਧੂਣੇ
ਫਰਿਜ਼ਨੋ (ਗੁਰਿੰਦਰਜੀਤ ਨੀਟਾ ਮਾਛੀਕੇ): ਬੇਸੱਕ ਸਮੇਂ ਦੇ ਬਦਲਣ ਨਾਲ ਪੰਜਾਬ ਅੰਦਰ ਬਹੁਤੇ ਤਿਉਹਾਰ ਦਿਖਾਵੇ ਮਾਤਰ ਰਹਿ ਗਏ ਹਨ। ਜਿਸ ਦਾ ਵੱਡਾ ਕਾਰਨ ਪੰਜਾਬ ਹੀ ਨਹੀਂ ਸਗੋਂ ਸਮੁੱਚਾ ਭਾਰਤ ਹੀ ਅਜਿਹੀ ਸਿਆਸਤ ਦੇ ਧੱਕੇ ਚੜਿਆ ਕਿ ਆਪਣੇ ਆਪ ਨੁੰ ਪੱਛਮੀ ਸੱਭਿਆਚਾਰ ਦੇ ਨਾਲ ਮੇਲਦੇ ਹੋਏ ਆਪਣੇ ਹੀ ਸੱਭਿਆਚਾਰ ਤੋਂ ਕੋਹਾ ਦੂਰ ਹੋ ਰਹੇ ਹਨ। ਪਰ ਇਸ ਦੇ ਉਲਟ ਵਿਦੇਸ਼ਾਂ ਵਿੱਚ ਬੈਠੇ ਭਾਰਤੀ ਆਪਣੇ ਅਮੀਰ ਵਿਰਸੇ ਦੀਆਂ ਜੜ੍ਹਾ ਹੋਰ ਵੀ ਮਜ਼ਬੂਤ ਕਰਦੇ ਹੋਏ ਆਪਣੇ ਬੱਚਿਆ ਨੂੰ ਨਾਲ ਜੋੜੀ ਰੱਖਣ ਲਈ ਸਮਾਂ ਕੱਢ ਕੇ ਸਾਂਝੇ ਤੋਰ ਤੇ ਮਨਾਉਦੇ ਹਨ। ਲੋਹੜੀ ਦੇ ਤਿਉਹਾਰ ਦਾ ਬੇਸੱਕ ਗੁਰਮਤਿ ਜਾਂ ਸਿੱਖ ਸਿਧਾਤਾ ਨਾਲ ਕੋਈ ਸਬੰਧ ਨਹੀਂ, ਪਰ ਫਿਰ ਵੀ ਸਮੁੱਚਾ ਪੰਜਾਬੀ ਭਾਈਚਾਰਾ ਗੁਰੂਘਰਾ ਵਿੱਚ ਸਾਂਝੇ ਤੌਰ 'ਤੇ ਨਵ-ਜਨਮੇਂ ਪੁੱਤਰਾ ਅਤੇ ਧੀਆਂ ਦੀ ਲੋਹੜੀ ਰਲ-ਮਿਲ ਬੜੀ ਸ਼ਾਨ ਨਾਲ ਮਨਾਉਦੇ ਹਨ। ਇੱਥੇ ਨਵ ਵਿਆਹੇ ਜੋੜੇ ਵੀ ਆ ਅਰਦਾਸਾ ਕਰਦੇ ਹਨ।
ਇਸੇ ਹੀ ਸਾਂਝੀ ਪਰੰਪਰਾ ਅਧੀਨ “ਗੁਰਦੁਆਰਾ ਨਾਨਕਸਰ” ਚੈਰੀ ਐਵਨਿਉ ਫਰਿਜ਼ਨੋ, ਕੈਲੇਫੋਰਨੀਆਂ ਵਿਖੇ ਸਲਾਨਾ ਸਮਾਗਮ ਹੋਏ। ਇਸ ਤਿਉਹਾਰ ਨੂੰ ਸਭਨਾ ਨੇ ਰੱਜ ਕੇ ਮਾਣਿਆ। ਪੰਜਾਬ ਵਾਂਗ ਇਥੇ ਕਈ ਤਰ੍ਹਾਂ ਦੀਆਂ ਮਿਠਾਈਆਂ, ਜਲੇਬੀਆਂ, ਚਾਹ-ਪਕੌੜੇ, ਗੰਨੇ ਦੇ ਰਸ ਆਦਿਕ ਸੁਆਦਿਸ਼ਟ ਪਕਵਾਨ ਦੇ ਲੰਗਰ ਸਜੇ ਸਨ। ਜਿੰਨਾ ਵਿੱਚ ਮੂੰਗਫਲੀ ਤੇ ਰਿਉੜੀਆ ਆਦਿਕ ਖਾਦੇ ਹੋਏ ਹਾਜ਼ਰ ਸੰਗਤਾਂ ਨੇ ਅਨੰਦ ਮਾਣਿਆ। ਜਿਸ ਵਿੱਚ ਹਿੱਸਾ ਲੈਣ ਲਈ ਗੋਰਿਆ ਦੇ ਬੱਚੇ ਵੀ ਦੇਖੇ। ਇਸ ਸਾਲ ਇੱਕ ਖਾਸ ਗੱਲ ਇਹ ਵੀ ਦੇਖਣ ਨੂੰ ਮਿਲੀ ਕਿ ਜਿੱਥੇ ਗੁਰਬਾਣੀ ਦੇ ਪ੍ਰਵਾਹ ਚੱਲ ਰਹੇ ਸਨ ਅਤੇ ਸੁਆਦਿਸ਼ਟ ਖਾਣਿਆਂ ਦੇ ਲੰਗਰ ਲੱਗੇ ਹੋਏ ਸਨ, ਉੱਥੇ ਬੀਬੀਆਂ ਅਤੇ ਧੀਆਂ ਲਈ ਵਧੀਆਂ-ਵਧੀਆਂ ਸੂਟਾਂ ਨੂੰ ਸੰਗਤਾਂ ਵਿੱਚ ਵੰਡਿਆ ਜਾ ਰਿਹਾ ਸੀ।
ਗੁਰਦੁਆਰਾ ਸਾਹਿਬ ਦੁਆਰਾ ਅਖੰਡ ਪਾਠਾਂ ਦੀ ਲੜੀ ਚੱਲ ਰਹੀ ਹੈ। ਪਰ ਲੋਹੜੀ ਦੇ ਵਿਸ਼ੇਸ਼ ਪ੍ਰੋਗਰਾਮ ਦੌਰਾਨ ਸਥਾਨਿਕ ਕੀਰਤਨੀ ਜੱਥਿਆਂ ਵਿੱਚ ਭਾਈ ਹਰਭਜਨ ਸਿੰਘ ਜੀ ਅਤੇ ਹੋਰ ਕੀਰਤਨੀ ਜਥਿਆਂ ਨੇ ਸੰਗਤਾਂ ਨੂੰ ਗੁਰਬਾਣੀ ਸਰਵਨ ਕਰਵਾਈ। ਇਸ ਤੋਂ ਇਲਾਵਾ ਹੋਰ ਵੱਖਰੇ-ਵੱਖਰੇ ਕਥਾ ਵਾਚਕਾ ਅਤੇ ਪ੍ਰਚਾਰਕਾ ਨੇ ਵੀ ਹਾਜ਼ਰੀ ਭਰੀ। ਇਸ ਤਰਾਂ ਬਾਅਦ ਸਮਾਪਤੀ ਦੌਰਾਨ ਵੱਧ ਰਹੀ ਸੰਗਤ ਦੇਖਦੇ ਹੋਏ ਵੱਡੇ-ਵੱਡੇ ਪੰਜ ਧੂਣੇ ਲਾਏ ਗਏ। ਇੱਥੇ ਇਹ ਗੱਲ ਵਰਨਣਯੋਗ ਹੈ ਕਿ ਲੋਹੜੀ ਦੇ ਪਰੰਪਰਾਗਤ ਜਸ਼ਨਾ ਤੋਂ ਇਲਾਵਾ ਵਿਸ਼ੇਸ਼ ਧਾਰਮਿਕ ਸਮਾਗਮ ਵੀ ਹੋਏ। ਜਿੰਨਾ ਵਿੱਚ ਸਮੂੰਹ ਭਾਈਚਾਰੇ ਨੇ ਰਲ ਮਿਲ ਅਨੰਦ ਮਾਣਿਆ।
ਇੱਥੇ ਇਹ ਗੱਲ ਵਰਨਣਯੋਗ ਹੈ ਕਿ ਸਮੁੱਚੇ ਕੈਲੇਫੋਰਨੀਆਂ ਵਿੱਚ ਲੋਹੜੀ ਨੂੰ ਸਭ ਪਹਿਲਾਂ ਮਨਾਉਣ ਦਾ ਉਪਰਾਲਾ ਗੁਰਦੁਆਰਾ ਨਾਨਕਸਰ ਚੈਰੀ ਐਵਨਿਉ ਫਰਿਜ਼ਨੋ ਵਿਖੇ ਸ਼ੁਰੂ ਹੋਇਆ ਸੀ। ਜੋ ਨਿਰੰਤਰ ਹਰ ਸਾਲ ਸੰਗਤਾਂ ਰਲ ਕੇ ਮਨਾਉਂਦੀਆਂ ਹਨ। ਗੁਰੂਘਰ ਦੇ ਬਾਹਰ ਖੁੱਲੀ ਥਾਂ ਅੱਗ ਦੇ ਧੂਣੇ ਲੱਗੇ ਹੋਏ ਸਨ। ਜਿਨ੍ਹਾਂ ‘ਤੇ ਤਿਲ ਮੂੰਗਫਲੀ ਆਦਿਕ ਪਾ ਸੰਗਤਾਂ ਨੇ ਰਿਵਾਇਤੀ ਰਸਮਾਂ ਨੂੰ ਅੱਗੇ ਵਧਾਇਆ। ਅੰਤ ਇਹ ਸਾਰੇ ਸਮਾਗਮ ਲੋਹੜੀ ਦੇ ਬਲਦੇ ਧੂਣਿਆ ਨਾਲ ਬੁਰਾਈ ਦੇ ਖਾਤਮੇ ਦਾ ਸੁਨੇਹਾ ਦਿੰਦੇ ਹੋਏ, ਆਪਣੇ ਪਿਆਰ ਦੀਆਂ ਨਿੱਘੀਆਂ ਯਾਦਾ ਛੱਡ ਗਏ।