ਪ੍ਰਦੇਸ਼ ਕਾਂਗਰਸ ਦਾ ਸਕੱਤਰ ਬਲਵਿੰਦਰ ਸਿੰਘ ਮਾਵੀ ਪੱਤਰਕਾਰਾਂ ਨਾਲ ਗੱਲਬਾਤ ਕਰਦਾ ਹੋਇਆ
ਫ਼ਤਹਿਗੜ੍ਹ ਸਾਹਿਬ, 16 ਅਗਸਤ (ਦੀਦਾਰ ਗੁਰਨਾ )-72ਵੇਂ ਆਜ਼ਾਦੀ ਸਮਾਗਮ ਦੌਰਾਨ ਮਾਤਾ ਗੁਜਰੀ ਕਾਲਜ ਫ਼ਤਹਿਗੜ੍ਹ ਸਾਹਿਬ ਦੇ ਸਟੇਡੀਅਮ ਵਿਖੇ ਵਧੀਕ ਡਿਪਟੀ ਕਮਿਸ਼ਨਰ ਵਲੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੂਬਾ ਸਕੱਤਰ ਬਲਵਿੰਦਰ ਸਿੰਘ ਮਾਵੀ ਨੂੰ ਕੁਰਸੀ 'ਤੇ ਬੈਠਣ ਤੋਂ ਕਥਿਤ ਰੂਪ ਵਿਚ ਰੋਕਣ ਤੇ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਜਿਸ ਕਾਰਨ ਸ੍ਰੀ ਮਾਵੀ ਨਿਰਾਸ਼ ਹੋ ਕੇ ਸਮਾਗਮ ਵਿਚੋਂ ਵਾਪਸ ਆ ਗਿਆ। ਬਾਅਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਮਾਵੀ ਨੇ ਦੱਸਿਆ ਕਿ ਉਸ ਨੂੰ ਆਜ਼ਾਦੀ ਸਮਾਗਮ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਬਕਾਇਦਾ ਸੱਦਾ ਪੱਤਰ ਭੇਜਿਆ ਗਿਆ ਸੀ, ਜਦੋਂ ਉਹ ਸਟੇਜ ਉੱਪਰ ਗਿਆ ਤਾਂ ਦੂਸਰੀ ਕਤਾਰ ਦੀਆਂ ਕੁਰਸੀਆਂ ਉੱਪਰ ਪਟਵਾਰੀ ਬੈਠੇ ਸਨ ਅਤੇ ਉਹ ਵੀ ਇਕ ਕੁਰਸੀ ਉੱਪਰ ਬੈਠ ਗਿਆ ਤਾਂ ਉਸ ਪਾਸ ਤਹਿਸੀਲਦਾਰ ਆਇਆ ਅਤੇ ਇਸ ਕੁਰਸੀ ਤੋਂ ਉੱਠ ਕੇ ਪਿਛਲੀਆਂ ਕੁਰਸੀਆਂ ਉੱਪਰ ਬੈਠਣ ਲਈ ਕਿਹਾ। ਕਾਰਨ ਪੁੱਛਣ 'ਤੇ ਉਸ ਨੇ ਕਿਹਾ ਕਿ ਦੂਸਰੀ ਕਤਾਰ ਵਾਲੀਆਂ ਕੁਰਸੀਆਂ ਵੀ.ਆਈ.ਪੀ. ਲੋਕਾਂ ਲਈ ਹਨ। ਸ੍ਰ. ਮਾਵੀ ਵਲੋਂ ਆਪਣਾ ਅਹੁਦਾ ਦੱਸਣ 'ਤੇ ਉਹ ਵਾਪਸ ਚਲਿਆ ਗਿਆ ਤਾਂ ਕੁਝ ਦੇਰ ਬਾਅਦ ਵਧੀਕ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਉਨ੍ਹਾਂ ਕੋਲ ਆਏ ਅਤੇ ਕਥਿਤ ਰੂਪ ਵਿਚ ਬਦਸਲੂਕੀ ਕਰਦੇ ਹੋਏ ਉਸ ਨੂੰ ਇਸ ਕੁਰਸੀ ਤੋਂ ਉੱਠਣ ਦਾ ਆਦੇਸ਼ ਦਿੱਤਾ। ਉਸ ਨੇ ਦੱਸਿਆ ਕਿ ਉਸ ਦੀ ਵਧੀਕ ਡਿਪਟੀ ਕਮਿਸ਼ਨਰ ਨਾਲ ਕੁਝ ਕਥਿਤ ਰੂਪ ਵਿਚ ਨੋਕ ਝੋਕ ਵੀ ਹੋਈ ਪ੍ਰੰਤੂ ਉਹ ਸਮਾਗਮ ਵਿਚੋਂ ਨਿਰਾਸ਼ ਹੋ ਕੇ ਵਾਪਸ ਆ ਗਿਆ। ਉਸ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵਲੋਂ ਵੀ.ਆਈ.ਪੀ. ਕਲਚਰ ਖ਼ਤਮ ਕੀਤਾ ਗਿਆ ਹੈ ਪਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੁਰਸੀਆਂ 'ਤੇ ਵੀ.ਆਈ.ਪੀ. ਦੇ ਸਟਿੱਕਰ ਲਗਾ ਕੇ ਸੂਬਾ ਸਰਕਾਰ ਦੀ ਕਥਿਤ ਬਦਨਾਮੀ ਕਰਵਾਈ ਗਈ। ਉਸ ਨੇ ਦੋਸ਼ ਲਾਇਆ ਕਿ 26 ਜਨਵਰੀ ਸਮਾਗਮ ਦੌਰਾਨ ਵੀ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਸੀਨੀਅਰ ਕਾਂਗਰਸੀਆਂ ਨਾਲ ਇਸ ਤਰ੍ਹਾਂ ਦਾ ਹੀ ਵਿਵਹਾਰ ਕੀਤਾ ਗਿਆ ਸੀ। ਉਸ ਨੇ ਕਿਹਾ ਕਿ ਉਹ ਇਹ ਮਾਮਲਾ ਲਿਖਤੀ ਰੂਪ ਵਿਚ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧਿਆਨ ਵਿਚ ਲਿਆਉਣਗੇ। ਇਸ ਸਬੰਧੀ ਜਦੋਂ ਵਧੀਕ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਬਲਵਿੰਦਰ ਸਿੰਘ ਮਾਵੀ ਨੂੰ ਨਹੀਂ ਜਾਣਦੇ ਅਤੇ ਜੋ ਇਲਜ਼ਾਮ ਲਗਾਏ ਜਾ ਰਹੇ ਹਨ ਉਸ ਵਿਚ ਕੋਈ ਸਚਾਈ ਨਹੀਂ। ਇਸ ਸਬੰਧੀ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਨੂੰ ਪੁੱਛਣ 'ਤੇ ਉਨ੍ਹਾਂ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਨਹੀਂ ਹੈ, ਜੇਕਰ ਮਾਮਲਾ ਧਿਆਨ ਵਿਚ ਆਇਆ ਤਾਂ ਉਹ ਮਾਮਲੇ ਦੀ ਜਾਂਚ ਕਰਨਗੇ।