ਐਚਐਮਈਐਲ ਦੇ ਯਤਨਾਂ ਸਦਕਾ ਸਰਕਾਰੀ ਸਕੂਲਾਂ ਦੇ 5 ਵਿਦਿਆਰਥੀ ਜੇਈਈ ਮੇਨਸ ਲਈ ਸਫਲ
ਅਸ਼ੋਕ ਵਰਮਾ / ਬਾਬੂਸ਼ਾਹੀ ਬਿਊਰੋ
ਬਠਿੰਡਾ , 28 ਅਪ੍ਰੈਲ 2026 : ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਕਿਸਾਨਾਂ ਅਤੇ ਮਜ਼ਦੂਰ ਪਰਿਵਾਰਾਂ ਦੇ ਬੱਚਿਆਂ ਨੂੰ ਇੰਜੀਨੀਅਰ ਬਣਾਉਣ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਐਚਐਮਈਐਲ (ਐਚਪੀਸੀਐਲ-ਮਿੱਤਲ ਐਨਰਜੀ ਲਿਮਿਟੇਡ) ਦੀ ਗੁਰੂ ਗੋਬਿੰਦ ਸਿੰਘ ਰਿਫ਼ਾਈਨਰੀ ਵੱਲੋਂ ਚਲਾਇਆ ਜਾ ਰਿਹਾ ਨੇਸ਼ਨਲ ਸੁਪਰ 100 ਪ੍ਰੋਗਰਾਮ ਹੁਣ ਸਕਾਰਾਤਮਕ ਨਤੀਜੇ ਦੇਣ ਲੱਗ ਪਿਆ ਹੈ।ਵਿੱਤੀ ਵਰ੍ਹਾ 2025-26 ਲਈ ਚੁਣੇ ਗਏ ਵਿਦਿਆਰਥੀਆਂ ਵਿੱਚੋਂ 5 ਵਿਦਿਆਰਥੀਆਂ ਨੇ ਜੇਈਈ ਮੇਨਸ ਪ੍ਰੀਖਿਆ ਕਵਾਲੀਫਾਈ ਕਰ ਲਈ ਹੈ। ਜੇਈਈ ਮੇਨਸ ਪਾਸ ਕਰਨ ਵਾਲਿਆਂ ਵਿੱਚ ਅਨਮੋਲਪ੍ਰੀਤ ਸਿੰਘ (ਅਮਰਪੁਰਾ ਬਸਤੀ, ਬਠਿੰਡਾ), ਅਜੈ ਕੁਮਾਰ (ਪਿੰਡ ਭਾਗੂ, ਅਬੋਹਰ), ਅਭੈ ਸਾਮਾ (ਜੰਡਵਾਲਾ, ਫਾਜ਼ਿਲਕਾ), ਪ੍ਰਭਜੋਤ ਸਿੰਘ (ਪਿੰਡ ਪੁਹਲਾ, ਬਠਿੰਡਾ) ਅਤੇ ਕ੍ਰਿਸ਼ਨਾ ਬਾਈ (ਪਿੰਡ ਕਰਨੀਖੇੜਾ, ਫਾਜ਼ਿਲਕਾ) ਦੇ ਨਾਮ ਸ਼ਾਮਲ ਹਨ।
ਇਹ ਸਾਰੇ ਵਿਦਿਆਰਥੀ 2025 ਵਿੱਚ ਜ਼ਿਲ੍ਹਾ ਸਿੱਖਿਆ ਵਿਭਾਗ ਅਤੇ ਸੀਐਸਆਰਐਲ ਦਿੱਲੀ ਵੱਲੋਂ ਕਰਵਾਈ ਗਈ ਪ੍ਰਤੀਯੋਗੀ ਪਰੀਖਿਆ ਰਾਹੀਂ ਚੁਣੇ ਗਏ ਸਨ। ਚੋਣ ਤੋਂ ਬਾਅਦ ਇਨ੍ਹਾਂ ਨੂੰ ਜੂਨ 2025 ਵਿੱਚ ਸੀਐਸਆਰਐਲ ਦਿੱਲੀ ਭੇਜਿਆ ਗਿਆ, ਜਿੱਥੇ ਇਨ੍ਹਾਂ ਨੂੰ ਜੇਈਈ ਲਈ 11 ਮਹੀਨੇ ਦੀ ਮੁਫ਼ਤ ਰਿਹਾਇਸ਼ੀ ਕੋਚਿੰਗ ਦਿੱਤੀ ਗਈ। ਇਸ ਦੌਰਾਨ ਰਹਿਣ, ਖਾਣ-ਪੀਣ ਅਤੇ ਪੜ੍ਹਾਈ ਦਾ ਸਾਰਾ ਖ਼ਰਚਾ ਐਚਐਮਈਐਲ ਵੱਲੋਂ ਕਿਤਾ ਗਿਆ।