ਗੁਰਦਾਸਪੁਰ: ਪੁੱਤ ਦੀ ਬੇਪੱਤੀ ਨਾ ਸਹਾਰ ਸਕਿਆ ਪਿਤਾ; ਗੁਆਂਢੀਆਂ ਦੀ ਕੁੱਟਮਾਰ ਤੋਂ ਦੁਖੀ ਹੋ ਕੇ ਕੀਤੀ ਖ਼ੁਦਕੁਸ਼ੀ
ਈ-ਰਿਕਸ਼ਾ ਲੰਘਾਉਣ ਨੂੰ ਲੈ ਕੇ ਹੋਏ ਵਿਵਾਦ ਨੇ ਲਈ ਜਾਨ; ਪੁਲਿਸ 'ਤੇ ਦੋਸ਼ੀਆਂ ਨੂੰ ਬਚਾਉਣ ਦੇ ਲੱਗੇ ਇਲਜ਼ਾਮ
ਰੋਹਿਤ ਗੁਪਤਾ
ਗੁਰਦਾਸਪੁਰ, 4 ਫਰਵਰੀ 2026 : ਗੁਰਦਾਸਪੁਰ ਦੇ ਮੁਹੱਲਾ ਓਂਕਾਰ ਨਗਰ ਵਿੱਚ ਇੱਕ ਬੇਹੱਦ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਪਿਤਾ ਆਪਣੇ ਪੁੱਤਰ ਦੀ ਗੁਆਂਢੀਆਂ ਵੱਲੋਂ ਕੀਤੀ ਗਈ ਕੁੱਟਮਾਰ ਅਤੇ ਜ਼ਲਾਲਤ ਨੂੰ ਬਰਦਾਸ਼ਤ ਨਹੀਂ ਕਰ ਸਕਿਆ ਅਤੇ ਜ਼ਹਿਰੀਲੀ ਚੀਜ਼ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਦੀ ਪਛਾਣ ਰਜਿੰਦਰ ਕੁਮਾਰ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ, ਮੁਹੱਲੇ ਦੇ ਇੱਕ ਅਸਰ-ਰਸੂਖ ਵਾਲੇ ਗੁਆਂਢੀ ਪਰਿਵਾਰ ਵਿੱਚ ਵਿਆਹ ਦਾ ਸਮਾਗਮ ਚੱਲ ਰਿਹਾ ਸੀ। ਗਲੀ ਵਿੱਚ ਗੱਡੀਆਂ ਖੜ੍ਹੀਆਂ ਹੋਣ ਕਾਰਨ ਰਜਿੰਦਰ ਕੁਮਾਰ ਦੇ ਪੁੱਤਰ ਨੂੰ ਆਪਣਾ ਈ-ਰਿਕਸ਼ਾ ਲੰਘਾਉਣ ਵਿੱਚ ਦਿੱਕਤ ਆ ਰਹੀ ਸੀ। ਜਦੋਂ ਉਸਨੇ ਰਿਕਸ਼ਾ ਲੰਘਾਉਣ ਦੀ ਕੋਸ਼ਿਸ਼ ਕੀਤੀ, ਤਾਂ ਵਿਆਹ ਵਾਲੇ ਘਰ ਦੇ 4-5 ਵਿਅਕਤੀਆਂ ਨੇ ਉਸ 'ਤੇ ਹਮਲਾ ਕਰ ਦਿੱਤਾ ਅਤੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ।
ਆਪਣੇ ਪੁੱਤਰ ਨੂੰ ਲੋਕਾਂ ਸਾਹਮਣੇ ਤੜਫ਼ਦਾ ਅਤੇ ਪਿੱਟਦਾ ਦੇਖ ਕੇ ਪਿਤਾ ਰਜਿੰਦਰ ਕੁਮਾਰ ਗਹਿਰੇ ਸਦਮੇ ਵਿੱਚ ਚਲਾ ਗਿਆ। ਇਸੇ ਨਾਮੋਸ਼ੀ ਵਿੱਚ ਉਸਨੇ ਘਰ ਜਾ ਕੇ ਕੋਈ ਜ਼ਹਿਰੀਲੀ ਦਵਾਈ ਨਿਗਲ ਲਈ, ਜਿਸ ਕਾਰਨ ਉਸਦੀ ਮੌਤ ਹੋ ਗਈ। ਕੁੱਟਮਾਰ ਦੀ ਸਾਰੀ ਘਟਨਾ ਗਲੀ ਵਿੱਚ ਲੱਗੇ CCTV ਕੈਮਰੇ ਵਿੱਚ ਕੈਦ ਹੋ ਗਈ ਹੈ, ਜਿਸ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਨੌਜਵਾਨ ਦੀ ਬੇਰਹਿਮੀ ਨਾਲ ਮਾਰਕੁੱਟ ਕੀਤੀ ਜਾ ਰਹੀ ਹੈ।
ਮ੍ਰਿਤਕ ਦੀ ਪਤਨੀ ਨੀਰੂ ਸ਼ਰਮਾ ਨੇ ਦੋਸ਼ ਲਾਇਆ ਕਿ ਪੁਲਿਸ ਨੇ ਚਾਰ ਵਿਅਕਤੀਆਂ ਖ਼ਿਲਾਫ਼ ਮਾਮਲਾ ਤਾਂ ਦਰਜ ਕਰ ਲਿਆ ਹੈ, ਪਰ ਮੁਲਜ਼ਮਾਂ ਦੇ ਸਿਆਸੀ ਅਤੇ ਆਰਥਿਕ ਅਸਰ-ਰਸੂਖ ਕਾਰਨ ਉਨ੍ਹਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਰਿਹਾ। ਪੀੜਤ ਪਰਿਵਾਰ ਨੇ ਇਨਸਾਫ਼ ਦੀ ਗੁਹਾਰ ਲਗਾਈ ਹੈ।
ਤਫ਼ਤੀਸ਼ੀ ਅਫ਼ਸਰ ਜੈ ਮਸੀਹ ਨੇ ਦੱਸਿਆ ਕਿ ਪੁਲਿਸ ਨੇ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਦੇ ਆਧਾਰ 'ਤੇ ਚਾਰ ਵਿਅਕਤੀਆਂ ਵਿਰੁੱਧ ਆਤਮ-ਹੱਤਿਆ ਲਈ ਮਜਬੂਰ ਕਰਨ (ਉਕਸਾਉਣ) ਦੇ ਦੋਸ਼ ਹੇਠ ਪਰਚਾ ਦਰਜ ਕਰ ਲਿਆ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਸੀਸੀਟੀਵੀ ਫੁਟੇਜ ਨੂੰ ਜਾਂਚ ਦਾ ਹਿੱਸਾ ਬਣਾਇਆ ਗਿਆ ਹੈ ਅਤੇ ਜਲਦੀ ਹੀ ਮੁਲਜ਼ਮਾਂ ਨੂੰ ਸਲਾਖਾਂ ਪਿੱਛੇ ਭੇਜ ਦਿੱਤਾ ਜਾਵੇਗਾ।