Babushahi Special ਨਗਰ ਨਿਗਮ ਬਠਿੰਡਾ ’ਚ ਮੁੱੜ ਵੱਜਿਆ ਮਹਿਤਾ ਪ੍ਰੀਵਾਰ ਦਾ ਬੁਗਚੂ ਕਹਿੰਦਾ ਚੱਕ ਦੇਊਂ ਚੱਕ ਦੇਊਂ
ਅਸ਼ੋਕ ਵਰਮਾ
ਬਠਿੰਡਾ, 4 ਨਵੰਬਰ 2025: ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਅਤੇ ਨਗਰ ਨਿਗਮ ਦੇ ਮੇਅਰ ਪਦਮਜੀਤ ਮਹਿਤਾ ਦੀ ਪਿਤਾ ਪੁੱਤਰ ਜੋੜੀ ਵੱਲੋਂ ਕਾਂਗਰਸ ਪਾਰਟੀ ਨੂੰ ਦਿੱਤੇ ਸਿਆਸੀ ਝਟਕਿਆਂ ਕਾਰਨ  ਕੌਂਸਲਰ ਤੇ ਮੇਅਰ ਦੇ ਸਲਾਹਕਾਰ ਸ਼ਾਮ ਲਾਲ ਜੈਨ ਸੀਨੀਅਰ ਡਿਪਟੀ ਮੇਅਰ ਵਜੋਂ ਚੋਣ ਜਿੱਤਣ ਵਿੱਚ ਸਫਲ ਰਹੇ ਹਨ। ਇਹ ਅਹੁਦਾ ਲੰਘੀ ਫਰਵਰੀ ਦੌਰਾਨ ਕਾਂਗਰਸ ਦੇ  ਸੀਨੀਅਰ ਡਿਪਟੀ ਮੇਅਰ ਅਸ਼ੋਕ ਕੁਮਾਰ ਨੂੰ ਹਟਾਉਣ ਤੋਂ ਬਾਅਦ ਖਾਲੀ ਚੱਲਿਆ ਆ ਰਿਹਾ ਸੀ। ਮੇਅਰ ਧੜੇ ਨੇ ਸ਼ਾਮ ਲਾਲ ਜੈਨ ਨੂੰ ਉਮੀਦਵਾਰ ਬਣਾਇਆ ਸੀ ਜਦੋਂਕਿ ਕਾਂਗਰਸ ਦੇ ਉਮੀਦਵਾਰ ਕੌਂਸਲਰ ਹਰਵਿੰਦਰ ਸਿੰਘ ਲੱਡੂ ਸਨ। ਪ੍ਰਸ਼ਾਸ਼ਨ ਨੇ ਸੀਨੀਅਰ ਡਿਪਟੀ ਮੇਅਰ ਦੀ ਚੋਣ ਲਈ ਅੱਜ ਦੇ ਦਿਨ ਸਾਢੇ 12 ਵਜੇ ਜਰਨਲ ਹਾਊਸ ਦੀ ਮੀਟਿੰਗ ਬੁਲਾਈ ਸੀ। ਚੋਣ ਆਬਜਰਵਰ ਦੇ ਤੌਰ ਤੇ ਏਡੀਸੀ ਪੂਨਮ ਸਿੰਘ ਤੋਂ ਇਲਾਵਾ ਨਗਰ ਨਿਗਮ ਦੀ ਕਮਿਸ਼ਨਰ ਕੰਚਨ ਸਿੰਗਲਾ ਅਤੇ ਸੀਨੀਅਰ ਅਧਿਕਾਰੀ ਹਾਜ਼ਰ ਹੋਏ ਸਨ।
                    ਅੱਜ ਦੀ ਚੋਣ ਨੂੰ ਪਾਰਟੀ ਲਈ ਬੇਹੱਦ ਅਹਿਮ ਮੰਨਦਿਆਂ ਕਾਂਗਰਸ ਕਮੇਟੀ ਦੇ ਜਿਲ੍ਹਾ ਸ਼ਹਿਰੀ ਪ੍ਰਧਾਨ ਰਾਜਨ ਗਰਗ ਅਤੇ ਹੋਰ ਵੱਡੀ ਗਿਣਤੀ ਸੀਨੀਅਰ ਆਗੂ ਕਾਂਗਰਸੀ ਕੌਂਸਲਰਾਂ ਨੂੰ ਲਾਮਬੰਦ ਕਰਨ ਲਈ ਨਗਰ ਨਿਗਮ ਪੁੱਜੇ ਹੋਏ ਸਨ ।  ਜਰਨਲ ਹਾਊਸ ਦੀ ਮੀਟਿੰਗ ਦੌਰਾਨ ਅੱਜ ਕੁੱਲ 50 ਕੌਂਸਲਰਾਂ ਚੋਂ 42 ਕੌਂਸਲਰ ਹਾਜ਼ਰ ਹੋਏ ਸਨ। ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਅਤੇ ਉਨ੍ਹਾਂ ਦੇ ਹਮਾਇਤੀ ਤਿੰਨੇ ਕੌਂਸਲਰ ਮੀਟਿੰਗ ਵਿੱਚੋਂ ਗੈਰਹਾਜ਼ਰ ਰਹੇ।  ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਚਾਰ ਕੌਂਸਲਰਾਂ ਸਮੇਤ 30 ਕੌਂਸਲਰਾਂ ਨੇ ਸ਼ਾਮ ਲਾਲ ਜੈਨ ਦੀ ਡਟਵੀਂ ਹਮਾਇਤ ਕੀਤੀ ਜਦੋਂਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਹਰਵਿੰਦਰ ਸਿੰਘ ਲੱਡੂ ਦੇ ਹੱਕ ਵਿੱਚ 12 ਕੌਂਸਲਰ ਦਿਖਾਈ ਦਿੱਤੇ ਜਿਸ ਨੂੰ ਦੇਖਦਿਆਂ ਉਨ੍ਹਾਂ ਨੇ ਆਪਣਾ ਨਾਮ ਵਾਪਿਸ ਲੈ ਲਿਆ। ਇਸ ਤਰਾਂ ਸ਼ਾਮ ਲਾਲ ਜੈਨ ਨੂੰ ਸਰਬਸੰਮਤੀ ਨਾਲ ਜੇਤੂ ਕਰਾਰ ਦਿੱਤਾ ਗਿਆ।
                              ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਧੜਾ ਵੀ ਜੈਨ ਦੇ ਪੱਖ  ’ਚ ਭੁਗਤਿਆ ਹੈ ਜਿਸ ਨੂੰ ਜਿੱਤ ਲਈ ਮਹੱਤਵਪੂਰਨ ਮੰਨਿਆ ਗਿਆ ਹੈ। ਨਗਰ ਨਿਗਮ ਚੋਣਾਂ ਦੌਰਾਨ ਤਿੰਨ ਚੌਥਾਈ ਬਹੁਮਤ ਹਾਸਲ ਕਰਨ ’ਚ ਸਫਲ ਰਹੀ ਕਾਂਗਰਸ ਨੂੰ ਹਾਕਮ ਧਿਰ ਆਮ ਆਦਮੀ ਪਾਰਟੀ ਦਾ ਚੌਥਾ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਸਾਲ 2021 ਦੌਰਾਨ ਹੋਈਆਂ ਇੰਨ੍ਹਾਂ ਚੋਣਾਂ ਦੌਰਾਨ ਜੋਰ ਲਾਉਣ ਦੇ ਬਾਵਜੂਦ ਆਮ ਆਦਮੀ ਪਾਰਟੀ ਖਾਤਾ ਵੀ ਨਹੀਂ ਖੋਹਲ ਸਕੀ ਸੀ ।                ਇਸ ਦੇ ਉਲਟ ਆਪਣੇ ਕੌਂਸਲਰਾਂ ਨੂੰ ਸੰਭਾਲਣ ’ਚ ਅਸਫਲ ਰਹੀ ਕਾਂਗਰਸੀ ਲੀਡਰਸ਼ਿਪ ਕਾਰਨ ਇਹੋ ਆਮ ਆਦਮੀ ਪਾਰਟੀ 6 ਫਰਵਰੀ 2025 ਨੂੰ 33 ਕੌਂਸਲਰਾਂ ਦੀ ਹਮਾਇਤ ਨਾਲ ਆਪਣੇ ਇਕਲੌਤੇ ਕੌਂਸਲਰ ਨੂੰ ਮੇਅਰ ਬਨਾਉਣ ’ਚ ਸਫਲ ਰਹੀ ਸੀ। ਇਸ ਤੋਂ ਬਾਅਦ 2 ਮਈ 2025 ਨੂੰ ਸੀਨੀਅਰ ਡਿਪਟੀ ਮੇਅਰ ਅਸ਼ੋਕ ਕੁਮਾਰ ਨੂੰ ਹਟਾਉਣ ਵਕਤ ਵੀ ਕਾਫੀ ਕੌਂਸਲਰ ਮੇਅਰ ਦੇ ਬਰਾਬਰ ਖਲੋਤੇ ਦਿਖਾਈ ਦਿੱਤੇ ਸਨ।
