ਅਮਰੀਕੀ ਡਿਪੋਰਟੇਸ਼ਨ ਪ੍ਰਚਾਰ 'ਚ ਸਿੱਖ ਪਛਾਣ ਦੇ ਰੂੜ੍ਹੀਵਾਦੀ ਚਿੱਤਰਣ 'ਤੇ ਭਾਜਪਾ ਆਗੂ ਆਰ.ਪੀ. ਸਿੰਘ ਵਲੋਂ ਸਖ਼ਤ ਇਤਰਾਜ਼
ਬਾਬੂਸ਼ਾਹੀ ਬਿਊਰੋ
ਨਵੀਂ ਦਿੱਲੀ 10 ਸਤੰਬਰ 2026:
ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਆਗੂ ਅਤੇ ਰਾਸ਼ਟਰੀ ਤਰਜਮਾਨ ਆਰ.ਪੀ. ਸਿੰਘ ਨੇ ਅਮਰੀਕਾ ਸਰਕਾਰ ਵਲੋਂ ਗੈਰ-ਕਾਨੂੰਨੀ ਪਰਵਾਸ ਵਿਰੁੱਧ ਚਲਾਈ ਜਾ ਰਹੀ ਡਿਪੋਰਟੇਸ਼ਨ ਮੁਹਿੰਮ ਵਿੱਚ ਸਿੱਖ ਪਛਾਣ ਅਤੇ ‘ਸਿੰਘ’ ਉਪਨਾਮ ਦੇ ਹਾਸੋਹੀਣੇ ਤੇ ਰੂੜ੍ਹੀਵਾਦੀ ਚਿੱਤਰਣ (Stereotyping) 'ਤੇ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਸਖ਼ਤ ਇਤਰਾਜ਼ ਜਤਾਇਆ ਹੈ। ਉਨ੍ਹਾਂ ਇਹ ਮੁੱਦਾ ਅਮਰੀਕੀ ਅੰਬੈਸਡਰ ਸ੍ਰੀ ਸਰਜੀਓ ਗੋਰ ਦੇ ਸਾਹਮਣੇ ਚੁੱਕਦਿਆਂ ਇਸ ਭਾਵਨਾ ਨੂੰ ਵਾਸ਼ਿੰਗਟਨ ਵਿੱਚ ਸਬੰਧਤ ਉੱਚ ਅਧਿਕਾਰੀਆਂ ਤੱਕ ਪਹੁੰਚਾਉਣ ਦੀ ਮੰਗ ਕੀਤੀ ਹੈ।
ਆਰ.ਪੀ. ਸਿੰਘ ਨੇ ਸਪੱਸ਼ਟ ਕੀਤਾ ਕਿ ਇੱਕ ਦੇਸ਼ ਵਜੋਂ ਅਮਰੀਕਾ ਨੂੰ ਆਪਣੇ ਇਮੀਗ੍ਰੇਸ਼ਨ ਕਾਨੂੰਨਾਂ ਨੂੰ ਲਾਗੂ ਕਰਨ ਅਤੇ ਗੈਰ-ਕਾਨੂੰਨੀ ਪਰਵਾਸ ਵਿਰੁੱਧ ਕਾਰਵਾਈ ਕਰਨ ਦਾ ਪੂਰਾ ਅਧਿਕਾਰ ਹੈ। ਪਰ ਕਾਨੂੰਨ ਲਾਗੂ ਕਰਨ ਦੀ ਆੜ ਵਿੱਚ ਕਿਸੇ ਵਿਸ਼ੇਸ਼ ਧਰਮ, ਨਸਲ ਜਾਂ ਭਾਈਚਾਰੇ ਦੀ ਪਛਾਣ ਨੂੰ ਤਨਜ਼ ਜਾਂ ਮਜ਼ਾਕ ਦਾ ਪਾਤਰ ਬਣਾਉਣਾ ਕਿਸੇ ਵੀ ਹਾਲਤ ਵਿੱਚ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ।
ਅਮਰੀਕਾ ਦੇ ਵਿਕਾਸ ਵਿੱਚ ਸਿੱਖਾਂ ਦਾ ਇਤਿਹਾਸਕ ਯੋਗਦਾਨ
ਅਮਰੀਕੀ ਸਮਾਜ ਅਤੇ ਅਰਥਵਿਵਸਥਾ ਵਿੱਚ ਸਿੱਖਾਂ ਦੀਆਂ ਇਤਿਹਾਸਕ ਦੇਣਾਂ ਦਾ ਜ਼ਿਕਰ ਕਰਦਿਆਂ ਭਾਜਪਾ ਆਗੂ ਨੇ ਪ੍ਰਮੁੱਖ ਸ਼ਖ਼ਸੀਅਤਾਂ ਦੀਆਂ ਉਦਾਹਰਨਾਂ ਦਿੱਤੀਆਂ:
