'ਜਥੇਦਾਰ ਦਾ ਹੁਕਮ ਸਿਰ ਮੱਥੇ, RSS ਸਿੱਖ ਕੌਮ ਦੇ ਮਾਮਲਿਆਂ 'ਚ ਦਖਲ ਦੇਣਾ ਬੰਦ ਕਰੇ': ਚੰਨੀ
Babushahi Bureau
ਚੰਡੀਗੜ੍ਹ/ਸ੍ਰੀ ਅੰਮ੍ਰਿਤਸਰ ਸਾਹਿਬ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੇ ਦਿੱਗਜ ਆਗੂ ਚਰਨਜੀਤ ਸਿੰਘ ਚੰਨੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਦੀ ਪੁਰਜ਼ੋਰ ਹਮਾਇਤ ਕੀਤੀ ਹੈ। ਬਲਵੰਤ ਸਿੰਘ ਰਾਜੋਆਣਾ ਵੱਲੋਂ ਜਥੇਦਾਰ ਦੇ ਫੈਸਲੇ 'ਤੇ ਪ੍ਰਗਟਾਏ ਗਏ ਇਤਰਾਜ਼ਾਂ ਦੇ ਬਾਵਜੂਦ, ਚੰਨੀ ਨੇ ਸਪੱਸ਼ਟ ਕੀਤਾ ਹੈ ਕਿ ਉਹ ਪੂਰੀ ਤਰ੍ਹਾਂ ਜਥੇਦਾਰ ਦੇ ਨਾਲ ਖੜ੍ਹੇ ਹਨ।
ਚਰਨਜੀਤ ਚੰਨੀ ਨੇ ਕੇਂਦਰ ਦੀ ਮੋਦੀ ਸਰਕਾਰ ਅਤੇ RSS 'ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਸਿੱਖ ਕੌਮ ਦੇ ਅਮੀਰ ਵਿਰਸੇ ਅਤੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ RSS ਦੀ ਵਿਚਾਰਧਾਰਾ ਨਾਲ ਜੋੜਨ ਦੀ ਕੋਸ਼ਿਸ਼ ਨਾ ਕੀਤੀ ਜਾਵੇ। ਉਨ੍ਹਾਂ ਕਿਹਾ, "ਸਾਹਿਬਜ਼ਾਦਿਆਂ ਦੀ ਕੁਰਬਾਨੀ ਪੂਰੀ ਮਨੁੱਖਤਾ ਲਈ ਸੀ, ਇਸ ਨੂੰ ਕਿਸੇ ਖਾਸ ਸਿਆਸੀ ਏਜੰਡੇ ਦੇ ਰੰਗ ਵਿੱਚ ਨਹੀਂ ਰੰਗਿਆ ਜਾ ਸਕਦਾ।"
"ਵੀਰ ਬਾਲ ਦਿਵਸ" ਦੇ ਨਾਮ 'ਤੇ ਗਰਮਾਈ ਸਿਆਸਤ
ਚੰਨੀ ਨੇ 'ਵੀਰ ਬਾਲ ਦਿਵਸ' ਦੇ ਨਾਮਕਰਨ 'ਤੇ ਸਵਾਲ ਚੁੱਕਦਿਆਂ ਕਿਹਾ ਕਿ ਕੇਂਦਰ ਸਰਕਾਰ ਸਿੱਖ ਪਰੰਪਰਾਵਾਂ ਵਿੱਚ ਬੇਲੋੜੀ ਦਖਲਅੰਦਾਜ਼ੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਥੇਦਾਰ ਦੀ ਸਲਾਹ ਤੋਂ ਬਿਨਾਂ ਕਿਸੇ ਵੀ ਤਰ੍ਹਾਂ ਦੀ ਤਬਦੀਲੀ ਜਾਂ ਨਾਮਕਰਨ ਨੂੰ ਮਨਜ਼ੂਰ ਨਹੀਂ ਕੀਤਾ ਜਾਵੇਗਾ। ਬੀਜੇਪੀ ਅਤੇ RSS ਨੂੰ ਸਿੱਖ ਕੌਮ ਦੇ ਧਾਰਮਿਕ ਮਾਮਲਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ।
ਚੰਨੀ ਨੇ ਕਿਹਾ ਕਿ ਸਿੱਖ ਪੰਥ ਦੀਆਂ ਆਪਣੀਆਂ ਰਵਾਇਤਾਂ ਹਨ ਅਤੇ ਕਿਸੇ ਵੀ ਬਾਹਰੀ ਸ਼ਕਤੀ ਨੂੰ ਇਨ੍ਹਾਂ ਨੂੰ ਬਦਲਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।
ਜ਼ਿਕਰਯੋਗ ਹੈ ਕਿ ਬਲਵੰਤ ਸਿੰਘ ਰਾਜੋਆਣਾ ਨੇ ਹਾਲ ਹੀ ਵਿੱਚ ਜਥੇਦਾਰ ਦੇ ਕੁਝ ਫੈਸਲਿਆਂ 'ਤੇ ਸਵਾਲ ਚੁੱਕੇ ਸਨ, ਪਰ ਚੰਨੀ ਨੇ ਇਸ ਵਿਵਾਦ ਵਿੱਚ ਜਥੇਦਾਰ ਦਾ ਪੱਖ ਪੂਰਦਿਆਂ ਕਿਹਾ ਕਿ ਪੰਥਕ ਫੈਸਲਿਆਂ ਵਿੱਚ ਜਥੇਦਾਰ ਦੀ ਸਰਵਉੱਚਤਾ ਨੂੰ ਬਰਕਰਾਰ ਰੱਖਣਾ ਹਰ ਸਿੱਖ ਦਾ ਫਰਜ਼ ਹੈ।