ਨਿਊਜ਼ੀਲੈਂਡ : ਗੁਰਮਤਿ ਸੰਗੀਤ ਦੀ ਅਨਮੋਲ ਸੇਵਾ: 31 ਰਾਗਾਂ ਦੀ ਸਫਲ ਸੰਪੂਰਨਤਾ
ਨਿਊਜ਼ੀਲੈਂਡ ’ਚ ਰਾਗੀ ਜੱਥੇ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਵਿਖੇ 31 ਰਾਗਾਂ ’ਚ ਤੰਤੀ ਸਾਜ਼ਾਂ ਸੰਗ ਗੁਰਬਾਣੀ ਕੀਰਤਨ
- ਕਮੇਟੀ ਨੇ ‘31 ਰਾਗਾ’ ਐਵਾਰਡ ਨਾਲ ਕੀਤਾ ਸਨਮਾਨਿਤ
-ਭਾਈ ਕੰਵਲਜੀਤ ਸਿੰਘ ਜੀ, ਭਾਈ ਹਰਵਿੰਦਰ ਸਿੰਘ ਜੀ (ਤਬਲਾ ਵਾਚਕ) ਅਤੇ
ਭਾਈ ਵਰਿੰਦਰ ਸਿੰਘ (ਪੱਟੀ) ਦੇ ਰਾਗੀ ਜੱਥੇ ਨੂੰ ਬਖਸ਼ਿਆ ਗੁਰੂ ਨੇ ਮਾਣ
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 04 ਨਵੰਬਰ 2025-ਧੰਨ-ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸਮਾਗਮਾਂ ਨੂੰ ਸਮਰਪਿਤ ਦੇਸ਼-ਵਿਦੇਸ਼ ਬਹੁਤ ਸਾਰੇ ਸਮਾਗਮ ਹੋ ਰਹੇ ਹਨ ਅਤੇ ਗੁਰੂ ਸਾਹਿਬਾਂ ਦੀਆਂ ਸਿਖਿਆਵਾਂ ਨੂੰ ਯਾਦ ਕੀਤਾ ਜਾ ਰਿਹਾ ਹੈ। ਨਿਊਜ਼ੀਲੈਂਡ ਦੀ ਧਰਤੀ ’ਤੇ ਵੀ ਗੁਰਮਤਿ ਸੰਗੀਤ ਦਾ ਇੱਕ ਵਿਲੱਖਣ ਅਤੇ ਇਤਿਹਾਸਕ ਉਪਰਾਲਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਸਮਾਗਮਾਂ ਦੇ ਸਬੰਧ ਵਿੱਚ ਸੰਪੂਰਨ ਹੋਇਆ ਹੈ। ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪਾਪਾਟੋਏਟੋਏ ਵਿਖੇ ਭਾਈ ਕੰਵਲਜੀਤ ਸਿੰਘ (ਪੱਟੀ) ਹੋਰਾਂ ਦੇ ਰਾਗੀ ਜੱਥੇ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਸੰਪੂਰਨ 31 ਰਾਗਾਂ ਵਿੱਚ ਸ਼ਬਦ ਕੀਰਤਨ ਤੰਤੀ ਸਾਜ਼ਾਂ (ਪਰੰਪਰਾਗਤ ਸਾਜ਼ਾਂ) ਦੀ ਵਰਤੋਂ ਕਰਕੇ ਕੀਤਾ ਗਿਆ। ਇਸ ਕਾਰਜ ਨੂੰ 6 ਹਫਤਾਵਾਰੀ ਹਾਜ਼ਰੀਆਂ ਦੇ ਵਿਚ ਸੰਪੂਰਨ ਕੀਤਾ ਗਿਆ ਅਤੇ ਸੰਗਤਾ ਨੇ ਗੁਰਮਤਿ ਸੰਗੀਤ ਦਾ ਰੂਹਾਨੀ ਰਸ ਤੰਤੀ ਸਾਜਾਂ ਦੀਆਂ ਤਰੰਗਾਂ ਸੰਗ ਮਾਣਿਆ।
