ਅਨੋਖੀ ਜ਼ਿੰਮੇਵਾਰੀ: ਅੱਤਵਾਦੀ ਜਥੇਬੰਦੀ ਨੇ ਗੁਰਦਾਸਪੁਰ 'ਚ ਪੁਲਿਸ ਕਰਮਚਾਰੀਆਂ ਨੂੰ 'ਸ਼ਹੀਦ' ਕਿਹਾ! ਕਥਿਤ ਪੋਸਟ ਵਾਇਰਲ
ਗੁਰਦਾਸਪੁਰ ਹਮਲਾ: 'ਤਹਿਰੀਕ-ਏ-ਤਾਲੀਬਾਨ ਹਿੰਦੁਸਤਾਨ' ਵੱਲੋਂ ਜ਼ਿੰਮੇਵਾਰੀ ਦਾ ਦਾਅਵਾ; ਪੁਲਿਸ ਮੁਲਾਜ਼ਮਾਂ ਲਈ 'ਸ਼ਹੀਦ' ਸ਼ਬਦ ਦੀ ਵਰਤੋਂ ਨੇ ਪੈਦਾ ਕੀਤੇ ਕਈ ਸਵਾਲ
Babushahi Network
ਗੁਰਦਾਸਪੁਰ/ਦੋਰਾਗਲਾ 23 ਫਰਵਰੀ 2026: ਭਾਰਤ-ਪਾਕਿਸਤਾਨ ਸਰਹੱਦ ਦੇ ਨੇੜੇ ਦੋਰਾਂਗਲਾ ਥਾਣੇ ਅਧੀਨ ਆਉਂਦੀ ਆਦੀਆਂ ਚੈੱਕ ਪੋਸਟ 'ਤੇ ਦੋ ਪੁਲਿਸ ਮੁਲਾਜ਼ਮਾਂ ਦੀਆਂ ਗੋਲੀਆਂ ਨਾਲ ਛਲਨੀ ਲਾਸ਼ਾਂ ਮਿਲਣ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਹੁਣ ਇਸ ਮਾਮਲੇ ਵਿੱਚ ਇੱਕ ਸੋਸ਼ਲ ਮੀਡੀਆ ਪੋਸਟ ਵਾਇਰਲ ਹੋ ਰਹੀ ਹੈ, ਜਿਸ ਵਿੱਚ ਅੱਤਵਾਦੀ ਸੰਗਠਨ 'ਤਹਿਰੀਕ-ਏ-ਤਾਲੀਬਾਨ ਹਿੰਦੁਸਤਾਨ' (TTH) ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ।
ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇਸ ਪੋਸਟ (ਜਿਸ ਦੀ ਅਧਿਕਾਰਤ ਪੁਸ਼ਟੀ ਹੋਣੀ ਅਜੇ ਬਾਕੀ ਹੈ) ਵਿੱਚ ਸੰਗਠਨ ਨੇ ਦਾਅਵਾ ਕੀਤਾ ਹੈ ਕਿ 22 ਫਰਵਰੀ 2026 ਦੀ ਤੜਕੇ TTH ਦੀ 'ਅਲ-ਬੁਰਕ ਬ੍ਰਿਗੇਡ' ਨੇ ਗੁਰਦਾਸਪੁਰ ਦੇ ਦੋਰਾਂਗਲਾ ਪੁਲਿਸ ਸਟੇਸ਼ਨ ਅਧੀਨ ਆਉਂਦੀ ਚੌਕੀ ਆਦੀਆਂ ਵਿਖੇ ਹਮਲੇ ਵਿੱਚ ASI ਗੁਰਨਾਮ ਸਿੰਘ ਅਤੇ ਹੋਮ ਗਾਰਡ ਅਸ਼ੋਕ ਕੁਮਾਰ ਮਾਰੇ ਗਏ ਹਨ। ਪੋਸਟ ਵਿੱਚ ਜਨਤਾ ਨੂੰ ਫੌਜ, ਪੁਲਿਸ ਅਤੇ ਬੀ.ਐਸ.ਐਫ. ਤੋਂ ਅਸਤੀਫਾ ਦੇਣ ਦੀ ਸਲਾਹ ਦਿੱਤੀ ਗਈ ਹੈ, ਅਜਿਹਾ ਨਾ ਕਰਨ 'ਤੇ ਉਨ੍ਹਾਂ ਨੂੰ ਘਰਾਂ ਵਿੱਚ ਨਿਸ਼ਾਨਾ ਬਣਾਉਣ ਦੀ ਧਮਕੀ ਦਿੱਤੀ ਗਈ ਹੈ।
