ਐਨ.ਸੀ.ਸੀ. ਅਕੈਡਮੀ ਰੋਪੜ ਵਿਖੇ ਗਣਤੰਤਰ ਦਿਵਸ 2026 ਦੇ ਜੇਤੂ ਕੈਡਿਟਾਂ ਦਾ ਸਨਮਾਨ
ਮੇਜਰ ਜਨਰਲ ਭਰਤ ਮਥਾਨੀ ਨੇ ਗਣਤੰਤਰ ਦਿਵਸ ਪਰੇਡ 2026 ਵਿੱਚ ਭਾਗ ਲੈਣ ਵਾਲੇ ਕੈਡਿਟਾਂ ਦਾ ਸਨਮਾਨ ਕੀਤਾ
ਪੀ.ਐਚ.ਐਚ.ਪੀ. ਅਤੇ ਸੀ. ਡਾਇਰੈਕਟੋਰੇਟ ਦਾ ਸ਼ਾਨਦਾਰ ਪ੍ਰਦਰਸ਼ਨ, ਪਟਿਆਲਾ ਗਰੁੱਪ ‘ਓਵਰਆਲ ਬੈਨਰ’ ਨਾਲ ਪਹਿਲੇ ਸਥਾਨ ‘ਤੇ ਰਿਹਾ
ਮਨਪ੍ਰੀਤ ਸਿੰਘ
ਰੂਪਨਗਰ, 04 ਫਰਵਰੀ: ਗਣਤੰਤਰ ਦਿਵਸ ਪਰੇਡ 2026 ਵਿੱਚ ਹਿੱਸਾ ਲੈਣ ਵਾਲੇ ਕੈਡਿਟਾਂ ਦਾ ਸਨਮਾਨ ਕਰਨ ਲਈ, ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਦੇ ਐਨ.ਸੀ.ਸੀ. ਦੇ ਐਡੀਸ਼ਨਲ ਡਾਇਰੈਕਟੋਰੇਟ ਜਨਰਲ (ਏ.ਡੀ.ਜੀ.) ਮੇਜਰ ਜਨਰਲ ਭਰਤ ਮਥਾਨੀ ਨੇ ਬੁੱਧਵਾਰ ਨੂੰ ਐਨ.ਸੀ.ਸੀ. ਅਕੈਡਮੀ ਰੋਪੜ ਦਾ ਦੌਰਾ ਕੀਤਾ।
ਇਹ ਸਮਾਰੋਹ ਗਣਤੰਤਰ ਦਿਵਸ ਕੈਂਪ 2026 ਵਿੱਚ ਰਾਸ਼ਟਰੀ ਪੱਧਰ ‘ਤੇ ਦੂਜਾ ਸਥਾਨ (ਰਨਰਜ਼ ਅੱਪ ਟਰਾਫ਼ੀ) ਹਾਸਲ ਕਰਨ ਵਾਲੇ ਕੈਡਿਟਾਂ ਅਤੇ ਵਿਸ਼ੇਸ਼ ਤੌਰ ‘ਤੇ ਪਟਿਆਲਾ ਗਰੁੱਪ ਦੀ ਇਤਿਹਾਸਕ ਜਿੱਤ ਦੇ ਸਨਮਾਨ ਵਿੱਚ ਕਰਵਾਇਆ ਗਿਆ।
ਇਸ ਮੌਕੇ ਮੇਜਰ ਜਨਰਲ ਭਰਤ ਮਥਾਨੀ ਨੇ ਆਪਣੇ ਸੰਬੋਧਨ ਵਿੱਚ ਪਟਿਆਲਾ ਗਰੁੱਪ ਦੀ ਸਫਲਤਾ ‘ਤੇ ਮਾਣ ਪ੍ਰਗਟ ਕਰਦਿਆਂ ਕਮਾਂਡਰ ਬ੍ਰਿਗੇਡੀਅਰ ਐਚ.ਐੱਸ. ਸੰਧੂ, ਸਮੂਹ ਪੀਆਈ ਸਟਾਫ਼ ਅਤੇ ਸਾਰੇ ਕੈਡਿਟਾਂ ਨੂੰ ਇਸ ਇਤਿਹਾਸਕ ਜਿੱਤ ਲਈ ਦਿਲੋਂ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਸਭ ਦੇ ਸਾਂਝੇ ਯਤਨਾਂ ਅਤੇ ਟੀਮ ਵਰਕ ਕਾਰਨ ਹੀ ਪਟਿਆਲਾ ਗਰੁੱਪ ‘ਓਵਰਆਲ ਬੈਨਰ’ ਜਿੱਤਣ ਵਿੱਚ ਕਾਮਯਾਬ ਹੋਇਆ ਹੈ। ਉਨ੍ਹਾਂ ਕਿਹਾ ਕਿ ਸੋਨ ਅਤੇ ਚਾਂਦੀ ਦੇ ਤਮਗਿਆਂ ਨਾਲ ਨਾਲ ਥਲ ਸੈਨਾ ਮੁਖੀ ਦਾ ਪ੍ਰਸ਼ੰਸਾ ਪੱਤਰ ਪ੍ਰਾਪਤ ਕਰਨਾ ਇਹ ਸਾਬਤ ਕਰਦਾ ਹੈ ਕਿ ਤੁਹਾਡੀ ਟ੍ਰੇਨਿੰਗ ਅਤੇ ਅਨੁਸ਼ਾਸਨ ਸੈਨਾ ਦੇ ਉੱਚਤਮ ਮਿਆਰਾਂ ਅਨੁਸਾਰ ਹੈ।”
ਪਟਿਆਲਾ ਗਰੁੱਪ ਕਮਾਂਡਰ ਬ੍ਰਿਗੇਡੀਅਰ ਐਚ.ਐੱਸ. ਸੰਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਰੇ ਡਾਇਰੈਕਟੋਰੇਟ ਗਰੁੱਪਾਂ ਵਿਚਾਲੇ ਹੋਏ ਕੜੇ ਮੁਕਾਬਲੇ ਵਿੱਚ ਪਟਿਆਲਾ ਗਰੁੱਪ ਨੇ ‘ਓਵਰਆਲ ਬੈਨਰ’ ਜਿੱਤ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਉਨ੍ਹਾਂ ਦੱਸਿਆ ਕਿ ਇਸ ਸਾਲ ਪਟਿਆਲਾ ਗਰੁੱਪ ਨੇ 02 ਸੋਨ ਤਮਗੇ, 01 ਚਾਂਦੀ ਦਾ ਤਮਗਾ ਅਤੇ 01 ਚੀਫ਼ ਆਫ਼ ਦ ਆਰਮੀ ਸਟਾਫ਼ ਪ੍ਰਸ਼ੰਸਾ ਪੱਤਰ ਹਾਸਲ ਕੀਤਾ।
ਇਸ ਦੌਰਾਨ ਚੰਡੀਗੜ੍ਹ ਦੀ ਕੈਡਿਟ ਆਰਿਆਤਾ ਆਹੂਜਾ ਅਤੇ ਮਹਿਕ ਠਾਕੁਰ ਨੂੰ ਦੇਸ਼ ਦੀ ‘ਸਰਵੋਤਮ ਨੇਵਲ ਕੈਡਿਟ’ ਘੋਸ਼ਿਤ ਕੀਤੇ ਜਾਣ ‘ਤੇ ਮੇਜਰ ਜਨਰਲ ਭਰਤ ਮਥਾਨੀ ਵੱਲੋਂ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।