ਅਮਰੀਕਾ : ਅੱਗ ਲੱਗਣ ਕਾਰਨ ਹੋਈ ਇੱਕ ਹੀ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 23 ਜੂਨ 2021
ਪੈਨਸਿਲਵੇਨੀਆਂ ਵਿੱਚ ਵਾਪਰੇ ਇੱਕ ਅਗਨੀ ਕਾਂਡ ਨੇ ਇੱਕ ਹੀ ਘਰ ਦੇ ਤਿੰਨ ਮੈਂਬਰਾਂ ਦੀ ਜਾਨ ਲੈ ਲਈ ਹੈ। ਸਵੇਰੇ ਤਕਰੀਬਨ 2 ਵਜੇ ਪੋਟਸਟਾਊਨ ਜੋ ਕਿ ਫਿਲਾਫੇਲਫਿਆ ਤੋਂ ਲੱਗਭਗ 40 ਮੀਲ ਉੱਤਰ ਪੱਛਮ ਵਿੱਚ ਸਥਿਤ ਹੈ ,ਦੇ ਇੱਕ ਘਰ ਵਿੱਚ ਅੱਗ ਲੱਗਣ ਕਾਰਨ ਇੱਕ 14 ਸਾਲਾ ਬੱਚੇ ਦੀ ਉਸਦੇ ਮਾਤਾ ਪਿਤਾ ਸਮੇਤ ਮੌਤ ਹੋਈ ਹੈ। ਇਸ ਪਰਿਵਾਰ ਦੇ ਇੱਕ ਗੁਆਂਢੀ ਘਰ ਵੱਲੋਂ ਲੱਗੀ ਅੱਗ ਵੇਖ ਕੇ, ਇੱਕ ਪੁਲਿਸ ਅਧਿਕਾਰੀ ਨੂੰ ਇਸਦੀ ਸੂਚਨਾ ਦਿੱਤੀ ਗਈ। ਜਿਸ ਉਪਰੰਤ ਅੱਗ ਬੁਝਾਊ ਕਰਮਚਾਰੀਆਂ ਨੇ ਜਲਦੀ ਹੀ ਘਟਨਾ ਸਥਾਨ 'ਤੇ ਪਹੁੰਚਦਿਆਂ ਅੱਗ ਨਾਲ ਸੜ ਰਹੇ ਘਰ ਦੇ ਅੰਦਰ ਪਰਿਵਾਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਅਧਿਕਾਰੀ ਅਸਫਲ ਰਹੇ। ਇਸ ਘਟਨਾ ਵਿੱਚ ਮਰਨ ਵਾਲੇ ਵਿਅਕਤੀ ਦੀ ਪਛਾਣ 48 ਸਾਲਾ ਜੋਸੇਫ ਨੋਰਟਨ ਵਜੋਂ ਕੀਤੀ ਗਈ ਹੈ, ਜਿਸਨੂੰ ਪੋਟਸਟਾਊਨ ਹਸਪਤਾਲ ਵਿੱਚ ਮ੍ਰਿਤਕ ਘੋਸ਼ਿਤ ਕੀਤਾ ਗਿਆ। ਜਦਕਿ ਪੁਲਿਸ ਵੱਲੋਂ ਅਜੇ ਉਸ ਦੇ 14 ਸਾਲ ਦੇ ਬੇਟੇ ਦੇ ਨਾਲ ਮਾਤਾ ਦਾ ਨਾਮ ਅਜੇ ਜਾਰੀ ਨਹੀਂ ਕੀਤਾ ਗਿਆ ਹੈ।ਇਸ ਘਰ ਨੂੰ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਚੱਲ ਰਹੀ ਹੈ ।