ਗੁਰਦਾਸਪੁਰ ਦੇ ਨੌਜਵਾਨ ਨੇ ਫੁਟਬਾਲ ਵਿੱਚ ਦੇਸ਼ ਦਾ ਨਾਮ ਕੀਤਾ ਰੋਸ਼ਨ
ਜੱਦੀ ਪਿੰਡ ਪਹੁੰਚਣ ਤੇ ਨੌਜਵਾਨ ਅਨੋਸ ਦਾ ਕੀਤਾ ਗਿਆ ਭਰਪੂਰ ਸਵਾਗਤ
ਰੋਹਿਤ ਗੁਪਤਾ
ਗੁਰਦਾਸਪੁਰ : ਗੁਰਦਾਸਪੁਰ ਜ਼ਿਲ੍ਹੇ ਦੇ ਇੱਕ ਹੋਣਹਾਰ ਨੌਜਵਾਨ ਨੇ ਸਿਰਫ਼ ਆਪਣੇ ਪਰਿਵਾਰ ਜਾਂ ਆਪਣੇ ਪਿੰਡ ਦਾ ਹੀ ਨਹੀਂ, ਸਗੋਂ ਪੂਰੇ ਪੰਜਾਬ ਅਤੇ ਭਾਰਤ ਦਾ ਨਾਮ ਵਿਸ਼ਵ ਪੱਧਰ 'ਤੇ ਰੌਸ਼ਨ ਕੀਤਾ ਹੈ।
ਦੀਨਾ ਨਗਰ ਹਲਕੇ ਦੇ ਸਰਕਾਰੀ ਹਾਈ ਸਕੂਲ ਸੈਦੋਵਾਲ ਕਲਾਂ ਦੇ ਵਿਦਿਆਰਥੀ ਅਨੋਸ ਮਸੀਹ ਪੁੱਤਰ ਰਜਿੰਦਰ ਮਸੀਹ ਵਾਸੀ ਸੈਦੋਵਾਲ ਕਲਾਂ ਨੇ ਸਵੀਡਨ ਦੇ ਗੋਥੇਨਬਰਗ ਵਿੱਚ ਹੋਏ ਫੁੱਟਬਾਲ ਦੇੇ ਵਿਸ਼ਵ ਪ੍ਰਸਿੱਧ SKF Gothia Cup 2026 ਵਿੱਚ ਭਾਰਤੀ ਟੀਮ ਦਾ ਹਿੱਸਾ ਬਣ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਭਾਰਤ ਨੂੰ ਕਾਂਸੀ ਦਾ ਤਗਮਾ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਇਹ ਟੂਰਨਾਮੈਂਟ ਦੁਨੀਆ ਦੇ ਸਭ ਤੋਂ ਵੱਡੇ ਅੰਤਰਰਾਸ਼ਟਰੀ ਯੂਥ ਫੁੱਟਬਾਲ ਮੁਕਾਬਲਿਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।ਅੱਜ ਜਦੋਂ ਅਨੋਸ ਮਸੀਹ ਆਪਣੇ ਜੱਦੀ ਪਿੰਡ ਸੈਦੋਵਾਲ ਕਲਾਂ ਪਹੁੰਚਿਆ ਤਾਂ ਪੂਰਾ ਪਿੰਡ ਮਾਣ ਨਾਲ ਭਰ ਗਿਆ। ਢੋਲ ਦੇ ਡਗੇ, ਫੁੱਲਾਂ ਦੇ ਹਾਰ ਅਤੇ ਜ਼ੋਰਦਾਰ ਨਾਅਰਿਆਂ ਨਾਲ ਪਿੰਡ ਵਾਸੀਆਂ ਨੇ ਆਪਣੇ ਇਸ ਲਾਡਲੇ ਪੁੱਤਰ ਦਾ ਨਿੱਘਾ ਅਤੇ ਭਰਵਾਂ ਸਵਾਗਤ ਕੀਤਾ। ਹਰ ਚਿਹਰੇ 'ਤੇ ਖੁਸ਼ੀ ਸੀ ਅਤੇ ਹਰ ਜ਼ੁਬਾਨ 'ਤੇ ਇੱਕੋ ਗੱਲ—"ਸਾਡਾ ਪੁੱਤ ਦੇਸ਼ ਦਾ ਮਾਣ ਬਣਿਆ ਹੈ।"
ਜਾਣਕਾਰੀ ਅਨੁਸਾਰ ਟੂਰਨਾਮੈਂਟ ਦੌਰਾਨ ਅਨੋਸ ਮਸੀਹ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਭਾਰਤੀ ਟੀਮ ਲਈ ਸਭ ਤੋਂ ਵੱਧ ਤਿੰਨ ਗੋਲ ਕੀਤੇ। ਉਸ ਦੇ ਗੋਲਾਂ ਨੇ ਭਾਰਤ ਦੀ ਜਿੱਤ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਅਤੇ ਟੀਮ ਨੇ ਕਾਂਸੀ ਦਾ ਤਗਮਾ ਆਪਣੇ ਨਾਮ ਕੀਤਾ। ਇਹ ਉਪਲਬਧੀ ਨਾ ਸਿਰਫ਼ ਅਨੋਸ ਦੀ ਮਿਹਨਤ ਦੀ ਗਵਾਹੀ ਦਿੰਦੀ ਹੈ, ਸਗੋਂ ਇਹ ਵੀ ਸਾਬਤ ਕਰਦੀ ਹੈ ਕਿ ਪਿੰਡਾਂ ਦੇ ਬੱਚਿਆਂ ਵਿੱਚ ਵੀ ਵਿਸ਼ਵ ਪੱਧਰ 'ਤੇ ਛਾਪ ਛੱਡਣ ਦੀ ਪੂਰੀ ਸਮਰੱਥਾ ਹੈ।
ਅਨੋਸ ਦੀ ਇਸ ਕਾਮਯਾਬੀ ਨੇ ਸਰਕਾਰੀ ਹਾਈ ਸਕੂਲ ਸੈਦੋਵਾਲ ਦਾ ਵੀ ਨਾਮ ਰੌਸ਼ਨ ਕੀਤਾ ਹੈ। ਸਕੂਲ ਦੇ ਅਧਿਆਪਕਾਂ, ਸਾਥੀ ਵਿਦਿਆਰਥੀਆਂ ਅਤੇ ਇਲਾਕਾ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਹੈ। ਹਰ ਕੋਈ ਇਸ ਹੋਣਹਾਰ ਖਿਡਾਰੀ ਦੇ ਸੁਨਹਿਰੇ ਭਵਿੱਖ ਲਈ ਦੁਆਵਾਂ ਕਰ ਰਿਹਾ ਹੈ।
- Download Babushahi App
-
-