ਕਰੋੜਾਂ ਦੀ ਠੱਗੀ ਦਾ ਮਾਸਟਰਮਾਈਂਡ ਪਤਨੀ ਸਮੇਤ ਗ੍ਰਿਫ਼ਤਾਰ
ਲੁਧਿਆਣਾ ਪੁਲਿਸ ਦੀ ਵੱਡੀ ਕਾਰਵਾਈ, ਕਈ ਕੇਸਾਂ ਦਾ ਭੇਦ ਖੁੱਲਣ ਦੀ ਉਮੀਦ
ਸੁਖਮਿੰਦਰ ਭੰਗੂ
ਲੁਧਿਆਣਾ, 9 ਅਪ੍ਰੈਲ 2026- ਕਮਿਸ਼ਨਰੇਟ ਪੁਲਿਸ ਲੁਧਿਆਣਾ ਨੇ ਕਰੋੜਾਂ ਰੁਪਏ ਦੀ ਠੱਗੀ ਕਰਕੇ ਲੰਮੇ ਸਮੇਂ ਤੋਂ ਪੁਲਿਸ ਨੂੰ ਚਕਮਾ ਦੇ ਰਹੇ ਭਗੌੜੇ ਦੋਸ਼ੀ ਜੈਇੰਦਰਪਾਲ ਸਿੰਘ ਅਤੇ ਉਸ ਦੀ ਪਤਨੀ ਮਨਮੀਤ ਕੌਰ ਨੂੰ ਆਖ਼ਿਰਕਾਰ ਕਾਬੂ ਕਰ ਲਿਆ ਹੈ। ਦੋਵੇਂ ਦੋਸ਼ੀ ਗੁਪਤ ਟਿਕਾਣਿਆਂ ‘ਤੇ ਲੁਕ ਕੇ ਰਹਿ ਰਹੇ ਸਨ ਅਤੇ ਪੁਲਿਸ ਤੋਂ ਬਚਣ ਲਈ ਲਗਾਤਾਰ ਆਪਣੀ ਥਾਂ ਬਦਲ ਰਹੇ ਸਨ।
ਪੁਲਿਸ ਕਮਿਸ਼ਨਰ ਸਵਪਨ ਸ਼ਰਮਾ, ਆਈ.ਪੀ.ਐਸ. ਦੇ ਦਿਸ਼ਾ-ਨਿਰਦੇਸ਼ਾਂ ਹੇਠ ਡੀ.ਸੀ.ਪੀ. ਦਿਹਾਤੀ ਜਸਕਿਰਨਜੀਤ ਸਿੰਘ ਤੇਜਾ, ਏ.ਡੀ.ਸੀ.ਪੀ. ਜੋਨ-2 ਕਰਨਵੀਰ ਸਿੰਘ ਅਤੇ ਏ.ਸੀ.ਪੀ. ਦੱਖਣੀ ਹਰਜਿੰਦਰ ਸਿੰਘ ਦੀ ਅਗਵਾਈ ਵਿੱਚ, ਥਾਣਾ ਸਾਹਨੇਵਾਲ ਦੇ ਮੁੱਖ ਅਫਸਰ ਇੰਸਪੈਕਟਰ ਵਰਿੰਦਰਪਾਲ ਸਿੰਘ ਦੀ ਟੀਮ ਨੇ ਇਹ ਵੱਡੀ ਸਫਲਤਾ ਹਾਸਲ ਕੀਤੀ।
ਪੁਲਿਸ ਮੁਤਾਬਕ ਜੈਇੰਦਰਪਾਲ ਸਿੰਘ ਵੱਲੋਂ ਵੱਖ-ਵੱਖ ਲੋਕਾਂ ਨਾਲ ਕਰੋੜਾਂ ਰੁਪਏ ਦੀ ਧੋਖਾਧੜੀ ਕੀਤੀ ਗਈ ਸੀ। ਉਸ ਦੇ ਖ਼ਿਲਾਫ਼ ਥਾਣਾ ਸਾਹਨੇਵਾਲ ਅਤੇ ਐਨ.ਆਰ.ਆਈ. ਥਾਣਾ ਲੁਧਿਆਣਾ ਵਿੱਚ ਕਈ ਗੰਭੀਰ ਕੇਸ ਦਰਜ ਹਨ। ਇਨ੍ਹਾਂ ਵਿੱਚ ਧਾਰਾ 406, 420, 506, 201, 120-ਬੀ ਆਈ.ਪੀ.ਸੀ. ਅਤੇ ਰਜਿਸਟ੍ਰੇਸ਼ਨ ਐਕਟ 1908 ਦੀ ਧਾਰਾ 82 ਤਹਿਤ ਮਾਮਲੇ ਸ਼ਾਮਲ ਹਨ।
ਦੋਸ਼ੀ ਖ਼ਿਲਾਫ਼ ਦਰਜ ਮੁੱਖ ਕੇਸਾਂ ਵਿੱਚ ਮੁਕੱਦਮਾ ਨੰਬਰ 298 (17 ਦਸੰਬਰ 2023), 07 (12 ਜਨਵਰੀ 2022), 148 (4 ਅਗਸਤ 2023) ਅਤੇ 64 (29 ਜੂਨ 2024, ਐਨ.ਆਰ.ਆਈ. ਥਾਣਾ) ਸ਼ਾਮਲ ਹਨ।
ਪੁਲਿਸ ਨੇ ਦੱਸਿਆ ਕਿ ਦੋਸ਼ੀਆਂ ਦੀ ਗ੍ਰਿਫ਼ਤਾਰੀ ਨਾਲ ਕਈ ਹੋਰ ਠੱਗੀ ਮਾਮਲਿਆਂ ਦੇ ਰਾਜ ਖੁੱਲਣ ਦੀ ਸੰਭਾਵਨਾ ਹੈ। ਦੋਵਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ, ਜਿੱਥੇ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ।
Click to Follow Babushahi Facebook page →