ਡਾ. ਨਰਿੰਦਰ ਸਿੰਘ ਕਪਾਨੀ: ਫਾਈਬਰ ਆਪਟਿਕਸ ਦੇ ਮੋਢੀ, ਜਿਨ੍ਹਾਂ ਦੇ ਖੋਜ ਕਾਰਜਾਂ ਨੇ ਆਧੁਨਿਕ ਸੰਚਾਰ ਕ੍ਰਾਂਤੀ ਦੀ ਨੀਂਹ ਰੱਖੀ।
ਦਲੀਪ ਸਿੰਘ ਸੌਂਧ: ਅਮਰੀਕੀ ਕਾਂਗਰਸ (ਸੰਸਦ) ਲਈ ਚੁਣੇ ਜਾਣ ਵਾਲੇ ਪਹਿਲੇ ਸਿੱਖ ਅਤੇ ਪਹਿਲੇ ਏਸ਼ੀਆਈ-ਅਮਰੀਕੀ।
ਭਗਤ ਸਿੰਘ ਥਿੰਦ: ਅਮਰੀਕੀ ਸੈਨਿਕ, ਜਿਨ੍ਹਾਂ ਨੇ ਨਾਗਰਿਕਤਾ ਅਤੇ ਧਾਰਮਿਕ ਅਧਿਕਾਰਾਂ ਦੀ ਬਹਾਲੀ ਲਈ ਇਤਿਹਾਸਕ ਸੰਘਰਸ਼ ਲੜਿਆ।
ਉਨ੍ਹਾਂ ਕਿਹਾ ਕਿ ਸਿੱਖ ਭਾਈਚਾਰਾ ਅਮਰੀਕਾ ਵਿੱਚ ਸਿਰਫ਼ ਟਰੱਕ ਚਲਾਉਣ ਤੱਕ ਸੀਮਤ ਨਹੀਂ ਹੈ, ਸਗੋਂ ਪਿਛਲੀ ਇੱਕ ਸਦੀ ਤੋਂ ਵੱਧ ਸਮੇਂ ਤੋਂ ਵਿਗਿਆਨੀ, ਉਦਯੋਗਪਤੀ, ਕਿਸਾਨ, ਡਾਕਟਰ, ਇੰਜੀਨੀਅਰ, ਫੌਜੀ ਅਤੇ ਲੋਕ-ਸੇਵਕ ਵਜੋਂ ਅਮਰੀਕਾ ਦੀ ਤਰੱਕੀ, ਖੇਤੀਬਾੜੀ, ਵਿਗਿਆਨ ਅਤੇ ਜਨਤਕ ਜੀਵਨ ਵਿੱਚ ਵਡਮੁੱਲਾ ਯੋਗਦਾਨ ਪਾ ਰਿਹਾ ਹੈ।
ਸਿੱਖ ਭਾਈਚਾਰੇ ਦੇ ਮਾਣ-ਸਨਮਾਨ ਦੀ ਰੱਖਿਆ ਦੀ ਅਪੀਲ
ਆਰ.ਪੀ. ਸਿੰਘ ਨੇ ਆਖਿਆ ਕਿ ਸਰਕਾਰੀ ਪ੍ਰਚਾਰ ਵਿੱਚ ਸਿੱਖ ਵਿਅਕਤੀ ਦਾ ਰੂੜ੍ਹੀਵਾਦੀ ਚਿੱਤਰਣ ਅਤੇ ‘ਸਿੰਘ’ ਨਾਮ ਨੂੰ ਮਜ਼ਾਕੀਆ ਪੰਚਲਾਈਨ ਵਜੋਂ ਵਰਤਣਾ ਸਿਰਫ਼ ਕਿਸੇ ਇੱਕ ਵਿਅਕਤੀ ਦਾ ਅਪਮਾਨ ਨਹੀਂ, ਸਗੋਂ ਅਮਰੀਕੀ ਧਰਤੀ 'ਤੇ ਮਿਹਨਤ, ਸੇਵਾ ਅਤੇ ਕੁਰਬਾਨੀਆਂ ਦੇਣ ਵਾਲੇ ਪੂਰੇ ਮਾਣਮੱਤੇ ਸਿੱਖ ਭਾਈਚਾਰੇ ਦਾ ਅਪਮਾਨ ਹੈ।
ਉਨ੍ਹਾਂ ਮੰਗ ਕੀਤੀ ਕਿ ਅਮਰੀਕਾ ਆਪਣੇ ਇਮੀਗ੍ਰੇਸ਼ਨ ਕਾਨੂੰਨਾਂ ਨੂੰ ਸਖ਼ਤੀ ਨਾਲ ਜ਼ਰੂਰ ਲਾਗੂ ਕਰੇ, ਪਰ ਇਸ ਦੌਰਾਨ ਮਰਿਆਦਾ, ਨਿਰਪੱਖਤਾ ਅਤੇ ਸਨਮਾਨ ਨੂੰ ਕਾਇਮ ਰੱਖਿਆ ਜਾਵੇ। ਉਨ੍ਹਾਂ ਉਮੀਦ ਪ੍ਰਗਟਾਈ ਕਿ ਭਾਰਤ ਸਮੇਤ ਦੁਨੀਆ ਭਰ ਦੀਆਂ ਸਿੱਖ ਸੰਗਤਾਂ ਦੀਆਂ ਇਨ੍ਹਾਂ ਭਾਵਨਾਵਾਂ ਨੂੰ ਵਾਸ਼ਿੰਗਟਨ ਤੱਕ ਪਹੁੰਚਾਇਆ ਜਾਵੇਗਾ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ 'ਤੇ ਰੋਕ ਲਗਾਈ ਜਾ ਸਕੇ।
- Download Babushahi App
-
-