ਗੁਰਦਾਸਪੁਰ ਦੇ ਜੂਡੋ ਖਿਡਾਰੀਆਂ ਨੂੰ ਮਿਲਿਆ ਵਿਦੇਸ਼ੀ ਕੋਚ ਦਾ ਥਾਪੜਾ
ਅਹਿਮਦਾਬਾਦ ਗੁਜਰਾਤ ਦੀ ਐਨ ਜੀ ਓ ਵਿਜੇਈ ਭਾਰਤ ਫਾਉਂਡੇਸ਼ਨ ਵਲੋਂ ਕੀਤਾ ਜੂਡੋ ਸੈਂਟਰ ਦਾ ਦੌਰਾ
ਰੋਹਿਤ ਗੁਪਤਾ
ਗੁਰਦਾਸਪੁਰ 24 ਨਵੰਬਰ ਸ਼ਹੀਦ ਭਗਤ ਸਿੰਘ ਜੂਡੋ ਟ੍ਰੇਨਿੰਗ ਸੈਂਟਰ ਗੁਰਦਾਸਪੁਰ ਦੇ ਖਿਡਾਰੀਆਂ ਨੂੰ ਅਹਿਮਦਾਬਾਦ ਗੁਜਰਾਤ ਦੀ ਐਨ ਜੀ ਓ ਵਿਜੇਈ ਭਾਰਤ ਫਾਉਂਡੇਸ਼ਨ ਵਲੋਂ ਓਲੰਪਿਕ ਦੀ ਪਰਵਾਜ਼ ਭਰਨ ਲਈ ਸਹਾਇਤਾ ਦੇਣ ਲਈ ਜੂਡੋਕਾ ਵੈਲਫੇਅਰ ਸੁਸਾਇਟੀ ਗੁਰਦਾਸਪੁਰ ਨਾਲ ਹੱਥ ਮਿਲਾਇਆ ਹੈ। ਜਾਣਕਾਰੀ ਦਿੰਦਿਆਂ ਜੂਡੋ ਸੈਂਟਰ ਦੇ ਸੰਚਾਲਕ ਅਮਰਜੀਤ ਸ਼ਾਸਤਰੀ ਨੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਜੂਡੋ ਟ੍ਰੇਨਿੰਗ ਸੈਂਟਰ ਗੁਰਦਾਸਪੁਰ ਵਿਖੇ ਪੁੱਜੇ ਅੰਤਰਰਾਸ਼ਟਰੀ ਪੱਧਰ ਦੇ ਜਾਰਜਿਆ ਦੇ ਜੂਡੋ ਕੋਚ ਲਾਸਾ ਕਿਜੀਵਾਲੀ ਹਾਈ ਪਰਫਾਰਮਸ ਜੂਡੋ ਕੋਚ ਵਿਜੇਈ ਭਾਰਤ ਫਾਉਂਡੇਸ਼ਨ ਅਤੇ ਨਿਕੁਸ ਵਿਜ ਹਾਈ ਪਰਫਾਰਮਸ ਮੈਨੇਜਰ ਨੇ ਗੁਰਦਾਸਪੁਰ ਜੂਡੋ ਸੈਂਟਰ ਦੀਆਂ ਪ੍ਰਾਪਤੀਆਂ, ਮੈਨੇਜਿੰਗ ਕਮੇਟੀ ਦੀ ਜੂਡੋ ਪ੍ਰਤੀ ਲਗਾਓ ਦੀ ਪ੍ਰਸੰਸਾ ਕੀਤੀ। ਇਸ ਮੌਕੇ ਵਿਦੇਸ਼ੀ ਕੋਚ ਲਾਸਾ ਨੇ ਗੁਰਦਾਸਪੁਰ ਫੇਰੀ ਬਾਰੇ ਆਪਣੇ ਅਨੁਭਵ ਸਾਂਝੇ ਕਰਦਿਆਂ ਕਿਹਾ ਕਿ ਗੁਰਦਾਸਪੁਰ ਨਾਲ ਉਨ੍ਹਾਂ ਦਾ ਪੁਰਾਣਾ ਰਿਸ਼ਤਾ ਹੈ ਕਿਉਂਕਿ ਗੁਰਦਾਸਪੁਰ ਪ੍ਰਤਿਭਾਸ਼ਾਲੀ ਖਿਡਾਰੀ ਜਸਲੀਨ ਸੈਣੀ ਨੇ ਮੇਰੇ ਘਰ ਕਰੋਨਾ ਕਾਲ ਵਿੱਚ ਮੇਰੇ ਪਰਿਵਾਰ ਨਾਲ ਤਿੰਨ ਮਹੀਨੇ ਬਿਤਾਏ ਸੀ। ਅਤੇ ਜੂਡੋ ਦੀ ਟ੍ਰੇਨਿੰਗ ਲੈ ਕੇ ਓਲੰਪਿਕ 2020 ਟੋਕਿਓ ਲਈ ਕੁਆਲੀਫਾਈ ਰਾਊਂਡ ਦੇ ਸਿਖਰਲੀ ਪੌੜੀ ਤੇ ਪੁਜਿਆ ਸੀ। ਉਂਨ੍ਹਾਂ ਜੂਡੋ ਖਿਡਾਰੀਆਂ ਦੀ ਬਿਹਤਰੀ ਲਈ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ ਹੈ। ਚੀਫ਼ ਕੋਚ ਨਾਲ ਆਏ ਵਿਜੇਈ ਭਾਰਤ ਫਾਉਂਡੇਸ਼ਨ ਅਹਿਮਦਾਬਾਦ ਦੇ ਮੈਨੇਜਰ ਨਿਕੁਸ ਵਿਜ ਨੇ ਕਿਹਾ ਕਿ ਗੁਰਦਾਸਪੁਰ ਦੀ ਜੂਡੋ ਦੀਆਂ ਸ਼ਾਨਦਾਰ ਪ੍ਰਾਪਤੀਆਂ ਨੇ ਸਮੁੱਚੇ ਦੇਸ਼ ਨੂੰ ਪ੍ਰਭਾਵਿਤ ਕੀਤਾ ਹੈ। ਇਥੋਂ ਦੇ ਖਿਡਾਰੀਆਂ ਨੇ ਅੰਤਰਰਾਸ਼ਟਰੀ ਪੱਧਰ ਤੇ ਮੈਡਲ ਜਿੱਤ ਕੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਸਾਡੀ ਫਾਉਂਡੇਸ਼ਨ ਇਥੋਂ ਦੇ ਖਿਡਾਰੀਆਂ ਦੀਆਂ ਪ੍ਰਾਪਤੀਆਂ ਨੂੰ ਮੁੱਖ ਰੱਖਦਿਆਂ ਭਵਿੱਖ ਵਿੱਚ ਖਿਡਾਰੀਆਂ ਨੂੰ ਓਲੰਪਿਕ ਪੱਧਰ ਤੇ ਲਿਜਾਣ ਲਈ ਖਿਡਾਰੀਆਂ ਦੀ ਆਰਥਿਕ, ਤਕਨੀਕੀ ਅਤੇ ਵਿਦੇਸ਼ੀ ਧਰਤੀ ਤੇ ਟ੍ਰੇਨਿੰਗ ਦੇਣ ਲਈ ਵਚਨਬੱਧ ਹੈ। ਅੰਤਰਰਾਸ਼ਟਰੀ ਪੱਧਰ ਦੇ ਜੂਡੋ ਖਿਡਾਰੀ ਕਰਨਜੀਤ ਸਿੰਘ ਮਾਨ, ਅੰਤਰਰਾਸ਼ਟਰੀ ਜੂਡੋ ਕੋਚ ਰਵੀ ਕੁਮਾਰ, ਰਾਸ਼ਟਰੀ ਰੈਫਰੀ ਦਿਨੇਸ਼ ਕੁਮਾਰ ਨੇ ਵਿਦੇਸ਼ੀ ਕੋਚ ਲਾਸਾ ਕਿਜੀਵਾਲੀ ਦੀ ਆਮਦ ਨੂੰ ਗੁਰਦਾਸਪੁਰ ਦੇ ਜੂਡੋ ਖਿਡਾਰੀਆਂ ਲਈ ਸ਼ੁਭ ਸ਼ਗਨ ਮੰਨਦਿਆਂ ਉਨ੍ਹਾਂ ਦੇ ਵਲੋਂ ਦਿੱਤੇ ਜੂਡੋ ਟਿਪਸ ਨੂੰ ਅਪਣਾਉਣ ਦਾ ਅਹਿਦ ਕੀਤਾ ਹੈ। ਇਹ ਵਰਨਣਯੋਗ ਹੈ ਕਿ 150 ਦੇ ਲਗਭਗ ਜੂਡੋ ਖਿਡਾਰੀਆਂ ਨੇ ਉਨ੍ਹਾਂ ਵੱਲੋਂ ਇੱਕ ਘੰਟਾ ਦਿੱਤੀ ਟ੍ਰੇਨਿੰਗ ਦਾ ਲੁਤਫ਼ ਲਿਆ। ਜਿਥੇ ਖਿਡਾਰੀਆਂ ਨੇ ਉਨ੍ਹਾਂ ਦੇ ਅਨੁਭਵ ਦਾ ਫਾਇਦਾ ਉਠਾਇਆ ਉਥੇ ਸਾਬਕਾ ਜੂਡੋ ਖਿਡਾਰੀ ਸਾਬਕਾ ਐਸ ਐਸ ਪੀ ਵਿਜੀਲੈਂਸ ਵਰਿੰਦਰ ਸਿੰਘ ਸੰਧੂ ਸੀਨੀਅਰ ਮੀਤ ਪ੍ਰਧਾਨ ਪੰਜਾਬ ਜੂਡੋ ਐਸੋਸੀਏਸ਼ਨ, ਸਤੀਸ਼ ਕੁਮਾਰ ਟੈਕਨੀਕਲ ਚੇਅਰਮੈਨ ਪੰਜਾਬ ਜੂਡੋ ਐਸੋਸੀਏਸ਼ਨ, ਜ਼ਿਲ੍ਹਾ ਜੂਡੋ ਐਸੋਸੀਏਸ਼ਨ ਦੀ ਜਨਰਲ ਸਕੱਤਰ ਮੈਡਮ ਬਲਵਿੰਦਰ ਕੌਰ ਰਾਵਲਪਿੰਡੀ,ਕਪਿਲ ਕੌਸਲ ਸ਼ਰਮਾ ਡੀ ਐਸ ਪੀ ਇੰਸਪੈਕਟਰ ਜਤਿੰਦਰ ਪਾਲ ਸਿੰਘ, ਅੰਤਰਰਾਸ਼ਟਰੀ ਖਿਡਾਰੀ ਸਤਿੰਦਰ ਪਾਲ ਸਿੰਘ, ਅੰਤਰਰਾਸ਼ਟਰੀ ਖਿਡਾਰੀ ਸਰਬਜੀਤ ਸਿੰਘ ਸਾਬੀ, ਅਤੁਲ ਕੁਮਾਰ, ਡਾਕਟਰ ਰਵਿੰਦਰ ਸਿੰਘ, ਗਗਨਦੀਪ ਸ਼ਰਮਾ, ਪਰਮਕੁਲਜੀਤ ਸਿੰਘ, ਨੇ ਉਨ੍ਹਾਂ ਦੀ ਆਮਦ ਨੂੰ ਜੀ ਆਇਆਂ ਆਖਿਆ ਅਤੇ ਭਵਿੱਖ ਵਿੱਚ ਖਿਡਾਰੀਆਂ ਦੇ ਵਿਕਾਸ ਲਈ ਆਪਸੀ ਸਹਿਯੋਗ ਦਾ ਭਰੋਸਾ ਦਿੱਤਾ।