ਵਿਧਾਇਕ ਸ. ਕੁਲਜੀਤ ਸਿੰਘ ਨਾਗਰਾ, ਸਰਹਿੰਦ ਮੰਡੀ ਤੋਂ ਦੁਸਹਿਰਾ ਗਰਾਊਂਡ ਤੱਕ ਜਾਣ ਵਾਲੀ 18 ਫੁੱਟ ਚੌੜੀ ਤੇ ਲਗਪਗ ਇੱਕ ਕਿਲੋਮੀਟਰ ਲੰਮੀ ਸੜਕ ਦੀ 40 ਲੱਖ 35 ਹਜ਼ਾਰ ਰੁਪਏ ਦੀ ਲਾਗਤ ਨਾਲ ਸਪੈਸ਼ਲ ਮੁਰੰਮਤ ਸ਼ੁਰੂ ਕਰਵਾਉਂਦੇ ਹੋਏ।
ਫ਼ਤਹਿਗੜ੍ਹ ਸਾਹਿਬ, 7 ਅਕਤੂਬਰ:(ਦੀਦਾਰ ਗੁਰਨਾ ) ਵਿਧਾਇਕ ਸ. ਕੁਲਜੀਤ ਸਿੰਘ ਨਾਗਰਾ ਨੇ ਸਰਹਿੰਦ ਵਿਖੇ ਸੀਵਰੇਜ ਦੀਆਂ ਲਾਈਨਾ ਵਿਛਾਉਣ ਤੇ ਪਾਣੀ ਦੀ ਪਾਈਪ ਲਾਈਨ ਪਾਉਣ ਤੋਂ ਬਾਅਦ ਸਰਹਿੰਦ ਮੰਡੀ ਤੋਂ ਦੁਸਹਿਰਾ ਗਰਾਊਂਡ ਤੱਕ ਜਾਣ ਵਾਲੀ 18 ਫੁੱਟ ਚੌੜੀ ਤੇ ਪੌਣਾਂ ਕਿਲੋਮੀਟਰ ਲੰਮੀ ਸੜਕ ਦੀ 40 ਲੱਖ 35 ਹਜ਼ਾਰ ਰੁਪਏ ਦੀ ਲਾਗਤ ਨਾਲ ਸਪੈਸ਼ਲ ਮੁਰੰਮਤ ਦਾ ਕੰਮ ਸ਼ੁਰੂ ਕਰਵਾਇਆ।ਜੋ ਕਿ ਦੁਸਹਿਰੇ ਤੋਂ ਪਹਿਲਾਂਪਹਿਲਾਂ ਲੋਕਾਂ ਦੇ ਆਉਣ ਜਾਣ ਲਈ ਸ਼ੁਰੂ ਹੋ ਜਾਵੇਗੀ।
ਇਸ ਮੌਕੇ ਮੀਡੀਆ ਨਾਲ ਗੈਰ ਰਸਮੀ ਗੱਲਬਾਤ ਕਰਦਿਆਂ ਸ. ਨਾਗਰਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਰਾਜ ਦੇ ਵਿਕਾਸ ਨੂੰ ਤਰਜ਼ੀਹ ਦੇ ਰਹੀ ਹੈ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਸਰਹਿੰਦ ਸ਼ਹਿਰ ਵਿਖੇ ਕਰੀਬ 97 ਕਰੋੜ ਦੀ ਲਾਗਤ ਨਾਲ ਵਿਛਾਏ ਜਾ ਰਹੇ ਸੀਵਰੇਜ ਪ੍ਰੋਜੈਕਟ ਦੀ ਪ੍ਰਵਾਨਗੀ ਉਸ ਸਮੇਂ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਕਾਂਗਰਸ ਸਰਕਾਰ ਵੱਲੋਂ ਦਿੱਤੀ ਗਈ ਸੀ ਪ੍ਰੰਤੂ ਪਿਛਲੇ ਸਾਲਾਂ ਵਿੱਚ ਅਕਾਲੀਆਂ ਨੇ ਇਸ ਪ੍ਰੋਜੈਕਟ ਦਾ ਪੈਸਾ ਸੰਗਤ ਦਰਸ਼ਨਾਂ ਵਿੱਚ ਖੁਰਦ ਬੁਰਦ ਕਰ ਦਿੱਤਾ ਜਿਸ ਕਾਰਨ ਇਹ ਕੰਮ ਸਮੇਂ ਸਿਰ ਪੂਰਾ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਹੁਣ ਵੀ ਕੈਪਟਨ ਸਰਕਾਰ ਨੇ 23 ਕਰੋੜ ਦੇ ਕੇ ਇਸ ਪ੍ਰੋਜੈਕਟ ਦਾ ਕੰਮ ਸ਼ੁਰੂ ਕਰਵਾਇਆ ਹੈ ਜੋ ਕਿ ਜੰਗੀ ਪੱਧਰ 'ਤੇ ਚੱਲ ਰਿਹਾ ਹੈ।
ਵਿਧਾਇਕ ਨਾਗਰਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣਦੇ ਹੀ ਇਸ ਪਵਿੱਤਰ ਧਰਤੀ ਦੇ ਵਿਕਾਸ ਲਈ ਕਈ ਅਹਿਮ ਪ੍ਰੋਜੈਕਟਾਂ ਨੂੰ ਮਨਜੂਰੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਫ਼ਤਹਿਗੜ੍ਹ ਸਾਹਿਬ ਹਲਕੇ ਦੀਆਂ ਸਾਰੀਆਂ ਲਿੰਕ ਸੜਕਾਂ ਜਿਨ੍ਹਾਂ ਦੀ ਪਿਛਲੇ 11 ਸਾਲਾਂ ਵਿੱਚ ਕਿਸੇ ਨੇ ਸਾਰ ਨਹੀਂ ਲਈ ਦੀ ਕਰੀਬ 50 ਕਰੋੜ ਨਾਲ ਦੁਬਾਰਾ ਸਪੈਸ਼ਲ ਮੁਰੰਮਤ ਜੰਗੀ ਪੱਧਰ 'ਤੇ ਚੱਲ ਰਹੀ ਹੈ ਤਾਂ ਜੋ ਹਲਕੇ ਦੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਇਸ ਮੌਕੇ ਲੋਕ ਨਿਰਮਾਣ ਵਿਭਾਗ ਦੇ ਐਸ.ਡੀ.ਓ. ਮਨਦੀਪ ਸਿੰਘ, ਜੇ.ਈ. ਸੁਰਜਨ ਸਿੰਘ, ਬਲਵਿੰਦਰ ਸਿੰਘ ਬੱਬੂ, ਯਸ਼ਪਾਲ ਲਹੋਰੀਆ, ਹਰਸ਼ ਦੁਪਰ, ਮਿਲਖੀ ਧੀਮਾਨ, ਗਗਨਦੀਪ ਸਿੰਘ ਗੁਰਾਇਆ, ਅਨਿਲ ਗੁਪਤਾ, ਸੋਨੂੰ ਨਾਗਰਾ, ਪ੍ਰਿੰਸ ਔਜਲਾ, ਗੁਰਜੀਤ ਲੌਂਗੀ, ਸੁਖਦੇਵ ਸਿੰਘ ਝੰਡ, ਬਲਵਿੰਦਰ ਸਿੰਘ ਨੰਬਰਦਾਰ, ਸੁਸ਼ੀਲ ਲੋਟੇ, ਰਵਿੰਦਰ ਬਾਸੀ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।