                    ਵੱਡੀ ਗੱਲ ਇਹ ਵੀ ਹੈ ਕਿ ਅੱਜ ਪਹਿਲਾਂ ਤੋਂ ਵੀ ਜਿਆਦਾ ਗਿਣਤੀ ’ਚ ਕੌਂਸਲਰਾਂ ਦੀ ਹਮਾਇਤ ਮੇਅਰ ਧੜੇ ਨੂੰ ਮਿਲਦੀ ਨਜ਼ਰ ਆਈ ਹੈ। ਤਕਰੀਬਨ 50 ਸਾਲ ਬਾਅਦ ਨਗਰ ਨਿਗਮ ਬਠਿੰਡਾ ਦੀਆਂ ਚੋਣਾਂ ਮੌਕੇ ਕਾਂਗਰਸ ਨੇ ਬੰਪਰ ਜਿੱਤ ਪ੍ਰਾਪਤ ਕੀਤੀ ਸੀ। ਉਦੋਂ ਕਾਂਗਰਸੀ ਕੌਂਸਲਰ ਜਗਰੂਪ ਗਿੱਲ ਦੀ ਦਾਅਵੇਦਾਰੀ ਦੇ ਬਾਵਜੂਦ ਸ਼੍ਰੀਮਤੀ ਰਮਨ ਗੋਇਲ ਨੂੰ ਮੇਅਰ ਬਣਾਇਆ ਗਿਆ ਜਿਸ ਨੂੰ  ਹਟਾਉਣ ਵੇਲੇ ਪਹਿਲੀ ਦਫਾ ਕਾਂਗਰਸ ਵਿੱਚ ਫੁੱਟ ਪਈ  ਸੀ । ਇਸ ਦੇ ਬਾਵਜੂਦ ਕਾਂਗਰਸ ਕੋਲ 27 ਕੌਂਸਲਰਾਂ ਨਾਲ ਹਾਊਸ ’ਚ ਬਹੁਮੱਤ ਸੀ। ਇਸ ਨੂੰ ਲੀਡਰਸ਼ਿਪ ਦੀ ਨਾਕਾਮੀ ਮੰਨੀਏ ਜਾਂ ਫਿਰ ਮੈਨੇਜਮੈਂਟ ਕਿ ਹਾਕਮ ਧਿਰ ਨੇ ਕਾਂਗਰਸੀ ਕੌਂਸਲਰਾਂ ਸਹਾਰੇ ਹੀ ਮੇਅਰ ਆਪਣਾ ਬਣਾ ਲਿਆ। ਉਸ ਮਗਰੋ ਡਿਪਟੀ ਮੇਅਰ ਤੇ ਸੀਨੀਅਰ ਡਿਪਟੀ ਮੇਅਰ ਨੂੰ ਹਟਾ ਦਿੱਤੇ। ਅੱਜ ਵੀ ਇਹੋ ਨਜ਼ਾਰਾ ਸੀ ਜਦੋਂ ਕਾਂਗਰਸੀ ਕੌਂਸਲਰਾਂ  ਸਹਾਰੇ ਸ਼ਾਮ ਲਾਲ ਜੈਨ ਨੂੰ ਸੀਨੀਅਰ ਡਿਪਟੀ ਮੇਅਰ ਚੁਣੇ ਗਏ।
                      ਮੇਅਰ ਪਦਮਜੀਤ ਸਿੰਘ ਮਹਿਤਾ ਨੇ ਸ਼੍ਰੀ ਜੈਨ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੇ ਸਲਾਹਕਾਰ ਵਜੋਂ ਜਨਤਾ ਦੀ ਸੇਵਾ ਕੀਤੀ ਹੈ ਅਤੇ ਹੁਣ, ਸੀਨੀਅਰ ਡਿਪਟੀ ਮੇਅਰ ਦੇ ਤੌਰ ’ਤੇ, ਉਹ ਉਸੇ ਊਰਜਾ ਤੇ ਜ਼ਿੰਮੇਵਾਰੀ ਨਾਲ ਬਠਿੰਡਾ ਦੇ ਵਿਕਾਸ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਉਣਗੇ। ਉਨ੍ਹਾਂ ਕਿਹਾ ਕਿ ਕੌਂਸਲਰਾਂ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਪਾਰਟੀ ਜਾਂ ਵਿਚਾਰਧਾਰਾ ਤੋਂ ਉੱਪਰ ‘ਵਿਕਾਸ’ ਉਨ੍ਹਾਂ ਦੀ ਤਰਜੀਹ ਹੈ। ਇਸ ਦੌਰਾਨ, ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਅਮਰਜੀਤ ਮਹਿਤਾ ਸਮੇਤ, ਕੌਂਸਲਰਾ ਅਤੇ ਸ਼੍ਰੀ ਮਹਿਤਾ ਦੇ ਸਮਰਥਕਾਂ ਨੇ ਨਵੇਂ ਚੁਣੇ ਸੀਨੀਅਰ ਡਿਪਟੀ ਮੇਅਰ ਸ਼੍ਰੀ ਸ਼ਾਮ ਲਾਲ ਜੈਨ ਨੂੰ ਵਧਾਈ ਦਿੱਤੀ।  ਸ੍ਰੀ ਜੈਨ ਦੇ ਸਮਰਥਕਾਂ ਨੇ ਉਨ੍ਹਾਂ ਨੂੰ ਫੁੱਲਾਂ ਦੇ ਹਾਰ ਪਾਏ ਅਤੇ ਅਮਰਜੀਤ ਮਹਿਤਾ, ਪਦਮਜੀਤ ਸਿੰਘ ਮਹਿਤਾ ਅਤੇ ਸ਼ਾਮ ਲਾਲ ਜੈਨ ਜ਼ਿੰਦਾਬਾਦ ਦੇ ਨਾਅਰ ਲਾਏ। ਨਗਰ ਨਿਗਮ ’ਚ ਅੱਜ ਪਹਿਲੀ ਵਾਰ ਪਟਾਕੇ ਚੱਲਦੇ ਦਿਖਾਈ ਦਿੱਤੇ।
                    ਸ਼ਾਮ ਲਾਲ ਜੈਨ ਵੱਲੋਂ ਧੰਨਵਾਦ
ਸੀਨੀਅਰ ਡਿਪਟੀ ਮੇਅਰ ਚੁਣੇ ਜਾਣ ਤੋਂ ਬਾਅਦ, ਸ੍ਰੀ ਸ਼ਾਮ ਲਾਲ ਜੈਨ ਨੇ ਪੀਸੀਏ ਪ੍ਰਧਾਨ ਸ੍ਰੀ ਅਮਰਜੀਤ ਮਹਿਤਾ, ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਅਤੇ ਸਾਰੇ ਕੌਂਸਲਰ ਸਾਹਿਬਾਨਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਹ ਬਠਿੰਡਾ ਨੂੰ ਇੱਕ ਆਦਰਸ਼ ਅਤੇ ਆਧੁਨਿਕ ਸ਼ਹਿਰ ਬਣਾਉਣ ਲਈ ਸਾਰਿਆਂ ਨੂੰ ਨਾਲ ਲੈ ਕੇ ਆਪਣੀਆਂ ਜ਼ਿੰਮੇਵਾਰੀਆਂ ਪੂਰੀ ਇਮਾਨਦਾਰੀ ਅਤੇ ਲਗਨ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਇਹ ਜਿੱਤ ਸਿਰਫ਼ ਉਨ੍ਹਾਂ ਦੀ ਨਹੀਂ, ਸਗੋਂ ਪੂਰੇ ਬਠਿੰਡਾ ਨਗਰ ਨਿਗਮ ਪਰਿਵਾਰ ਦੇ ਵਿਸ਼ਵਾਸ ਦੀ ਜਿੱਤ ਹੈ