ਕਿਸਾਨ ਮਜ਼ਦੂਰ ਮੋਰਚਾ ਦੇ ਆਗੂ ਰਿਹਾਅ!
ਬਲਰਾਜ ਸਿੰਘ ਰਾਜਾ
ਬਿਆਸ- 20/01/2026- ਪੰਜਾਬ ਸਰਕਾਰ ਵੱਲੋਂ ਕੇ ਐਮ ਐਮ ਕਿਸਾਨ ਮਜ਼ਦੂਰ ਮੋਰਚਾ ਦੇ ਆਗੂਆਂ ਅਤੇ ਵਰਕਰਾਂ ਦੀਆਂ ਕੀਤੀਆਂ ਗਈਆਂ ਗੈਰਕਾਨੂੰਨੀ, ਗੈਰਲੋਕਤੰਤਰਿਕ ਗ੍ਰਿਫ਼ਤਾਰੀਆਂ ਅਤੇ ਜਿਲ੍ਹੇ ਸੰਗਰੂਰ ਵਿੱਚ ਧਰਨੇ ਦੀ ਸਮਾਪਤੀ ਤੋਂ ਕਿਸਾਨਾਂ ਮਜਦੂਰਾਂ ਤੇ ਕੀਤੇ ਗਏ ਲਾਠੀਚਾਰਜ਼ ਦੇ ਖਿਲਾਫ ਸਖ਼ਤ ਪ੍ਰਤੀਕਿਰਿਆ ਤੋਂ ਬਾਅਦ 19 ਦੀ ਸ਼ਾਮ ਨੂੰ ਡੀ ਆਈ ਜੀ ਅੰਮ੍ਰਿਤਸਰ ਬਾਡਰ ਰੇਂਜ ਸੰਦੀਪ ਗੋਇਲ ਅਤੇ ਐਸਐਸਪੀ ਦਿਹਾਤੀ ਸੋਹੇਲ ਮੀਰ ਕਾਸਿਮ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅਤੇ ਕੇ ਐਮ ਐਮ ਦੀ ਤਰਫੋਂ ਹਰਵਿੰਦਰ ਸਿੰਘ ਮਸਾਣੀਆਂ, ਲਖਵਿੰਦਰ ਸਿੰਘ ਵਰਿਆਮ ਨੰਗਲ, ਰਣਜੀਤ ਸਿੰਘ ਕਲੇਰ ਬਾਲਾ ਅਤੇ ਕੰਵਰਦਲੀਪ ਸੈਦੋਲੇਹਲ ਦਰਮਿਆਨ 2 ਘੰਟੇ ਦੇ ਕਰੀਬ ਚੱਲੀ ਮੀਟਿੰਗ ਤੋਂ ਬਾਅਦ ਆਗੂਆਂ ਦੀ ਰਿਹਾਈ ਸ਼ੁਰੂ ਹੋ ਗਈ ਜਿਸ ਦਰਮਿਆਨ ਗੁਰਦਾਸਪੁਰ ਤਰਨ ਤਾਰਨ ਅਤੇ ਸੰਗਰੂਰ ਵਿੱਚ ਗ੍ਰਿਫਤਾਰ ਕੀਤੇ ਗਏ ਆਗੂਆਂ ਨੂੰ ਰਾਤ 11 ਵਜੇ ਤੱਕ ਰਿਹਾ ਕਰ ਦਿੱਤਾ ਗਿਆ।
ਪਰ ਸਰਵਨ ਸਿੰਘ ਭੰਧੇਰ ਅਤੇ ਉਹਨਾਂ ਨਾਲ ਦੋ ਆਗੂਆਂ ਗੁਰਦੇਵ ਸਿੰਘ ਗੱਗੋ ਮਾਹਲ ਅਤੇ ਪ੍ਰਭਜੋਤ ਸਿੰਘ ਗੁਜਰਪੁਰਾ ਦੀ ਰਿਹਾਈ ਨੂੰ ਲੈ ਕੇ ਸਰਕਾਰ ਟਾਲ ਮਟੋਲ ਕਰਦੀ ਰਹੀ ਜਿਸ ਦੇ ਚਲਦੇ ਰਾਤ ਵੇਲੇ ਰਿਹਾਅ ਨਹੀਂ ਕੀਤਾ ਗਿਆ। ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਸਵੇਰੇ 8 ਵਜੇ ਰਿਹਾ ਕਰਨ ਦਾ ਭਰੋਸਾ ਦਵਾਇਆ ਗਿਆ ਪਰ ਇਸ ਭਰੋਸੇ ਤੇ ਵੀ ਸਰਕਾਰ ਖਰੀ ਨਹੀਂ ਉਤਰੀ।