ਜਨਵਰੀ ਵਿੱਚ ਹੋਈ ਜੇਈਈ ਮੇਨਸ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਇਨ੍ਹਾਂ ਵਿਦਿਆਰਥੀਆਂ ਨੇ ਸੈਸ਼ਨ-2 ਦੀ ਪ੍ਰੀਖਿਆ ਵੀ ਦਿੱਤੀ ਅਤੇ ਹਾਲ ਹੀ ਵਿੱਚ ਘੋਸ਼ਿਤ ਨਤੀਜਿਆਂ ਵਿੱਚ ਸਫਲਤਾ ਹਾਸਲ ਕੀਤੀ। ਹੁਣ ਇਹ ਵਿਦਿਆਰਥੀ ਮਈ 2026 ਵਿੱਚ ਹੋਣ ਵਾਲੀ ਜੇਈਈ ਐਡਵਾਂਸ ਪ੍ਰੀਖਿਆ ਵਿੱਚ ਭਾਗ ਲੈਣਗੇ।
ਇਸੇ ਤਰ੍ਹਾਂ, 2026-27 ਸੈਸ਼ਨ ਲਈ ਵੀ ਜ਼ਿਲ੍ਹਾ ਸਿੱਖਿਆ ਵਿਭਾਗ ਅਤੇ ਸੀਐਸਆਰਐਲ ਦਿੱਲੀ ਵੱਲੋਂ ਪ੍ਰਤੀਯੋਗੀ ਪਰੀਖਿਆ ਕਰਵਾਈ ਗਈ, ਜਿਸ ਵਿੱਚ 26 ਸਰਕਾਰੀ ਸਕੈਂਡਰੀ ਸਕੂਲਾਂ ਦੇ ਲਗਭਗ 600 ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਵਿੱਚੋਂ 106 ਵਿਦਿਆਰਥੀਆਂ ਨੂੰ ਇੰਟਰਵਿਊ ਲਈ ਚੁਣਿਆ ਗਿਆ ਅਤੇ ਇਸ ਦਾ ਨਤੀਜਾ ਮਈ ਵਿੱਚ ਘੋਸ਼ਿਤ ਹੋਣ ਦੀ ਉਮੀਦ ਹੈ। ਚੁਣੇ ਗਏ ਵਿਦਿਆਰਥੀਆਂ ਨੂੰ ਜੂਨ 2026 ਵਿੱਚ ਨਵੇਂ ਬੈਚ ਵਜੋਂ 11 ਮਹੀਨੇ ਦੀ ਮੁਫ਼ਤ ਰਿਹਾਇਸ਼ੀ ਕੋਚਿੰਗ ਲਈ ਭੇਜਿਆ ਜਾਵੇਗਾ।
ਗੌਰਤਲਬ ਹੈ ਕਿ ਐਚਐਮਈਐਲ ਨੇ 2022 ਵਿੱਚ ਸੈਂਟਰ ਫਾਰ ਸੋਸ਼ਲ ਰਿਸਪਾਂਸਬਿਲਿਟੀ ਐਂਡ ਲੀਡਰਸ਼ਿਪ (ਸੀਐਸਆਰਐਲ), ਦਿੱਲੀ ਨਾਲ ਭਾਗੀਦਾਰੀ ਕਰਕੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਸੀ। ਇਹ ਸੰਸਥਾ ਆਰਥਿਕ ਤੌਰ 'ਤੇ ਕਮਜ਼ੋਰ ਪਰ ਹੋਨਹਾਰ ਵਿਦਿਆਰਥੀਆਂ ਨੂੰ ਉੱਚ ਇੰਜੀਨੀਅਰਿੰਗ ਸੰਸਥਾਵਾਂ ਵਿੱਚ ਦਾਖਲਾ ਦਿਵਾਉਣ ਲਈ ਮਦਦ ਕਰਦੀ ਹੈ।ਕਿਉਂਕਿ ਨਿੱਜੀ ਤੌਰ 'ਤੇ ਜੇਈਈ ਦੀ ਤਿਆਰੀ ਲਈ ਲੱਖਾਂ ਰੁਪਏ ਦਾ ਖ਼ਰਚ ਆਉਂਦਾ ਹੈ, ਇਸ ਕਰਕੇ ਆਮ ਪਰਿਵਾਰਾਂ ਦੇ ਹੋਣਹਾਰ ਵਿਦਿਆਰਥੀ ਇਸ ਤਿਆਰੀ ਤੋਂ ਵਾਂਝੇ ਰਹਿ ਜਾਂਦੇ ਹਨ। ਐਚਐਮਈਐਲ ਦਾ ਇਹ ਉਪਰਾਲਾ ਅਜਿਹੇ ਵਿਦਿਆਰਥੀਆਂ ਲਈ ਇੱਕ ਸੁਨਹਿਰਾ ਮੌਕਾ ਸਾਬਤ ਹੋ ਰਿਹਾ ਹੈ।
Click to Follow Babushahi Facebook page →