ਕਮੇਟੀ ਵੱਲੋਂ ‘ 31 ਰਾਗਾ ਐਵਾਰਡ’: ਇਸ ਮਹਾਨ ਸੇਵਾ ਨੂੰ ਮਾਨਤਾ ਦਿੰਦੇ ਹੋਏ, ਗੁਰਦੁਆਰਾ ਸਾਹਿਬ ਕਮੇਟੀ ਵੱਲੋਂ ਭਾਈ ਕੰਵਲਜੀਤ ਸਿੰਘ ਦੇ ਰਾਗੀ ਜੱਥੇ, ਭਾਈ ਹਰਵਿੰਦਰ ਸਿੰਘ ਜੀ (ਤਬਲਾ ਵਾਚਕ) ਅਤੇ ਭਾਈ ਵਰਿੰਦਰ ਸਿੰਘ ਨੂੰ ‘31 ਰਾਗਾ ਐਵਾਰਡ’ ਨਾਲ ਸਨਮਾਨਿਤ ਕੀਤਾ। ਇਸ ਜੱਥੇ ਨੇ ਗੁਰਮਤਿ ਸੰਗੀਤ ਦੀ ਮੂਲ ਅਤੇ ਪ੍ਰਮਾਣਿਕ ਪਰੰਪਰਾ ਨੂੰ ਤੰਤੀ ਸਾਜ਼ਾਂ ਰਾਹੀਂ ਨਿਭਾ ਕੇ ਸੰਗਤਾਂ ਨੂੰ ਧੁਰ ਕੀ ਬਾਣੀ ਨਾਲ ਜੋੜਿਆ ਜੋ ਕਿ ਇਥੇ ਪਹਿਲੀ ਵਾਰ ਹੋਇਆ ਸੀ।
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦਾ ਮਹੱਤਵ:
ਇਹ ਇਤਿਹਾਸਕ ਕੀਰਤਨ ਸਮਾਗਮ ਵਿਸ਼ੇਸ਼ ਤੌਰ ’ਤੇ ਨੌਵੇਂ ਪਾਤਸ਼ਾਹ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਨੂੰ ਸਮਰਪਿਤ ਸੀ, ਜਿਨ੍ਹਾਂ ਨੇ ਧਰਮ ਦੀ ਰੱਖਿਆ ਲਈ ਆਪਣਾ ਸੀਸ ਕੁਰਬਾਨ ਕਰ ਦਿੱਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 59 ਸ਼ਬਦ ਅਤੇ 57 ਸਲੋਕ ਦਰਜ ਹਨ। ਆਪ ਜੀ ਦੀ ਬਾਣੀ 15 ਰਾਗਾਂ ਵਿੱਚ ਦਰਜ ਹੈ, ਜਿਨ੍ਹਾਂ ਵਿੱਚੋਂ ਜੈਜਾਵੰਤੀ ਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 31ਵਾਂ ਅਤੇ ਅੰਤਿਮ ਰਾਗ ਹੈ। ਇਸ ਰਾਗ ਵਿੱਚ ਕੇਵਲ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 4 ਸ਼ਬਦ ਹੀ ਦਰਜ ਹਨ, ਜਿਸ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕੁੱਲ ਰਾਗਾਂ ਦੀ ਗਿਣਤੀ 31 ਹੋ ਗਈ।
 ਰਾਗੀ ਜੱਥੇ ਵੱਲੋਂ ਸ਼ੁਕਰਾਨਾ
ਅਵਾਰਡ ਨਾਲ ਸਨਮਾਨਿਤ ਹੋਣ ਉਪਰੰਤ, ਭਾਈ ਕੰਵਲਜੀਤ ਸਿੰਘ ਜੀ ਨੇ ਗੁਰਦੁਆਰਾ ਕਮੇਟੀ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਸਤਿਗੁਰੂ ਜੀ ਰਾਗੀ ਜੱਥੇ ਨੂੰ ਅੱਗੇ ਵੀ ਚੜ੍ਹਦੀ ਕਲਾ ਬਖਸ਼ਿਸ਼ ਕਰਨ ਤਾਂ ਜੋ ਉਹ ਇਸੇ ਤਰ੍ਹਾਂ ਗੁਰਮਤਿ ਸੰਗੀਤ ਦੀ ਸੇਵਾ ਨਿਭਾਉਂਦੇ ਰਹਿਣ। ਨਿਊਜ਼ੀਲੈਂਡ ਦੀ ਸੰਗਤ ਲਈ ਇਹ ਪਲ ਬਹੁਤ ਹੀ ਮਾਣ ਵਾਲਾ ਸੀ, ਜਦੋਂ ਉਨ੍ਹਾਂ ਨੇ ਸਿੱਖ ਇਤਿਹਾਸ ਅਤੇ ਸੰਗੀਤ ਦੀ ਇਸ ਅਨਮੋਲ ਵਿਰਾਸਤ ਨੂੰ ਤੰਤੀ ਸਾਜ਼ਾਂ ਦੀ ਮਿੱਠੀ ਧੁਨ ਰਾਹੀਂ ਸੁਣਿਆ ਅਤੇ ਇਸ ਪਵਿੱਤਰ ਉਪਰਾਲੇ ਦਾ ਹਿੱਸਾ ਬਣੇ।