ਜਿਸ ਦੇ ਚਲਦੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਕਿਸਾਨ ਮਜ਼ਦੂਰ ਮੋਰਚੇ ਦੇ ਐਮਰਜਸੀ ਵਿੱਚ ਉਲੀਕੇ ਗਏ ਐਸਐਸਪੀ ਦਫਤਰ ਸੰਗਰੂਰ ਅਤੇ ਅੰਮ੍ਰਿਤਸਰ ਵਿੱਚ ਧਰਨੇ ਦੇਣ ਦੇ ਪ੍ਰੋਗਰਾਮ ਨੂੰ ਲਾਗੂ ਕਰਨ ਲਈ ਕਾਰਵਾਈ ਤੇਜ਼ ਕਰ ਦਿੱਤੀ ਗਈ। ਇਸ ਤੋਂ ਬਾਅਦ ਵੱਡੀ ਗਿਣਤੀ ਦੇ ਵਿੱਚ ਕਿਸਾਨ ਮਜ਼ਦੂਰ ਅਤੇ ਔਰਤਾਂ ਨੇ ਪਿੰਡਾਂ ਤੋਂ ਐਸਐਸਪੀ ਦਫਤਰ ਵੱਲ ਚਾਲੇ ਪਾ ਦਿੱਤੇ ਠੀਕ ਇਸ ਵੇਲੇ ਪ੍ਰਸ਼ਾਸਨ ਵੱਲੋਂ ਸਾਫ ਕੀਤਾ ਗਿਆ ਕਿ ਸਰਵਣ ਸਿੰਘ ਪੰਧੇਰ ਅਤੇ ਸਾਥੀਆਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਅੰਮ੍ਰਿਤਸਰ ਅਤੇ ਸੰਗਰੂਰ ਵਿੱਚ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋ ਕੇ ਕਿਸਾਨਾਂ ਮਜਦੂਰਾਂ ਅਤੇ ਔਰਤਾਂ ਐਸ ਐਸ ਪੀ ਦਫਤਰ ਧਰਨਿਆਂ ਦੀ ਜਗ੍ਹਾ ਮਾਰਚ ਕੱਢ ਕੇ ਜੇਤੂ ਰੈਲੀ ਦੇ ਰੂਪ ਵਿੱਚ ਸਮਾਪਤੀ ਕੀਤੀ।
ਇਸ ਮੌਕੇ ਰਿਹਾਈ ਤੋਂ ਬਾਅਦ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਦਬਾਅ ਨਾਲ ਕਿਸਾਨ ਅੰਦੋਲਨ ਨਹੀਂ ਟੁੱਟੇਗਾ, ਸਗੋਂ ਹੋਰ ਮਜ਼ਬੂਤ ਹੋਵੇਗਾ। ਕਿਸਾਨ ਮਜ਼ਦੂਰ ਮੋਰਚਾ ਸਪਸ਼ਟ ਕਰਦਾ ਹੈ ਕਿ ਇਨਸਾਫ਼ ਅਤੇ ਲੋਕਤੰਤਰਿਕ ਅਧਿਕਾਰ ਬਹਾਲ ਹੋਣ ਤੱਕ ਇਹ ਸੰਘਰਸ਼ ਜਾਰੀ ਰਹੇਗਾ। ਉਹਨਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਹੋਵੇ ਜਾਂ ਕੇਂਦਰ ਦੀ ਮੋਦੀ ਸਰਕਾਰ ਲੋਕਾਂ ਨੂੰ ਜਵਾਬਦੇ ਹਨ ਇਸ ਲਈ ਇਹ ਲੋਕਾਂ ਦੇ ਸਵਾਲਾਂ ਤੋਂ ਭੱਜ ਨਹੀਂ ਸਕਦੀਆਂ। ਉਹਨਾਂ ਲੋਕਾਂ ਨੂੰ ਮੋਰਚੇ ਵੱਲੋਂ ਜਿੱਤੇ ਹੋਏ 21 ਅਤੇ 22 ਜਨਵਰੀ ਨੂੰ ਪ੍ਰੀਪੇਡ ਮੀਟਰ ਉਤਾਰ ਕੇ ਬਿਜਲੀ ਦਫਤਰਾਂ ਵਿੱਚ ਜਮਾ ਕਰਾਉਣ ਦੇ ਸੱਦੇ ਨੂੰ ਵੱਡੇ ਪੱਧਰ ਤੇ ਲਾਗੂ ਕਰਨ ਦੀ ਅਪੀਲ ਕੀਤੀ।