'ਸ਼ਹੀਦ' ਸ਼ਬਦ ਦੀ ਵਰਤੋਂ ਅਤੇ ਪੈਦਾ ਹੋਏ ਸ਼ੱਕ
ਹਿੰਦੀ ਵਿੱਚ ਲਿਖੀ ਗਈ ਵਾਇਰਲ ਪੋਸਟ ਵਿੱਚ ਅੱਤਵਾਦੀ ਜਥੇਬੰਦੀ ਨੇ ਮਾਰੇ ਗਏ ਪੁਲਿਸ ਕਰਮਚਾਰੀਆਂ ਲਈ 'ਸ਼ਹੀਦ' ਸ਼ਬਦ ਦੀ ਵਰਤੋਂ ਕੀਤੀ ਹੈ। ਇਹ ਇੱਕ ਬਹੁਤ ਹੀ ਅਨੋਖੀ ਗੱਲ ਹੈ, ਜਿਸ ਤੋਂ ਕਈ ਤਰ੍ਹਾਂ ਦੇ ਸ਼ੱਕ ਪੈਦਾ ਹੁੰਦੇ ਹਨ। ਸੰਗਠਨ ਸ਼ਾਇਦ ਸਥਾਨਕ ਲੋਕਾਂ ਵਿੱਚ ਇਹ ਪ੍ਰਭਾਵ ਦੇਣਾ ਚਾਹੁੰਦਾ ਹੈ ਕਿ ਉਹ ਪੁਲਿਸ ਮੁਲਾਜ਼ਮਾਂ ਦੇ ਦੁਸ਼ਮਣ ਨਹੀਂ ਹਨ, ਸਗੋਂ ਸਿਰਫ਼ ਸਿਸਟਮ ਦੇ ਖ਼ਿਲਾਫ਼ ਹਨ। ਇਹ ਲੋਕਾਂ ਦੀ ਹਮਦਰਦੀ ਜਿੱਤਣ ਜਾਂ ਪੁਲਿਸ ਬਲ ਦੇ ਮਨੋਬਲ ਨੂੰ ਤੋੜਨ ਦੀ ਇੱਕ ਕੋਸ਼ਿਸ਼ ਹੋ ਸਕਦੀ ਹੈ।

ਹਾਲਾਂਕਿ ਸੂਤਰ ਦੱਸਦੇ ਹਨ ਕਿ 'ਸ਼ਹੀਦ' ਸ਼ਬਦ ਦੀ ਵਰਤੋਂ ਜਾਂਚ ਏਜੰਸੀਆਂ ਨੂੰ ਗੁੰਮਰਾਹ ਕਰਨ ਲਈ ਕੀਤੀ ਜਾ ਸਕਦੀ ਹੈ ਤਾਂ ਜੋ ਇਹ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੋ ਜਾਵੇ ਕਿ ਇਹ ਹਮਲਾ ਕਿਸੇ ਬਾਹਰੀ ਸ਼ਕਤੀ ਦਾ ਹੈ ਜਾਂ ਅੰਦਰੂਨੀ ਫੁੱਟ ਦਾ ਨਤੀਜਾ। ਵਾਇਰਲ ਪੋਸਟ ਤੋਂ ਇਹ ਵੀ ਸ਼ੱਕ ਪੈਦਾ ਹੁੰਦਾ ਹੈ ਕਿ ਇਹ ਪੋਸਟ ਕਿਸੇ ਸ਼ਰਾਰਤੀ ਅਨਸਰ ਵੱਲੋਂ ਹਾਲਾਤ ਨੂੰ ਹੋਰ ਖ਼ਰਾਬ ਕਰਨ ਲਈ ਜਾਂ ਜਾਂਚ ਨੂੰ ਭਟਕਾਉਣ ਲਈ ਤਾਂ ਨਹੀਂ ਬਣਾਈ ਗਈ?
ਇਸ ਘਟਨਾ ਤੋਂ ਬਾਅਦ ਸਰਹੱਦੀ ਇਲਾਕਿਆਂ ਵਿੱਚ ਸੁਰੱਖਿਆ ਹੋਰ ਸਖ਼ਤ ਕਰ ਦਿੱਤੀ ਗਈ ਹੈ। ਪੁਲਿਸ ਅਤੇ ਜਾਂਚ ਏਜੰਸੀਆਂ ਵਾਇਰਲ ਹੋ ਰਹੀ ਇਸ ਪੋਸਟ ਦੀ ਸੱਚਾਈ ਅਤੇ ਪਿਛੋਕੜ ਦੀ ਜਾਂਚ ਕਰ ਰਹੀਆਂ ਹਨ।
Click to Follow Babushahi Facebook page →